22 ਜੁਲਾਈ ਨੂੰ ਸੰਸਦ ਅੱਗੇ ਧਰਨੇ ਲਈ ਕਿਰਤੀ ਕਿਸਾਨ ਯੂਨੀਅਨ ਵਲੋਂ ਵਿਚਾਰਾਂ

17 ਜੁਲਾਈ ਨੂੰ ਭਰਵੇਂ ਇਕੱਠ ਕਰਕੇ ਸੰਸਦ ਮੈਂਬਰਾਂ ਨੂੰ ਦਿੱਤੇ ਜਾਣਗੇ ਚਿਤਾਵਨੀ ਪੱਤਰ
ਨਵਾਂਸ਼ਹਿਰ 12 ਜੁਲਾਈ () ਅੱਜ ਨਵਾਂਸ਼ਹਿਰ ਵਿਖੇ ਕਿਰਤੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਦੀ ਹੋਈ ਮੀਟਿੰਗ ਵਿਚ ਅਹਿਮ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਯੂਨੀਅਨ ਦੇ ਸੂਬਾ ਸਕੱਤਰ ਸਤਵੀਰ ਸਿੰਘ ਨੇ ਦੱਸਿਆ ਕਿ ਮੀਟਿੰਗ ਵਿਚ ਸੰਸਦ ਦੇ ਮੌਨਸੂਨ ਸੈਸ਼ਨ ਵਿਚ 22 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਸੰਸਦ ਅੱਗੇ ਧਰਨਾ ਦੇਣ ਦੇ ਦਿੱਤੇ ਸੱਦੇ ਵਿਚ ਸ਼ਮੂਲੀਅਤ ਕਰਨ ਲਈ ਯੋਜਨਾਬੰਦੀ ਕੀਤੀ ਗਈ।ਉਹਨਾਂ ਕਿਹਾ ਕਿ 17 ਜੁਲਾਈ ਨੂੰ ਸੰਯੁਕਤ ਮੋਰਚੇ ਵਲੋਂ ਸੰਸਦ ਮੈਂਬਰਾਂ ਨੂੰ ਚੇਤਾਵਨੀ ਪੱਤਰ ਦੇਣ ਸਮੇਂ ਉਹਨਾਂ ਦੀ ਜਥੇਬੰਦੀ ਭਰਵੀਂ ਸ਼ਮੂਲੀਅਤ ਕਰੇਗੀ।ਜਿਹਨਾਂ ਦੀ ਤਿਆਰੀ ਜੋਰਾਂ ਉੱਤੇ ਚੱਲ ਰਹੀ ਹੈ।ਉਹਨਾਂ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਵਲੋਂ ਦਿੱਲੀ ਦੇ ਕਿਸਾਨ ਮੋਰਚਿਆਂ ਵਿਚ ਕਿਸਾਨਾਂ ਦੀ ਭਰਵੀਂ ਸ਼ਮੂਲੀਅਤ ਲਈ ਰੈਲੀਆਂ ਅਤੇ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕੀਤਾ ਜਾਵੇਗਾ। ਮੀਟਿੰਗ ਵਿਚ ਇਹ ਵੀ ਵਿਚਾਰ ਕੀਤਾ ਗਿਆ ਕਿ ਮੋਦੀ ਸਰਕਾਰ ਫਾਸ਼ੀਵਾਦੀ ਸਰਕਾਰ ਹੈਅਤੇ ਇਹ ਸਰਕਾਰ ਉਹਨਾਂ ਤਿੰਨ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਲਈ ਜਿਦ ਕਰ ਰਹੀ ਹੈ ਜੋ ਕਿਸਾਨੀ ਨੂੰ ਬਰਬਾਦ ਕਰਨ ਵਾਲੇ ਹਨ ਪਰ ਸੰਘਰਸ਼ਸ਼ੀਲ ਕਿਸਾਨ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਦਮ ਲੈਣਗੇ। ਅੱਜ ਦੀ ਮੀਟਿੰਗ ਵਿਚ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ,ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਜਤਿੰਦਰ ਸਿੰਘ ਛੀਨਾ, ਸੁਰਿੰਦਰ ਸਿੰਘ ਬੈਂਸ, ਰਮਿੰਦਰ ਪਟਿਆਲਾ, ਸੰਤੋਖ ਸਿੰਘ ਸੰਧੂ, ਜਸਵਿੰਦਰ ਕਿਵੇਲਵਾਲੀ,ਭੁਪਿੰਦਰ ਵੜੈਚ, ਅਮਰਜੀਤ ਹਨੀ, ਤ੍ਰਿਲੋਕ ਸਿੰਘ ਅਤੇ ਭੁਪਿੰਦਰ ਲੌਂਗੋਵਾਲ ਸ਼ਾਮਲ ਹੋਏ।
ਕੈਪਸ਼ਨ: ਕਿਰਤੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਮੀਟਿੰਗ ਸਮੇਂ।