ਪਟਿਆਲਾ 24 ਜੁਲਾਈ: - ਸਕੂਲ ਸਿੱਖਿਆ ਵਿਭਾਗ ਵੱਲੋਂ ਮਾਪਿਆਂ ਤੇ ਵਿਦਿਆਰਥੀਆਂ 'ਚ ਮੁੜ ਵਿੱਦਿਅਕ ਗਤੀਵਿਧੀਆਂ ਪ੍ਰਤੀ ਉਤਸ਼ਾਹ ਭਰਨ ਲਈ 26 ਤੇ 27 ਜੁਲਾਈ ਨੂੰ ਸੈਕੰਡਰੀ ਵਿੰਗ (ਛੇਵੀਂ ਤੋਂ ਬਾਰਵੀਂ ਜਮਾਤ) ਦੀਆਂ ਮਾਪੇ-ਅਧਿਆਪਕ ਮਿਲਣੀਆਂ ਕਰਵਾਈਆਂ ਜਾ ਰਹੀਆਂ ਹਨ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ 'ਚ ਹੋਣ ਵਾਲੀਆਂ ਇਨ੍ਹਾਂ ਮਿਲਣੀਆਂ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਹਰਿੰਦਰ ਕੌਰ ਤੇ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਮਿਲਣੀਆਂ ਦਾ ਮੁੱਖ ਮਨੋਰਥ ਸਕੂਲ ਖੁੱਲ੍ਹਣ ਦੀ ਸ਼ੁਰੂਆਤ ਮੌਕੇ ਮੁੜ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ 'ਚ ਉਤਸ਼ਾਹ ਪੈਦਾ ਕਰਨਾ ਤੇ ਤਾਲਮੇਲ ਬਿਠਾਉਣਾ ਹੈ। ਜਿਸ ਸਦਕਾ ਕਰੋਨਾ ਸੰਕਟ ਦੌਰਾਨ ਪੜ੍ਹਾਈ 'ਚ ਪਿਆ ਖੱਪਾ ਪੂਰਿਆ ਜਾ ਸਕੇ। ਇਸ ਦੇ ਨਾਲ ਹੀ ਸਕੂਲ ਖੁੱਲ੍ਹਣ ਦੇ ਪਹਿਲੇ ਪੜਾਅ ਤਹਿਤ ਦਸਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲ 'ਚ ਦਾਖਲ ਹੋਣ ਮੌਕੇ ਮਾਸਕ ਲਗਾਉਣ ਤੇ ਸੈਨੇਟਾਈਜ਼ ਕਰਨ ਸਬੰਧੀ ਮਾਪਿਆਂ ਤੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਜਾਰੀ ਨਿਯਮਾਵਲੀ ਸਬੰਧੀ ਜਾਣੂ ਕਰਵਾਇਆ ਜਾਵੇਗਾ। ਵਿਦਿਆਰਥੀਆਂ ਨੂੰ ਸਕੂਲਾਂ 'ਚ ਕੋਵਿਡ-19 ਸਬੰਧੀ ਸਾਵਧਾਨੀਆਂ ਵਰਤਣ ਲਈ ਵਿਸ਼ੇਸ਼ ਤੌਰ 'ਤੇ ਜਾਣਕਾਰੀ ਦਿੱਤੀ ਜਾਵੇਗੀ। ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਮਿਲਣੀਆਂ ਦੌਰਾਨ ਦੇਸ਼ ਭਰ ਦੇ ਸਕੂਲਾਂ ਦੀ ਵਿੱਦਿਅਕ ਗੁਣਵੱਤਾ ਦਾ ਪੱਧਰ ਮਾਪਣ ਲਈ ਨਵੰਬਰ ਮਹੀਨੇ 'ਚ ਕਰਵਾਏ ਜਾਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇ ਦੀਆਂ ਤਿਆਰੀਆਂ ਸਬੰਧੀ ਮਾਪਿਆਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜੁਲਾਈ ਪ੍ਰੀਖਿਆਵਾਂ ਦੇ ਮੁਲਾਂਕਣ ਸਬੰਧੀ ਵੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਉਕਤ ਅਧਿਕਾਰੀਆਂ ਅਨੁਸਾਰ ਮਾਪਿਆਂ ਨੂੰ ਸਿੱਖਿਆ ਦੇ ਖੇਤਰ 'ਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅੱਵਲ ਸਥਾਨ 'ਤੇ ਆਉਣ ਸਬੰਧੀ ਵਿਸਥਾਰ 'ਚ ਚਾਨਣਾ ਪਾਇਆ ਜਾਵੇਗਾ। ਦੱਸਣਯੋਗ ਹੈ ਕਿ ਮਾਪੇ-ਅਧਿਆਪਕ ਮਿਲਣੀਆਂ 'ਚ ਮਾਪੇ ਆਨਲਾਈਨ ਤੇ ਆਫ਼ਲਾਈਨ ਕਿਸੇ ਵੀ ਰੂਪ 'ਚ ਰਾਬਤਾ ਬਣਾ ਸਕਦੇ ਹਨ।