ਮੱਛੀ ਪਾਲਣ ਦੇ ਖੇਤਰ ਵਿਚ ਨੀਲੀ ਕ੍ਰਾਂਤੀ ਵੱਲ ਵੱਧ ਰਿਹੈ ਪੰਜਾਬ-ਡਾਇਰੈਕਟਰ ਮੱਛੀ ਪਾਲਣ

ਮੱਛੀ ਪੂੰਗ ਫਾਰਮ ਢੰਡੂਆ ਵਿਖੇ ਮਨਾਇਆ ਕੌਮੀ ਮੱਛੀ ਕਿਸਾਨ ਦਿਵਸ
ਨਵਾਂਸ਼ਹਿਰ, 11 ਜੁਲਾਈ :- ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ, ਪੰਜਾਬ ਡਾ. ਮਦਨ ਮੋਹਨ ਦੀ ਅਗਵਾਈ ਹੇਠ ਮੱਛੀ ਪੂੰਗ ਫਾਰਮ ਢੰਡੂਆ, ਸ਼ਹੀਦ ਭਗਤ ਸਿੰਘ ਨਗਰ ਵਿਖੇ ਡਾ. ਹੀਰਾ ਲਾਲ ਚੌਧਰੀ ਅਤੇ ਡਾ. ਅਲੀਕੁੰਨੀ ਵੱਲੋਂ ਪੇਸ਼ ਕੀਤੀ ਬਰੀਡਿੰਗ ਵਿਧੀ ਰਾਹੀਂ ਮੱਛੀ ਪੂੰਗ ਦੀ ਵੱਧ ਪੈਦਾਵਾਰ ਕਰਨ ਦੀ ਖੋਜ ਨੂੰ ਮੁੱਖ ਰੱਖਦਿਆਂ ਕੌਮੀ ਮੱਛੀ ਕਿਸਾਨ ਦਿਵਸ ਮਨਾਇਆ ਗਿਆ। ਇਸ ਮੌਕੇ ਪਿੰਡ ਢੰਡੂਆ ਦੇ ਸਰਪੰਚ ਬਲਬੀਰ ਕੌਰ ਸਮੇਤ ਨਵਾਂਸ਼ਹਿਰ ਦੇ 35 ਮੱਛੀ ਫਾਰਮਰਾਂ ਨੇ ਸ਼ਿਰਕਤ ਕੀਤੀ। 
   ਇਸ ਮੌਕੇ ਮੁੱਖ ਮਹਿਮਾਨ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਵਿਭਾਗ, ਪੰਜਾਬ ਡਾ. ਮਦਨ ਮੋਹਨ ਨੇ ਹਾਜ਼ਰ ਮੱਛੀ ਫਾਰਮਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਮੱਛੀ ਪਾਲਣ ਦੇ ਖੇਤਰ ਵਿਚ ਨੀਲੀ ਕ੍ਰਾਂਤੀ ਵੱਲ ਵੱਧ ਰਿਹਾ ਹੈ। ਉਨਾਂ ਕਿਹਾ ਕਿ ਇਸ ਧੰਦੇ ਨੂੰ ਸ਼ੁਰੂ ਕਰਨ ਲਈ ਸਰਕਾਰ ਦੁਆਰਾ ਕੌਮੀ ਮੱਛੀ ਪਾਲਣ ਵਿਕਾਸ ਬੋਰਡ ਰਾਹੀਂ ਮੱਛੀ ਧੰਦਾ ਅਪਣਾਉਣ ਵਾਲੇ ਮੱਛੀ ਕਿਸਾਨਾਂ ਨੂੰ ਸਬਸਿਡੀ ਦੇ ਰੂਪ ਵਿਚ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪੰਜ ਸਾਲਾਂ ਦੌਰਾਨ 2020-21 ਤੋਂ 2024-25 ਤੱਕ ਮੱਛੀ ਪਾਲਣ ਦਾ ਧੰਦਾ ਅਪਣਾਉਣ ਵਾਲੇ ਮੱਛੀ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਲਈ ਇਕ ਸਕੀਮ 'ਪ੍ਰਧਾਨ ਮੰਤਰੀ ਮਤੱਸਿਆ ਸੰਪਰਦਾ ਯੋਜਨਾ' ਉਲੀਕੀ ਗਈ ਹੈ। ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਘੱਟ ਜ਼ਮੀਨ ਵਿਚ ਮੱਛੀ ਪਾਲਣ ਦੇ ਕਿੱਤੇ ਨੂੰ ਅਪਣਾਉਣ ਲਈ ਨਵੀਂ ਤਕਨਾਲੋਜੀ, ਜਿਵੇਂ ਆਰ. ਏ. ਐਸ (ਰੀਸਰਕੂਲੇਟਰੀ ਐਕੂਆਕਲਚਰ ਸਿਸਟਮ) ਅਤੇ ਬਾਇਓਫਲਾਕ ਰਾਹੀਂ ਮੱਛੀ ਦੀ ਵੱਧ ਪੈਦਾਵਾਰ ਕਰਕੇ ਮੱਛੀ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨਾ ਹੈ। ਉਨ ਕਿਹਾ ਕਿ ਇਸ ਸਕੀਮ ਰਾਹੀਂ ਛੋਟੇ ਅਤੇ ਦਰਮਿਆਨੇ ਮੱਛੀ ਕਿਸਾਨਾਂ ਨੂੰ ਇਸ ਧੰਦੇ ਨਾਲ ਜੋੜਨਾ ਅਤੇ ਉਨਾਂ ਦੀ ਆਮਦਨ ਵਿਚ ਵਾਧਾ ਕਰਨਾ ਹੈ। ਇਸ ਤੋਂ ਇਲਾਵਾ ਮੱਛੀ ਵਿਕਰੇਤਾਵਾਂ ਅਤੇ ਮੱਛੀ ਫੜਨ ਵਾਲੇ ਫਿਸ਼ਰਮੈਨਾਂ ਦੀ ਸਹੂਲਤ ਲਈ ਵਾਹਨ ਆਦਿ ਸਬਸਿਡੀ ਦੇ ਰੂਪ ਵਿਚ ਦੇਣਾ ਹੈ। ਉਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾ ਤਹਿਤ ਐਸ. ਸੀ ਅਤੇ ਔਰਤ ਲਾਭਪਾਤਰੀਆਂ ਨੂੰ ਸਾਰੀਆਂ ਸਕੀਮਾਂ ਤਹਿਤ ਯੂਨਿਟ ਕੌਸਟ ਦਾ 60 ਫੀਸਦੀ ਅਤੇ ਜਨਰਲ ਲਾਭਪਾਤਰੀਆਂ ਨੂੰ 40 ਫੀਸਦੀ ਸਬਸਿਡੀ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ। ਉਨਾਂ ਹਾਜ਼ਰ ਕਿਸਾਨਾਂ ਨੂੰ ਮੱਛੀ ਦਾ ਧੰਦਾ ਅਪਣਾਉਣ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਲੈਣ ਲਈ ਕਿਹਾ। 
ਸਹਾਇਕ ਪ੍ਰਾਜੈਕਟ ਅਫ਼ਸਰ ਮੱਛੀ ਪਾਲਣ ਢੰਡੂਆ ਭੀਮ ਸੈਨ ਨੇ ਇਸ ਮੌਕੇ ਵਿਭਾਗ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਮੱਛੀ ਪਾਲਣ ਅਫ਼ਸਰ ਮਨਦੀਪ ਸਿੰਘ, ਬਲਕਾਰ ਸਿੰਘ ਮੱਲਾ ਸੋਢੀਆਂ, ਬੂਟਾ ਸਿੰਘ ਟਿਵਾਣਾ ਅਤੇ ਮੱਛੀ ਪੂੰਗ ਫਾਰਮ ਦਾ ਸਮੂਹ ਸਟਾਫ ਹਾਜ਼ਰ ਸੀ।