ਬੀ. ਐਲ. ਐਮ ਗਰਲਜ਼ ਕਾਲਜ ਨੂੰ ਮਿਲਿਆ ਜ਼ਿਲਾ ਗ੍ਰੀਨ ਚੈਂਪੀਅਨ ਪੁਰਸਕਾਰ

*ਡਿਪਟੀ ਕਮਿਸ਼ਨਰ ਨੇ ਆਨਲਾਈਨ ਐਵਾਰਡ ਸਮਾਰੋਹ ਤੇ ਵਰਕਸ਼ਾਪ ਦੌਰਾਨ ਕਾਲਜ ਨੂੰ ਸਰਟੀਫਿਕੇਟ ਕੀਤਾ ਭੇਟ
ਨਵਾਂਸ਼ਹਿਰ, 27 ਜੁਲਾਈ :-  ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਸਿੱਖਿਆ ਪ੍ਰੀਸ਼ਦ, ਉੱਚ ਸਿੱਖਿਆ ਵਿਭਾਗ, ਭਾਰਤ ਸਰਕਾਰ ਵੱਲੋਂ ਬੀ. ਐਲ. ਐਮ ਗਰਲਜ਼ ਕਾਲਜ, ਨਵਾਂਸ਼ਹਿਰ ਨੂੰ ਸਵੱਛਤਾ ਲਈ ਜ਼ਿਲਾ ਗ੍ਰੀਨ ਚੈਂਪੀਅਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਸਬੰਧੀ ਹੋਏ ਆਨਲਾਈਨ ਐਵਾਰਡ ਸਮਾਰੋਹ ਅਤੇ ਵਰਕਸ਼ਾਪ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਕਾਲਜ ਦੇ ਪਿ੍ਰੰਸੀਪਲ ਤਰਨਪ੍ਰੀਤ ਕੌਰ ਨੂੰ ਸਰਟੀਫਿਕੇਟ ਭੇਟ ਕੀਤਾ। ਉਨਾਂ ਇਸ ਮਾਣਮੱਤੀ ਪ੍ਰਾਪਤੀ ਲਈ ਕਾਲਜ ਪ੍ਰਬੰਧਨ, ਪਿ੍ਰੰਸੀਪਲ ਅਤੇ ਸਮੁੱਚੇ ਸਟਾਫ ਨੂੰ ਵਧਾਈ ਦਿੱਤੀ। ਉਨਾਂ ਕਿਹਾ ਕਿ ਕਾਲਜ ਦੀ ਇਸ ਪ੍ਰਾਪਤੀ ਨਾਲ ਜ਼ਿਲੇ ਦੇ ਹੋਰਨਾਂ ਕਾਲਜਾਂ ਨੂੰ ਵੀ ਪ੍ਰੇਰਣਾ ਮਿਲੇਗੀ। ਇਸ ਮੌਕੇ ਪਿ੍ਰੰਸੀਪਲ ਤਰਨਪ੍ਰੀਤ ਕੌਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਰਹਿਨੁਮਾਈ ਹੇਠ ਕਾਲਜ ਨੂੰ ਇਹ ਸਨਮਾਨ ਸਵੱਛਤਾ ਦੇ ਖੇਤਰ ਵਿਚ ਬਿਹਤਰੀਨ ਕਾਰਗੁਜ਼ਾਰੀ ਸਦਕਾ ਹਾਸਲ ਹੋਇਆ ਹੈ, ਜਿਸ ਵਿਚ ਸਵੱਛਤਾ ਐਕਸ਼ਨ ਪਲਾਨ ਕਮੇਟੀ ਦਾ ਗਠਨ ਕਰਨਾ, ਸੈਨੀਟੇਸ਼ਨ ਨੂੰ ਸਰਬੋਤਮ ਢੰਗ ਨਾਲ ਅਪਨਾਉਣਾ ਤੇ ਲਾਗੂ ਕਰਨਾ, ਸਫ਼ਾਈ, ਕਚਰਾ ਪ੍ਰਬੰਧਨ, ਜਲ ਪ੍ਰਬੰਧਨ, ਊਰਜਾ ਪ੍ਰਬੰਧਨ ਅਤੇ ਹਰਿਆਵਲ ਪ੍ਰਬੰਧਨ ਆਦਿ ਸ਼ਾਮਲ ਹੈ। ਉਨਾਂ ਦੱਸਿਆ ਕਿ ਇਹ ਆਨਲਾਈਨ ਸਨਮਾਨ ਸਮਾਰੋਹ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਸਿੱਖਿਆ ਪ੍ਰੀਸ਼ਦ ਦੇ ਚੇਅਰਮੈਨ ਡਾ. ਡਬਲਿਊ. ਜੀ ਪ੍ਰਸੰਨਾ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਫੈਕਲਟੀ ਡਾ. ਪ੍ਰੀਆਵਰਤ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿਚ ਸ੍ਰੀ ਗੌਰਵ ਅਤੇ ਡਾ. ਰਣਵੀਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਉਨਾਂ ਦੱਸਿਆ ਕਿ ਕਾਲਜ ਨੂੰ ਇਹ ਸਨਮਾਨ ਦਿਵਾਉਣ ਵਿਚ ਜਿਥੇ ਸਮੁੱਚੇ ਸਟਾਫ ਨੇ ਦਿਨ-ਰਾਤ ਮਿਹਨਤ ਕੀਤੀ ਹੈ, ਉਥੇ ਮੈਡਮ ਸੋਨੀਆ ਅੰਗਰੀਸ਼ ਅਤੇ ਮੈਡਮ ਆਸਥਾ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। 
ਕੈਪਸ਼ਨ :- ਬੀ. ਐਲ. ਐਮ ਗਰਲਜ਼ ਕਾਲਜ ਦੇ ਪਿ੍ਰੰਸੀਪਲ ਤਰਨਪ੍ਰੀਤ ਕੌਰ ਨੂੰ 'ਜ਼ਿਲਾ ਗ੍ਰੀਨ ਚੈਂਪੀਅਨ' ਦਾ ਸਰਟੀਫਿਕੇਟ ਭੇਟ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ।