ਮਜਦੂਰ ਜਥੇਬੰਦੀਆਂ ਵਲੋਂ ਨਵਾਂਸ਼ਹਿਰ ਦੇ ਵਿਧਾਇਕ ਦੀ ਕੋਠੀ ਅੱਗੇ ਧਰਨਾ

ਨਵਾਂਸ਼ਹਿਰ 27 ਜੁਲਾਈ (ਵਿਸ਼ੇਸ਼ ਪ੍ਰਤੀਨਿਧੀ) ਅੱਜ ਪੇਂਡੂ ਅਤੇ ਖੇਤ ਮਜਦੂਰਾਂ ਦੀਆਂ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਮਜਦੂਰਾਂ ਦੀਆਂ ਮੰਗਾਂ ਨੂੰ ਲੈਕੇ ਹਲਕਾ ਨਵਾਂਸ਼ਹਿਰ ਦੇ ਕਾਂਗਰਸੀ ਵਿਧਾਇਕ ਅੰਗਦ ਸਿੰਘ ਦੀ ਕੋਠੀ ਅੱਗੇ ਧਰਨਾ ਲਾਕੇ ਮੰਗ ਪੱਤਰ ਦਿੱਤਾ ਗਿਆ। ਪਹਿਲਾਂ ਮਜਦੂਰ ਪਿੰਡ ਸਲੋਹ ਦੇ ਗੁਰਦੁਆਰਾ ਵਿਖੇ ਇਕੱਠੇ ਹੋਏ ਜਿਸ ਉਪਰੰਤ ਮੁਜਾਹਰਾ ਕਰਕੇ ਵਿਧਾਇਕ ਦੀ ਕੋਠੀ ਅੱਗੇ ਪਹੁੰਚੇ। ਇਸ ਮੌਕੇ ਪੇਂਡੂ ਮਜਦੂਰ ਯੂਨੀਅਨ ਦੇ ਸੂਬਾਈ ਆਗੂ ਕਮਲਜੀਤ ਸਨਾਵਾ, ਹਰੀ ਰਾਮ ਰਸੂਲਪੁਰੀ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਮੁਕੰਦ ਲਾਲ, ਦਿਹਾਤੀ ਮਜਦੂਰ ਸਭਾ ਦੇ ਆਗੂ ਹਰਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਵਿਧਾਨ ਸਭਾ ਦੀਆਂ ਚੋਣਾਂ ਵਿਚ ਜਿੰਨੇ ਵਾਅਦੇ ਮਜਦੂਰਾਂ ਨਾਲ ਕੀਤੇ ਸਨ ਉਹਨਾਂ ਵਿਚੋਂ ਇਕ ਵੀ ਪੂਰਾ ਨਹੀਂ ਕੀਤਾ। ਸਰਕਾਰ ਨੇ ਮਜਦੂਰਾਂ ਨੂੰ ਸਿਰਫ ਲਾਰਿਆਂ ਵਿਚ ਹੀ ਰੱਖਿਆ ਹੈ। ਪਿਛਲੇ ਸਮੇਂ ਵਿਚ ਮਜਦੂਰਾਂ ਦੇ ਸੁਸਾਇਟੀਆਂ ਦੇ ਕਰਜੇ ਮੁਆਫ਼ੀ ਦਾ ਨੋਟੀਫਿਕੇਸ਼ਨ ਤਾਂ ਜਾਰੀ ਕਰ ਦਿੱਤਾ ਪਰ ਕਰਜਿਆਂ  ਉੱਤੇ ਲਕੀਰ ਨਹੀਂ ਮਾਰੀ।ਸਰਕਾਰ ਦੇ ਵਾਅਦੇ ਅਨੁਸਾਰ ਨਾ ਹੀ ਮਜਦੂਰਾਂ ਨੂੰ ਰਿਹਾਇਸ਼ੀ ਪਲਾਟ ਹੀ ਮਿਲੇ।ਇਸ ਮੌਕੇ ਵਿਧਾਇਕ ਨੂੰ ਯਾਦ ਪੱਤਰ ਦੇਕੇ ਮਜਦੂਰਾਂ ਦੇ ਸੁਸਾਇਟੀਆਂ ਦੇ ਕਰਜੇ ਦੀ ਮੁਆਫ਼ੀ,10-10ਮਰਲੇ ਦੇ ਰਿਹਾਇਸ਼ੀ ਪਲਾਟ, ਮਗਨਰੇਗਾ ਕਾਮਿਆਂ ਦੀ ਦਿਹਾੜੀ 600 ਰੁਪਏ ਕਰਨ ਅਤੇ ਸਾਲ ਵਿਚ 200 ਦਿਨ ਦਾ ਕੰਮ ਦੇਣ,ਸਾਰੇ ਲੋੜਵੰਦਾਂ ਦੇ ਨੀਲੇ ਕਾਰਡ ਬਣਾਉਣ ਦੀ ਮੰਗ ਕੀਤੀ। ਵਿਧਾਇਕ ਨੇ ਮਜਦੂਰਾਂ ਦੀਆਂ ਮੰਗਾਂ ਉੱਤੇ ਗੌਰ ਕਰਨ ਦਾ ਭਰੋਸਾ ਦਿਵਾਇਆ।ਇਸ ਮੌਕੇ ਸੁਰਿੰਦਰ ਸਿੰਘ ਭੱਟੀ, ਪ੍ਰੇਮ ਸਿੰਘ ਸ਼ਹਾਬਪੁਰ, ਤਰਕਸ਼ੀਲ ਸੁਸਾਇਟੀ ਦੇ ਆਗੂ ਸਤਪਾਲ ਸਲੋਹ ਨੇ ਵੀ ਵਿਚਾਰ ਪ੍ਰਗਟ ਕੀਤੇ। ਮਜਦੂਰਾਂ ਨੇ ਡੇਢ ਘੰਟੇ ਬਾਅਦ ਵਿਧਾਇਕ ਦੀ ਕੋਠੀ ਅੱਗਿਓਂ ਧਰਨਾ ਉਸ ਸਮੇਂ ਤੱਕ ਲਾਈ ਰੱਖਿਆ ਜਦੋਂ ਤੱਕ ਵਿਧਾਇਕ ਨੇ ਕੋਠੀ ਤੋਂ ਬਾਹਰ ਆਕੇ ਮਜਦੂਰ ਆਗੂਆਂ ਕੋਲੋਂ ਮੰਗ ਪੱਤਰ ਨਹੀਂ ਲੈ ਲਿਆ। ਇਸ ਧਰਨੇ ਵਿਚ ਔਰਤਾਂ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਈਆਂ।
ਕੈਪਸ਼ਨ :ਨਵਾਂਸ਼ਹਿਰ ਦੇ ਵਿਧਾਇਕ ਦੀ ਕੋਠੀ ਅੱਗੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਮਜਦੂਰ ਆਗੂ।