ਬਾਗਬਾਨੀ ਵਿਭਾਗ ਵੱਲੋਂ ਬੀਜ-ਬਾਲ ਵੰਡ ਮੁਹਿੰਮ ਸ਼ੁਰੂ, ਪਟਿਆਲਾ ਜ਼ਿਲ੍ਹੇ ਚ ਦਸ ਹਜ਼ਾਰ ਬੀਜ ਬਾਲਜ਼ ਮੁਫ਼ਤ ਵੰਡੀਆਂ ਜਾਣਗੀਆਂ : ਡਾ. ਪ੍ਰੀਤੀ ਯਾਦਵ

ਪਟਿਆਲਾ, 21 ਜੁਲਾਈ: ਡਾਇਰੈਕਟਰ ਬਾਗਬਾਨੀ ਪੰਜਾਬ ਸ੍ਰੀਮਤੀ ਸ਼ੈਲੇਦਰ ਕੌਰ ਦੀ ਅਗਵਾਈ ਹੇਠ ਬਾਗਬਾਨੀ ਵਿਭਾਗ ਵੱਲੋਂ ਸੀਡ-ਬਾਲ ਪਾਇਲਟ ਪ੍ਰੋਜੈਕਟ ਦੀ ਨਿਵੇਕਲੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਵੱਖ-ਵੱਖ ਫਲਾਂ ਜਿਵੇਂ ਜਾਮਣ, ਬਿਲ, ਕਰੋਂਦਾ, ਢੇਊ, ਅੰਬ ਆਦਿ ਦੇ ਬੀਜਾਂ ਨੂੰ ਉਪਜਾਊ ਮਿੱਟੀ ਵਿਚ ਲਪੇਟ ਕੇ ਸੀਡ-ਬਾਲਜ਼ ਬਾਗਬਾਨੀ ਵਿਭਾਗ ਵੱਲੋਂ ਤਿਆਰ ਕੀਤੀਆਂ ਗਈਆਂ ਹਨ। ਇਹ ਸੀਡ-ਬਾਲਜ਼ ਸਾਂਝੀਆਂ ਥਾਵਾਂ/ਨਹਿਰਾਂ/ਸੜਕਾਂ ਕੰਢੇ ਲਗਾਉਣ ਲਈ ਮੁਫ਼ਤ ਵੰਡੀਆਂ ਜਾਣੀਆਂ ਹਨ।  ਪਟਿਆਲਾ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ, ਸਕੂਲਾਂ, ਸਵੈ-ਸਹਾਇਤਾ ਗਰੁੱਪਾਂ, ਸਵੈ ਸੇਵੀ ਸੰਸਥਾਵਾਂ, ਆਂਗਣਵਾੜੀ ਸੈਂਟਰਾਂ ਰਾਹੀਂ ਦਸ ਹਜ਼ਾਰ ਸੀਡ-ਬਾਲਜ਼ ਦੀ ਮੁਫ਼ਤ ਵੰਡ ਕੀਤੀ ਜਾਵੇਗੀ। ਉਨ੍ਹਾਂ ਬਾਗਬਾਨੀ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਸ ਨਾਲ ਜਿਥੇ ਜ਼ਿਲ੍ਹੇ ਚ ਫਲਦਾਰ ਬੂਟਿਆਂ ਦੀ ਗਿਣਤੀ ਚ ਵਾਧਾ ਹੋਵੇਗਾ ਉਥੇ ਹੀ ਲੋਕਾਂ ਨੂੰ ਪੌਸ਼ਟਿਕ ਫਲ ਪ੍ਰਾਪਤ ਹੋਣਗੇ। ਇਸ ਮੁਹਿੰਮ ਦੀ ਸ਼ੁਰੂਆਤ ਮੌਕੇ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਸਵਰਨ ਸਿੰਘ ਮਾਨ ਨੇ ਕਿਹਾ ਕਿ ਬਾਗਬਾਨੀ ਵਿਭਾਗ ਵੱਲੋਂ ਬਰਸਾਤਾਂ ਦੇ ਮੌਸਮ ਚ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਫਲਦਾਰ ਬੂਟਿਆਂ ਨੂੰ ਲਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਸੂਬੇ ਚ ਫਲਦਾਰ ਬੂਟਿਆਂ ਹੇਠ ਰਕਬੇ ਨੂੰ ਵਧਾਉਣਾ ਹੈ ਜਿਸ ਤਹਿਤ ਸੂਬੇ ਚ ਢਾਈ ਲੱਖ ਦੇ ਕਰੀਬ ਬੀਜ ਬਾਲ ਵੰਡਣ ਦਾ ਟੀਚਾ ਰੱਖਿਆ ਗਿਆ ਹੈ।   ਇਸ ਮੌਕੇ ਸਹਾਇਕ ਡਾਇਰੈਕਟਰ ਬਾਗਬਾਨੀ ਨਿਰਵੰਤ ਸਿੰਘ, ਬਾਗਬਾਨੀ ਵਿਕਾਸ ਅਫ਼ਸਰ ਕੁਲਵਿੰਦਰ ਸਿੰਘ, ਗਗਨ ਕੁਮਾਰ ਅਤੇ ਸ੍ਰੀਮਤੀ ਰੀਨਾ ਅਜੀਵਕਾ ਮਿਸ਼ਨ ਵੀ ਮੌਜੂਦ ਸਨ।