ਜੰਗਲਾਤ ਮੰਤਰੀ ਧਰਮਸੋਤ ਨੇ ਨਾਭਾ 'ਚ 6.5 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ

ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੱਦ ਦਾ ਹੋਰ ਕੋਈ ਆਗੂ ਨਹੀਂ-ਧਰਮਸੋਤ
ਕੇਜਰੀਵਾਲ ਤੇ ਬਾਦਲ ਕੇਵਲ ਵੋਟਾਂ ਲਈ ਲੋਕਾਂ ਨੂੰ ਗੁੰਮਰਾਹ ਕਰਨ 'ਚ ਲੱਗੇ-ਧਰਮਸੋਤ
ਨਾਭਾ, 12 ਜੁਲਾਈ: - ਪੰਜਾਬ ਦੇ ਜੰਗਲਾਤ, ਸਮਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮਾਮਲਿਆਂ ਦੇ ਵਿਭਾਂਗਾਂ ਦੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਨਾਭਾ ਵਿਖੇ 6.5 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਨੇ ਗਰਿੱਡ ਚੌਂਕ ਵਿਖੇ ਮਲੇਰਕੋਟਲਾ ਰੋਡ ਨੂੰ ਅੱਗੇ ਜੋੜਦੀ ਸੜਕ ਦੇ ਨਿਰਮਾਣ ਕਾਰਜ ਅਤੇ ਗੰਦੇ ਪਾਣੀ ਦੇ ਨਿਕਾਸੀ ਦੇ ਕਾਰਜ ਨੂੰ ਅਗਲੇ ਤਿੰਨ ਮਹੀਨਿਆਂ 'ਚ ਪੂਰਾ ਕੀਤੇ ਜਾਣ ਦੇ ਬਾਬਤ ਦੱਸਦਿਆਂ ਕਿਹਾ ਕਿ ਇਸ ਕੰਮ ਦੇ ਮੁਕੰਮਲ ਹੋਣ ਨਾਲ ਨਾਭਾ ਸ਼ਹਿਰ ਦੇ ਨਾਲ-ਨਾਲ ਨੇੜਲੇ ਪਿੰਡਾਂ ਅਤੇ ਆਮ ਰਾਹਗੀਰਾਂ ਨੂੰ ਵੀ ਵੱਡਾ ਲਾਭ ਮਿਲੇਗਾ।
    ਸ. ਧਰਮਸੋਤ ਨੇ ਕਿਹਾ ਕਿ ਇਸ ਸੜਕ ਦੇ ਨਵ-ਨਿਰਮਾਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 6.5 ਕਰੋੜ ਰੁਪਏ ਜਾਰੀ ਕੀਤੇ ਹਨ, ਜਿਸ ਨਾਲ ਇਲਾਕੇ ਦੇ ਵਸਨੀਕਾਂ ਦੀ ਚਿਰੋਕਣੀ ਮੰਗ ਵੀ ਪੂਰੀ ਹੋਈ ਹੈ। ਇਹ ਸੜਕ ਗਰਿੱਡ ਚੌਂਕ, ਮੜ੍ਹਖਾਨਾ ਚੌਂਕ, ਘੋੜਿਆਂ ਵਾਲਾ ਗੁਰਦੁਆਰਾ ਸਾਹਿਬ, ਬੀੜ ਦੁਸਾਂਝ, ਕੈਂਟ ਰੋਡ ਅਤੇ ਮਲੇਰਕੋਟਲਾ ਰੋਡ ਨੂੰ ਜਾਂਦੀ ਸੜਕ ਨੂੰ ਮਿਲਾਉਣ ਵਾਲੀ ਅਹਿਮ ਸੜਕ ਹੈ।
ਜੰਗਲਾਤ ਮੰਤਰੀ ਨੇ ਕਿਹਾ ਕਿ ਇਸ ਸੜਕ ਦਾ ਕੰਮ ਕੋਵਿਡ ਕਰਕੇ ਦੇਰੀ ਨਾਲ ਸ਼ੁਰੂ ਹੋਇਆ ਹੈ ਪ੍ਰੰਤੂ ਹੁਣ ਇਸ ਨੂੰ 3 ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਸੀਵਰੇਜ ਲਾਈਨਾ ਨਵੀਂਆਂ ਵਿਛਾਈਆਂ ਜਾ ਰਹੀਆਂ ਹਨ ਤਾਂ ਕਿ ਗੰਦੇ ਪਾਣੀ ਦੀ ਨਿਕਾਸੀ ਵੀ ਹੋ ਸਕੇ। ਕੈਬਿਨੇਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਲਾਗੂ ਕਰਕੇ ਦੇਸ਼ ਦੇ ਕਿਸਾਨਾਂ ਨਾਲ ਵੱਡਾ ਧਰੋਹ ਕਮਾਇਆ ਹੈ। ਕਿਸਾਨਾਂ ਵੱਲੋਂ ਬੀ.ਜੇ.ਪੀ. ਆਗੂਆਂ ਦਾ ਵਿਰੋਧ ਕੀਤੇ ਜਾਣ ਬਾਬਤ ਪੁੱਛਣ 'ਤੇ ਸ. ਧਰਮਸੋਤ ਨੇ ਕਿਹਾ ਕਿ ਜਿਹੜੀ ਪਾਰਟੀ ਨੇ ਕਿਸਾਨਾਂ ਨੂੰ ਹਨੇਰੇ ਵਿੱਚ ਧੱਕਿਆ ਹੈ, ਉਸ ਪਾਰਟੀ ਦੇ ਆਗੂ ਵੀ ਕਿਸਾਨਾਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈਕੇ ਪ੍ਰਗਟਾਏ ਜਾ ਰਹੇ ਰੋਸ ਦੇ ਵਿਰੋਧ 'ਚ ਬੋਲਣ ਕਰਕੇ ਹੀ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰ ਰਹੇ ਹਨ।  ਸ. ਧਰਮਸੋਤ ਨੇ ਦੱਸਿਆ ਕਿ ਪੰਜਾਬ 'ਚ ਕੈਪਟਨ ਸਰਕਾਰ ਨੇ ਕਿਸਾਨਾਂ ਦੇ ਧਰਨਿਆਂ ਨੂੰ ਦਿੱਲੀ ਤੱਕ ਪੁੱਜਦਾ ਕਰਨ ਲਈ ਆਪਣੀ ਪੂਰੀ ਹਮਾਇਤ ਦਿੱਤੀ ਅਤੇ ਪੰਜਾਬ ਵਿਧਾਨ ਸਭਾ 'ਚ ਇਹ ਕਾਲੇ ਕਾਨੂੰਨ ਰੱਦ ਕਰਕੇ ਇੱਕ ਮਿਸਾਲ ਪੈਦਾ ਕੀਤੀ। ਇਸ ਤੋਂ ਬਿਨ੍ਹਾਂ ਧਰਨੇ 'ਚ ਮ੍ਰਿਤਕ ਕਿਸਾਨਾਂ ਨੂੰ 5-5 ਲੱਖ ਰੁਪਏ ਸਹਾਇਤਾ ਅਤੇ ਇੱਕ-ਇੱਕ ਯੋਗ ਵਾਰਸ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ, ਜਦੋਂਕਿ ਕੇਜਰੀਵਾਲ ਅਤੇ ਬਾਦਲ ਕੇਵਲ ਵੋਟਾਂ ਨੇੜੇ ਦੇਖ ਕੇ ਹੀ ਲੋਕਾਂ ਨੂੰ ਸਹੂਲਤਾਂ ਦੇਣ ਦੇ ਡਰਾਮੇ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਕੱਦ ਦਾ ਹੋਰ ਕੋਈ ਆਗੂ ਨਹੀਂ ਹੈ। ਇਸ ਮੌਕੇ ਨਗਰ ਕੌਂਸਲ ਨਾਭਾ ਦੇ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸ਼ਹਿਰ 'ਚ 80 ਫੀਸਦੀ ਵਿਕਾਸ ਕਾਰਜ ਪੂਰੇ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਸ. ਧਰਮਸੋਤ ਦੀ ਅਗਵਾਈ ਹੇਠ ਨਾਭਾ 'ਚ ਕੋਈ ਵੀ ਵਿਕਾਸ ਕਾਰਜ ਬਕਾਇਆ ਨਹੀਂ ਰਹਿਣ ਦਿੱਤਾ ਜਾਵੇਗਾ।
ਇਸ ਮੌਕੇ ਮੰਤਰੀ ਦੇ ਸਿਆਸੀ ਸਕੱਤਰ ਚਰਨਜੀਤ ਬਾਤਿਸ਼, ਨਿਜੀ ਸਕੱਤਰ ਕਾਬਲ ਸਿੰਘ, ਚੇਅਰਮੈਨ ਇੱਛਿਆਮਾਨ ਸਿੰਘ ਭੋਜੋਮਾਜਰੀ, ਅਮਰਦੀਪ ਸਿੰਘ ਖੰਨਾ, ਪਰਮਜੀਤ ਸਿੰਘ ਕੱਲਰਮਾਜਰੀ, ਬਲਵਿੰਦਰ ਸਿੰਘ ਬਿੱਟੂ ਢੀਂਗੀ, ਦਲੀਪ ਬਿੱਟੂ, ਰੀਤ ਇਕਬਾਲ ਸਿੰਘ ਮਝੈਲ, ਪ੍ਰਵੀਨ ਮਿੱਤਲ, ਪ੍ਰਿੰਸ ਸ਼ਰਮਾ, ਸਤਪਾਲ ਬਾਤਿਸ਼, ਕਸ਼ਮੀਰ ਲਾਲਕਾ, ਪ੍ਰਵੀਨ ਜਿੰਦਲ, ਵਿਵੇਕ ਸਿੰਗਲਾ, ਸ਼ਾਂਤੀ ਪ੍ਰਸ਼ਾਦ, ਅਸ਼ੋਕ ਕਿੰਗਰ, ਗੌਰਵ ਗਾਬਾ, ਹਰਮੇਸ਼ ਮੇਸ਼ੀ, ਜਸਦੀਪ ਖੰਨਾ ਆਦਿ ਸਮੇਤ ਹੋਰ ਪਤਵੰਤੇ ਮੌਜੂਦ ਸਨ।
ਫੋਟੋ ਕੈਪਸ਼ਨ-ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨਾਭਾ ਵਿਖੇ 6.5 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਂਦੇ ਹੋਏ। ਉਨ੍ਹਾਂ ਦੇ ਨਾਲ ਨਗਰ ਕੌਂਸਲ ਨਾਭਾ ਦੇ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਤੇ ਹੋਰ ਪਤਵੰਤੇ ਵੀ ਨਜ਼ਰ ਆ ਰਹੇ ਹਨ।