ਨਵਾਂਸ਼ਹਿਰ 19 ਜੁਲਾਈ (ਵਿਸ਼ੇਸ਼ ਪ੍ਰਤੀਨਿਧੀ)ਅੱਜ ਕਿਰਤੀ ਕਿਸਾਨ ਯੂਨੀਅਨ ਦਾ ਜਥਾ ਨਵਾਂਸ਼ਹਿਰ ਤੋਂ ਦਿੱਲੀ ਲਈ ਰਵਾਨਾ ਹੋਇਆ।ਇਹ ਜਥਾ ਮਾਸਟਰ ਕੁਲਵੰਤ ਸਿੰਘ ਦੀ ਅਗਵਾਈ ਵਿਚ ਦਿੱਲੀ ਨੂੰ ਗਿਆ।ਇਸ ਮੌਕੇ ਮਾਸਟਰ ਕੁਲਵੰਤ ਸਿੰਘ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਸਬੰਧੀ ਮੋਦੀ ਸਰਕਾਰ ਕਿਸਾਨਾਂ ਨੂੰ ਗੁੰਮਰਾਹ ਕਰਨ ਦੇ ਯਤਨ ਕਰ ਰਹੀ ਹੈ ਪਰ ਦੇਸ਼ ਦਾ ਕਿਸਾਨ ਇਹਨਾਂ ਦੀ ਅਸਲੀਅਤ ਜਾਣ ਚੁੱਕਾ ਹੈ।ਮੋਦੀ ਸਰਕਾਰ ਖੇਤੀਬਾੜੀ ਅਤੇ ਆਮਦਨ ਦੇ ਹੋਰ ਸਰੋਤ ਕਾਰਪੋਰੇਟਰਾਂ ਨੂੰ ਸੌਂਪਣ ਦੇ ਰਾਹ ਚੱਲ ਪਈ ਹੈ।ਇਹ ਗੱਲ ਹੁਣ ਚਿੱਟੇ ਦਿਨ ਵਾਂਗਰ ਸਾਫ ਹੋ ਚੁੱਕੀ ਹੈ ਕਿ ਇਹ ਸਰਕਾਰ ਕਾਰਪੋਰੇਟਰਾਂ ਦੇ ਹਿੱਤ ਪੂਰ ਰਹੀ ਹੈ।ਰੇਲਵੇ, ਏਅਰ ਇੰਡੀਆ, ਬੈਂਕ ਅਤੇ ਹੋਰ ਜਨਤਕ ਅਦਾਰੇ ਦੇਸੀ ਵਿਦੇਸ਼ੀ ਕੰਪਨੀਆਂ ਨੂੰ ਕੌਡੀਆਂ ਦੇ ਭਾਅ ਵੇਚ ਰਹੀ ਹੈ। ਐਫ ਡੀ ਆਈ ਰਾਹੀਂ ਦੇਸ਼ ਦੀ ਸੰਪਤੀ ਸਾਮਰਾਜੀਆਂ ਨੂੰ ਲੁਟਾਈ ਜਾ ਰਹੀ ਹੈ।ਉਹਨਾਂ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਉੱਤੇ ਦੇਸ਼ਧ੍ਰੋਹ ਦੇ ਕੇਸ ਦਰਜ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਭਾਜਪਾ ਨੂੰ ਅਲੋਚਨਾ ਕਰਨ ਵਾਲਾ ਹਰ ਵਿਅਕਤੀ ਦੇਸ਼ਧ੍ਰੋਹੀ ਨਜਰ ਆ ਰਿਹਾ ਹੈ। ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ 22 ਜੁਲਾਈ ਤੋਂ ਸੰਸਦ ਅੱਗੇ ਧਰਨਾ ਦੇਣ ਦੇ ਐਲਾਨ ਤੋਂ ਮੋਦੀ ਸਰਕਾਰ ਬੁਰੀ ਤਰ੍ਹਾਂ ਘਬਰਾਈ ਹੋਈ ਹੈ ਜਿਸ ਕਾਰਨ ਕਿਸਾਨਾਂ ਵਿਰੁੱਧ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਕਿਸਾਨ ਮੋਦੀ ਸਰਕਾਰ ਦੇ ਲੋਕ ਵਿਰੋਧੀ ਸੁਪਨਿਆਂ ਨੂੰ ਮਿੱਟੀ ਵਿਚ ਮਿਲਾਕੇ ਹੀ ਦੰਮ ਲੈਣਗੇ। ਇਸ ਜਥੇ ਨੂੰ ਪਰਮਜੀਤ ਸਿੰਘ ਸ਼ਹਾਬਪੁਰ, ਮੱਖਣ ਸਿੰਘ ਭਾਨਮਜਾਰਾ, ਸਾਧੂ ਸਿੰਘ ਚੂਹੜ ਪੁਰ, ਮਨਜੀਤ ਕੌਰ ਅਲਾਚੌਰ, ਜਗਤਾਰ ਸਿੰਘ ਜਾਡਲਾ, ਪਰਦੀਪ ਸਿੰਘ ਭੂਤਾਂ, ਬਿੱਕਰ ਸਿੰਘ ਸ਼ੇਖੂਪੁਰ, ਜੋਗਾ ਸਿੰਘ ਮਹਿੰਦੀ ਪੁਰ ਅਤੇ ਬਚਿੱਤਰ ਸਿੰਘ ਮਹਿਮੂਦ ਪੁਰ ਨੇ ਰਵਾਨਾ ਕੀਤਾ।ਇਸ ਮੌਕੇ ਕਮਲਜੀਤ ਕੌਰ ਗਿੱਲ ਵਾਸੀ ਭੂਤਾਂ ਨੇ ਯੂਨੀਅਨ ਨੂੰ 10 ਹਜਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ।
ਕੈਪਸ਼ਨ :ਨਵਾਂਸ਼ਹਿਰ ਤੋਂ ਦਿੱਲੀ ਲਈ ਰਵਾਨਾ ਹੁੰਦਾ ਹੋਇਆ ਕਿਰਤੀ ਕਿਸਾਨ ਯੂਨੀਅਨ ਦਾ ਜਥਾ।