ਪੱਤਰਕਾਰਾਂ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਵਲੋਂ ਪੈਗਾਸਸ ਜਸੂਸੀ ਕਾਂਡ ਵਿਰੁੱਧ ਪ੍ਰਦਰਸ਼ਨ 2 ਅਗਸਤ ਨੂੰ

ਨਵਾਂਸ਼ਹਿਰ 30 ਜੁਲਾਈ :- ਅੱਜ ਇੱਥੇ ਪੱਤਰਕਾਰਾਂ, ਮਨੁੱਖੀ ਅਧਿਕਾਰ ਸੰਗਠਨਾਂ ਦੇ ਆਗੂਆਂ ਅਤੇ ਵਕੀਲਾਂ ਦੇ ਨੁਮਾਇੰਦਿਆਂ ਨੇ ਮੀਟਿੰਗ ਕਰਕੇ 2 ਅਗਸਤ ਨੂੰ ਮੈਗਾਸਸ ਜਸੂਸੀ ਕਾਂਡ ਦੇ ਵਿਰੋਧ ਵਿਚ ਪ੍ਰਦਰਸ਼ਨ ਕਰਕੇ ਭਾਰਤ ਦੇ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਹੈ।ਅੱਜ ਦੀ ਮੀਟਿੰਗ ਵਿਚ ਡੈਮੋਕ੍ਰੇਟਿਕ ਲਾਇਰਜ ਐਸੋਸੀਏਸ਼ਨ ਦੇ ਸੂਬਾਈ ਕਨਵੀਨਰ ਦਲਜੀਤ ਸਿੰਘ ਐਡਵੋਕੇਟ, ਪੱਤਰਕਾਰਾਂ ਦੇ ਨੁਮਾਇੰਦਿਆਂ ਲਾਜਵੰਤ ਸਿੰਘ, ਗੁਰਬਖਸ਼ ਸਿੰਘ ਮਹੇ,ਰਜਿੰਦਰ ਮਹਿਤਾ, ਰਿਸ਼ੀ ਚੰਦਰ,ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰੈਸ ਸਕੱਤਰ ਬੂਟਾ ਸਿੰਘ, ਜਿਲਾ ਪ੍ਰਧਾਨ ਗੁਰਨੇਕ ਸਿੰਘ, ਜਿਲਾ ਸਕੱਤਰ ਜਸਬੀਰ ਦੀਪ ਨੇ ਹਿੱਸਾ ਲਿਆ। ਆਗੂਆਂ ਨੇ ਆਖਿਆ ਕਿ ਦੁਨੀਆਂ ਦੇ ਕਈ ਨਾਮਵਰ ਸੰਗਠਨਾਂ ਫਰਾਂਸ ਸਥਿਤ ਮੀਡੀਆ ਨਾਨ ਪ੍ਰਾਫਿਟ ਫਾਰਬਿਡੇਨ,ਵਸ਼ਿਗਟਨ ਪੋਸਟ, ਦ ਵਾਇਰ ਆਦਿ ਨੇ ਖੋਜ ਕਰਕੇ ਇਹ ਤੱਥ ਉਜਾਗਰ ਕੀਤੇ ਹਨ ਕਿ ਇਸਰਾਇਲ ਦੇ ਐਨ ਐਸ ਓ ਗਰੁੱਪ ਵਲੋਂ ਬਣਾਏ ਗਏ ਪੈਗਾਸਸ ਸਾਫਟਵੇਅਰ ਰਾਹੀਂ ਨਾਮਵਰ ਪੱਤਰਕਾਰਾਂ, ਨੇਤਾਵਾਂ, ਮੰਤਰੀਆਂ, ਸਮਾਜਿਕ ਕਾਰਕੁਨਾਂ, ਜਾਂਚ ਅਧਿਕਾਰੀਆਂ ਅਤੇ ਹੋਰ ਅਹਿਮ ਸ਼ਖਸੀਅਤਾਂ ਨੂੰ ਉਹਨਾਂ ਦੇ ਮੋਬਾਇਲ ਫੋਨਾਂ ਰਾਹੀਂ ਨਿਗਰਾਨੀ ਦੇ ਘੇਰੇ ਵਿਚ ਲਿਆਂਦਾ ਗਿਆ।ਇਹਨਾਂ ਵਿਚੋਂ ਕੁਝ ਨੰਬਰਾਂ ਦੀ ਐਮਨੈਸਟੀ ਇੰਟਰਨੈਸ਼ਨਲ ਨੇ ਫੋਰੈਂਸਿਕ ਜਾਂਚ ਕੀਤੀ। ਜਿਸ ਵਿਚ ਪਾਇਆ ਗਿਆ ਕਿ ਇਹਨਾਂ ਉੱਤੇ ਪੈਗਾਸਸ ਰਾਹੀਂ ਹਮਲਾ ਕੀਤਾ ਗਿਆ। ਫੋਲਬਿਡੇਨ ਸਟੋਰੀਜ਼ ਨੇ ਇਸ ਨਿਗਰਾਨੀ ਸੂਚੀ ਨੂੰ 16 ਮੀਡੀਆ ਸੰਸਥਾਨਾਂ ਨਾਲ ਸਾਂਝਾ ਕੀਤਾ।ਅਜਿਹੇ 50 ਹਜਾਰ ਤੋਂ ਵੱਧ ਨੰਬਰ ਹਨ ਜਿਹਨਾਂ ਦੀ ਪੈਗਾਸਸ ਰਾਹੀਂ ਨਿਗਰਾਨੀ ਕੀਤੇ ਜਾਣ ਦੀ ਸੰਭਾਵਨਾ ਹੈ।ਉਹਨਾਂ ਕਿਹਾ ਕਿ ਮੈਗਾਸਸ ਸਾਫਟਵੇਅਰ ਮੋਬਾਇਲ ਫ਼ੋਨ ਦੇ ਵਰਤੋਂਕਾਰ ਦੇ ਸੁਨੇਹੇ,  ਈਮੇਲ, ਫੋਟੋ ਖਿੱਚਣ, ਕਾਲ ਰਿਕਾਰਡ ਕਰਨ ਦੀ ਆਗਿਆ ਦਿੰਦਾ ਹੈ।ਇਹ ਵਿਅਕਤੀ ਦੇ ਮੌਲਿਕ ਅਧਿਕਾਰ ਨਿੱਜਤਾ ਲਈ ਤਾਂ ਖਤਰਾ ਹੈ ਹੀ ਸਗੋਂ ਦੇਸ਼ ਦੀ ਸੁਰੱਖਿਆ ਲਈ ਵੀ ਖਤਰਾ ਹੈ। ਇਸਦੀ ਸੱਚਾਈ ਦੇਸ਼ ਦੇ ਲੋਕਾਂ ਸਾਹਮਣੇ ਆਉਣੀ ਹੀ ਚਾਹੀਦੀ ਹੈ।ਉਹਨਾਂ ਨੇ ਇਸਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕਰਵਾਉਣ ਦੀ ਮੰਗ ਕੀਤੀ।