ਨਵਾਂਸ਼ਹਿਰ, 21 ਜੁਲਾਈ : ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਪੰਜਾਬ ਦੇ ਨੌਜਵਾਨ ਲੜਕੇ-ਲੜਕੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਾਟਾ ਸਾਇੰਸ ਦਾ ਮੁਫ਼ਤ ਆਨਲਾਈਨ ਕੋਰਸ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਸੰਜੀਵ ਕੁਮਾਰ ਨੇ ਦੱਸਿਆ ਕਿ ਇਹ ਕੋਰਸ ਆਈ. ਟੀ. ਆਈ ਰੂਪਨਗਰ ਵੱਲੋਂ ਕਰਵਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਕੋਰਸ ਦੇ ਦੋ ਮਡਿਊਲ ਹੋਣਗੇ, ਜਿਨਾਂ ਵਿਚੋਂ ਪਹਿਲਾ ਮਡਿਊਲ ਚਾਰ ਹਫ਼ਤਿਆਂ ਦਾ ਹੋਵੇਗਾ ਅਤੇ ਦੂਜਾ ਮਡਿਊਲ 12 ਹਫ਼ਤਿਆਂ ਦਾ ਹੋਵੇਗਾ। ਉਨਾਂ ਦੱਸਿਆ ਕਿ ਕੋਰਸ ਲਈ ਉਮੀਦਵਾਰ ਨੇ ਬਾਰਵੀਂ ਜਮਾਤ ਹਿਸਾਬ ਵਿਸ਼ੇ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਵਿੱਦਿਅਕ ਯੋਗਤਾ ਪੂਰੀ ਕਰਦੇ ਜਿਹੜੇ ਨੌਜਵਾਨ ਇਹ ਕੋਰਸ ਕਰਨ ਦੇ ਚਾਹਵਾਨ ਹਨ, ਉਹ ਜ਼ਿਲਾ ਰੋਜ਼ਗਾਰ ਦਫ਼ਤਰ ਦੇ ਕੈਰੀਅਰ ਕਾਊਂਸਲਰ ਹਰਮਨਦੀਪ ਸਿੰਘ ਨਾਲ ਚੰਡੀਗੜ ਰੋਡ 'ਤੇ ਸਥਿਤ ਡੀ. ਸੀ ਕੰਪਲੈਕਸ ਦੀ ਤੀਜੀ ਮੰਜ਼ਿਲ 'ਤੇ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਸੰਪਰਕ ਕਰ ਸਕਦੇ ਹਨ।