ਵਧਦੀ ਆਬਾਦੀ ਸਮਾਜ ਦੀ ਹਰੇਕ ਸਮੱਸਿਆ ਦੀ ਜੜ੍ਹ : ਡਾ ਕੁਲਦੀਪ ਰਾਏ

ਨਵਾਂਸ਼ਹਿਰ, 11 ਜੁਲਾਈ 2021:- ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਅੱਜ ਵਿਸ਼ਵ ਅਬਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਵਿਸ਼ਵ ਅਬਾਦੀ ਦਿਵਸ ਦੇ ਥੀਮ 'ਆਫਤ ਵਿਚ ਵੀ ਪਰਿਵਾਰ ਨਿਯੋਜਨ ਦੀ ਤਿਆਰੀ, ਸਮਰੱਥ ਰਾਸ਼ਟਰ ਅਤੇ ਪਰਿਵਾਰ ਦੀ ਜ਼ਿੰਮੇਵਾਰੀ' ਉੱਤੇ ਕਰਵਾਏ ਗਏ ਪੋਸਟਰ ਮੁਕਾਬਲੇ ਵਿਚ ਸਾਈਂ ਕਾਲਜ ਆਫ ਨਰਸਿੰਗ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ ਅਤੇ ਆਪਣੀ ਪੋਸਟਰ ਬਣਾਉਣ ਦੀ ਵਿਲੱਖਣ ਕਲਾਂ ਨਾਲ ਵਧਦੀ ਆਬਾਦੀ ਦੇ ਮਾੜੇ ਪ੍ਰਭਾਵਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ ਕੁਲਦੀਪ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਵ ਦੀ ਲਗਾਤਾਰ ਵਧ ਰਹੀ ਆਬਾਦੀ ਇਕ ਬਹੁਤ ਵੱਡੀ ਸਮੱਸਿਆ ਹੈ, ਜਿਸ ਦੇ ਆਉਣ ਵਾਲੇ ਸਮੇਂ ਵਿਚ ਬਹੁਤ ਹੀ ਮਾੜੇ ਨਤੀਜੇ ਸਾਹਮਣੇ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਚੰਗੇ ਤੇ ਸਿਹਤਮੰਦ ਸਮਾਜ ਦੇ ਨਿਰਮਾਣ ਲਈ ਆਬਾਦੀ 'ਤੇ ਕਾਬੂ ਪਾਉਣਾ ਬਹੁਤ ਜ਼ਰੂਰੀ ਹੈ ਤੇ ਸਾਨੂੰ ਸਾਰਿਆਂ ਨੂੰ ਇਕੱਠਿਆਂ ਮਿਲ ਕੇ ਵੱਧਦੀ ਹੋਈ ਆਬਾਦੀ ਨੂੰ ਰੋਕਣ ਲਈ ਯਤਨ ਕਰਨੇ ਚਾਹੀਦੇ ਹਨ। ਉਨਾਂ ਕਿਹਾ ਕਿ ਸਾਡੇ ਦੇਸ਼ ਦੀ ਆਬਾਦੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਸਾਡੇ ਦੇਸ਼ ਦੀ ਆਬਾਦੀ ਵੱਧਦੀ ਜਾਵੇਗੀ, ਉਸੇ ਤਰ੍ਹਾਂ ਸਾਡੇ ਕੁਦਰਤੀ ਸੋਮੇ ਪਾਣੀ, ਅਨਾਜ ਅਤੇ ਹੋਰ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਦੀ ਘਾਟ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਵੱਧ ਰਹੀ ਆਬਾਦੀ ਤੇ ਕਾਬੂ ਪਾਉਣ ਲਈ ਲੜਕੇ ਅਤੇ ਲੜਕੀ ਦਾ ਸਹੀ ਉਮਰ ਵਿੱਚ ਵਿਆਹ, ਪਹਿਲਾ ਬੱਚਾ ਦੇਰੀ ਨਾਲ, ਬੱਚਿਆਂ ਵਿੱਚ ਘੱਟੋਂ-ਘੱਟ ਤਿੰਨ ਸਾਲ ਦਾ ਅੰਤਰ ਰੱਖੀਏ। ਲੜਕੇ ਅਤੇ ਲੜਕੀ ਵਿੱਚ ਫਰਕ ਨਾ ਸਮਝ ਕੇ ਸਿਰਫ ਦੋ ਹੀ ਬੱਚਿਆਂ ਨੂੰ ਜਨਮ ਦੇਈਏ ਤਾਂ ਹੀ ਅਸੀਂ ਆਬਾਦੀ ਤੇ ਕੰਟਰੋਲ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਉੱਜਵਲ ਭਵਿੱਖ ਲਈ ਕੇਵਲ ਦੋ ਬੱਚਿਆਂ ਨੂੰ ਹੀ ਜਨਮ ਦੇਣਾ ਚਾਹੀਦਾ ਹੈ। ਇਸ ਦੌਰਾਨ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਰਾਕੇਸ਼ ਚੰਦਰ ਨੇ "ਛੋਟਾ ਪਰਿਵਾਰ ਸੁੱਖੀ ਪਰਿਵਾਰ" ਦੇ ਮਹੱਤਵ ਨੂੰ ਸਮਝਾਉਂਦੇ ਹੋਏ ਦੱਸਿਆ ਕਿ ਵਧਦੀ ਆਬਾਦੀ ਨੂੰ ਠੱਲ੍ਹ ਪਾਉਣ ਲਈ ਸਾਰੇ ਹੀ ਸੰਸਾਰ ਵਿਚ ਵਿਸ਼ਵ ਅਬਾਦੀ ਦਿਵਸ ਮਨਾਇਆ ਜਾਦਾ ਹੈ, ਕਿਉਂਕਿ ਜੇਕਰ ਇਕ ਪਰਿਵਾਰ ਸੀਮਤ ਹੋਵੇਗਾ ਤਾਂ ਉਸ ਪਰਿਵਾਰ ਨੂੰ ਤਰੱਕੀ ਦੇ ਜ਼ਿਆਦਾ ਮੌਕੇ ਮਿਲਣਗੇ ਅਤੇ ਸਮਾਜ ਵਿਚ ਚੰਗਾ ਸਥਾਨ ਵੀ ਪ੍ਰਾਪਤ ਹੋਵੇਗਾ। ਵੱਧਦੀ ਆਬਾਦੀ ਦੇਸ਼ ਦੀ ਸਮੱਸਿਆਂ ਨਹੀਂ ਬਲਕਿ ਸਮਾਜ ਦੀ ਹਰੇਕ ਸਮੱਸਿਆਂ ਦੀ ਜੜ੍ਹ ਹੈ।  ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ ਮਨਦੀਪ ਕਮਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਿਹਤ ਕੇਂਦਰਾਂ ਵਿੱੱਚ ਪਰਿਵਾਰ ਨਿਯੋਜਨ ਦੇ ਵੱਖ-ਵੱਖ ਢੰਗ ਤਰੀਕੇ ਅਤੇ ਸਾਧਨ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਨਸਬੰਦੀ, ਨਲਬੰਦੀ, ਗਰਭ ਰੋਕੂ ਅੰਤਰਾ ਟੀਕਾ, ਛਾਇਆ ਗੋਲੀ, ਕਾਪਰ-ਟੀ, ਪੀ.ਪੀ.ਆਈ.ਯੂ.ਸੀ.ਡੀ, ਓਰਲ ਪਿੱਲਸ ਅਤੇ ਕੰਡੋਮ ਆਦਿ ਅਪਣਾਉਣ ਲਈ ਆਪਣੇ ਨਜ਼ਦੀਕ ਦੇ ਸਿਹਤ ਕੇਂਦਰ ਨਾਲ ਸੰਪਰਕ ਕਰਨ ਲਈ ਕਿਹਾ। ਇਸ ਮੌਕੇ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਜਗਤ ਰਾਮ ਨੇ ਕਿਹਾ ਕਿ ਵਿਸ਼ਵ ਆਬਾਦੀ ਪੰਦਰਵਾੜਾ 11 ਤੋਂ 24 ਜੁਲਾਈ ਤੱਕ ਮਨਾਇਆ ਜਾਵੇਗਾ, ਜਿਸ ਵਿਚ ਨਲਬੰਦੀ ਤੇ ਨਸਬੰਦੀ ਦੇ ਆਪ੍ਰਰੇਸ਼ਨ ਕੀਤੇ ਜਾਣਗੇ। ਉਨ੍ਹਾਂ ਫੀਲਡ ਸਟਾਫ ਨੂੰ ਅਪੀਲ ਕੀਤੀ ਕਿ ਲੋਕਾਂ ਨੂੰ ਪਰਿਵਾਰ ਨਿਯੋਜਨ ਦੇ ਕੱਚੇ ਤੇ ਪੱਕੇ ਸਾਧਨਾਂ ਨੂੰ ਅਪਣਾਉਣ ਸਬੰਧੀ ਪ੍ਰੇਰਿਤ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਈਂ ਕਾਲਜ ਆਫ ਨਰਸਿੰਗ ਦੇ ਅਧਿਆਪਕ, ਐੱਲ.ਐੱਚ.ਵੀ. ਬਲਵਿੰਦਰ ਕੌਰ, ਹਰਜੀਤ ਕੌਰ, ਫਾਰਮੇਸੀ ਅਫ਼ਸਰ ਪਰਮਵੀਰ ਪ੍ਰਿੰਸ, ਏ.ਐੱਨ.ਐੱਮਜ਼ ਆਸ਼ਾ ਵਰਕਰ ਮੌਜੂਦ ਸਨ।