ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਾਸ਼ੀਏ 'ਤੇ ਖੜ੍ਹੇ ਵਰਗਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਲਈ ਨਵੇਂ ਪੋਰਟਲ 'ਰਾਹ-ਰੋਜ਼ਗਾਰ ਅਬ ਆਸਾਨ ਹੈ' ਦੀ ਸ਼ਰੂਆਤ

'ਰਾਹ-ਰੋਜ਼ਗਾਰ ਅਬ ਆਸਾਨ ਹੈ'
ਪਟਿਆਲਾ, 18 ਜੁਲਾਈ:- ਸੁਚੱਜੇ ਰੋਜ਼ਗਾਰ, ਹੁਨਰ ਸਿਖਲਾਈ, ਸਰਕਾਰੀ ਸਹੂਲਤਾਂ, ਮਫ਼ਤ ਕਾਊਂਸਲਿੰਗ, ਸਵੈ ਰੋਜ਼ਗਾਰ, ਕਰਜ਼ੇ ਆਦਿ ਦੀ ਪਹੁੰਚ ਤੋਂ ਦੂਰ ਸਮਾਜ ਦੇ ਹਾਸ਼ੀਏ 'ਤੇ ਖੜ੍ਹੇ ਲੋਕਾਂ ਦੀ ਮਦਦ ਲਈ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਨਵਾਂ ਪੋਰਟਲ 'ਰਾਹ-ਰੋਜ਼ਗਾਰ ਅਬ ਆਸਾਨ ਹੈ' ਲਾਂਚ ਕੀਤਾ ਹੈ। ਮੌਜੂਦਾ ਕੋਵਿਡ-19 ਮਹਾਂਮਾਰੀ ਕਰਕੇ ਜਿੱਥੇ ਰੋਜ਼ਗਾਰ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ, ਉਥੇ ਹੀ ਸਮਾਜ ਦੇ ਹਾਸ਼ੀਏ 'ਤੇ ਖੜ੍ਹੇ ਵਰਗ ਹੋਰ ਵੀ ਜਿਆਦਾ ਪ੍ਰਭਾਵਤ ਹੋਏ ਸਨ, ਇਸ ਲਈ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਇਹ ਨਿਵੇਕਲੀ ਪਹਿਲਕਦਮੀ ਉਲੀਕੀ ਗਈ ਹੈ। ਇਸ ਪੋਰਟਲ ਨੂੰ ਆਮ ਲੋਕਾਂ ਲਈ ਇੱਕ-ਮੁਸ਼ਤ ਸੇਵਾ ਦੇਣ ਲਈ ਬਣਾਇਆ ਗਿਆ ਹੈ, ਜਿਸ ਰਾਹੀਂ ਉਮੀਦਵਾਰਾਂ ਨੂੰ ਪੁਲਿਸ ਅਤੇ ਫ਼ੌਜ ਦੀ ਭਰਤੀ ਵਾਸਤੇ ਵੀ ਟ੍ਰੇਨਿੰਗ ਤੇ ਕਾਉਂਸਲਿੰਗ ਮੁਹੱਈਆ ਕਰਵਾਈ ਜਾਵੇਗੀ ਅਤੇ ਨਾਲ ਹੀ ਨੌਕਰੀ ਜਾਂ ਪੜ੍ਹਾਈ ਲਈ ਵਿਦੇਸ਼ ਜਾਣ ਵਾਸਤੇ ਸਲਾਹ ਦਿੱਤੀ ਜਾਵੇਗੀ।ਇਹ ਅਜਿਹਾ ਨਿਵੇਕਲਾ ਅਤੇ ਪਹਿਲਾ ਉਪਰਾਲਾ ਹੈ ਜਿਸ ਰਾਹੀਂ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਵੱਲੋਂ ਇੱਕ ਹੀ ਪਲੇਟਫਾਰਮ 'ਤੇ ਆਪਣੀਆਂ ਸਕੀਮਾਂ ਅਤੇ ਅਸਾਮੀਆਂ ਨੂੰ ਸਾਂਝਾ ਕਰਦੇ ਹੋਏ ਹਾਸ਼ੀਏ 'ਤੇ ਆਏ ਹੋਏ ਵਰਗਾਂ, ਜਿਨ੍ਹਾਂ 'ਚ ਵਿਧਵਾਵਾਂ, ਬਜ਼ੁਰਗ, ਕੋਵਿਡ ਜਾਂ ਹੋਰ ਬਿਮਾਰੀ ਤੋਂ ਪੀੜਿਤ, ਅਨਾਥ ਬੱਚੇ, ਨਸ਼ਾ-ਪ੍ਰਭਾਵਿਤ, ਕੁਦਰਤੀ ਆਫ਼ਤ, ਜੁਰਮ ਜਾਂ ਹਿੰਸਾ ਪੀੜਤ ਆਦਿ ਸ਼ਾਮਲ ਹਨ, ਨੂੰ ਆਪਣੀਆਂ ਯੋਜਨਾਵਾਂ, ਸਹੂਲਤਾਂ ਅਤੇ ਨੌਕਰੀਆਂ ਦਾ ਲਾਭ ਦਿੱਤਾ ਜਾਵੇਗਾ। ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਇਸ ਪੋਰਟਲ 'ਤੇ ਰਜਿਸਟਰ ਹੋਏ, ਹਰੇਕ ਉਮੀਦਵਾਰ ਦਾ ਕੇਸ ਵੱਖਰੇ ਤੌਰ 'ਤੇ ਸਮੀਖਿਆ ਕਰਕੇ ਉਸਨੂੰ ਬਣਦਾ ਲਾਭ ਤੇ ਸਹੂਲਤ ਦੁਆਉਣ ਵਿੱਚ ਸਹਾਇਤਾ ਕੀਤੀ ਜਾਵੇਗੀ। ਸਾਰੇ ਸਰਕਾਰੀ ਮਹਿਕਮੇ ਵੀ ਇਹ ਪੁਰਜ਼ੋਰ ਕੋਸ਼ਿਸ਼ ਕਰਨਗੇ ਕਿ ਹਾਸ਼ੀਏ 'ਤੇ ਆਏ ਵਰਗਾਂ ਨੂੰ ਇਸ ਪੋਰਟਲ 'ਤੇ ਰਜਿਸਟਰ ਕਰਵਾ ਕੇ ਵੱਧ ਤੋਂ ਵੱਧ ਲਾਭ ਦਿਤਾ ਜਾਵੇ ਤਾਂ ਜੋ ਇਹਨਾਂ ਵਰਗਾਂ ਨੂੰ ਵੀ ਸਮਾਜ ਨਾਲ ਜੋੜਿਆ ਜਾ ਸਕੇ।
ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਪ ਨੂੰ ਇਸ ਨਵੇਂ ਪੋਰਟਲ 'ਤੇ ਰਜਿਸਟਰ ਜ਼ਰੂਰ ਕਰਨ। ਉਨ੍ਹਾਂ ਕਿਹਾ ਕਿ ਪੋਰਟਲ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਪਟਿਆਲਾ ਦੇ ਹੈਲਪਲਾਈਨ ਨੰਬਰ 98766-10877 'ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਕਿਸੇ ਵੀ ਕੰਮ ਵਾਲੇ ਦਿਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਲਾਕ-ਡੀ, ਪਟਿਆਲਾ ਵਿਖੇ ਡੀ.ਬੀ.ਈ.ਈ. ਦਫ਼ਤਰ ਪਹੁੰਚ ਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।