ਨਵਾਂਸ਼ਹਿਰ, 21 ਜੁਲਾਈ : ਜੁਲਾਈ ਮਹੀਨੇ ਦੇ ਅਖ਼ੀਰਲੇ ਐਤਵਾਰ ਨੂੰ ਮਨਾਏ ਜਾ ਰਹੇ ਅੰਤਰਰਾਸ਼ਟਰੀ 'ਮੇਰਾ ਦਰੱਖਤ ਦਿਵਸ' ਸਬੰਧੀ 22 ਜੁਲਾਈ, ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਨਗਰ ਕੌਂਸਲ ਦਫ਼ਤਰ ਨਵਾਂਸ਼ਹਿਰ ਵਿਖੇ ਫਲਦਾਰ ਪੌਦੇ ਵੰਡੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਪ੍ਰਧਾਨ ਸਚਿਨ ਦੀਵਾਨ ਨੇ ਦੱਸਿਆ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਨਵਾਂਸ਼ਹਿਰ ਦੀ ਧਰਤੀ ਤੋਂ ਸ਼ੁਰੂ ਹੋਇਆ 'ਮੇਰਾ ਦਰੱਖਤ ਦਿਵਸ' ਅੱਜ ਦੇਸ਼ ਭਰ ਵਿਚ ਹੀ ਨਹੀਂ, ਬਲਕਿ ਪੂਰੇ ਵਿਸ਼ਵ ਵਿਚ ਮਨਾਇਆ ਜਾਂਦਾ ਹੈ। ਉਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜਾ ਵੀ ਵਿਅਕਤੀ ਪੌਦੇ ਲਗਾਉਣੇ ਚਾਹੁੰਦਾ ਹੈ, ਉਹ ਨਗਰ ਕੌਂਸਲ ਦਫ਼ਤਰ ਤੋਂ ਸਵੇਰੇ 11 ਵਜੇ ਪੌਦੇ ਲਿਜਾ ਸਕਦਾ ਹੈ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਜੇਕਰ ਕਿਸੇ ਕੋਲ ਪੌਦੇ ਲਗਾਉਣ ਲਈ ਢੁਕਵੀਂ ਜਗਾ ਹੈ, ਤਾਂ ਉਸ ਨੂੰ ਵੀ ਪੌਦੇ ਮੁਹੱਈਆ ਕਰਵਾਏ ਜਾਣਗੇ। ਪ੍ਰਧਾਨ ਸਚਿਨ ਦੀਵਾਨ ਅਤੇ ਸਾਥੀ ਕੌਂਸਲਰਾਂ ਨੇ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਲਈ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਅਪੀਲ ਕੀਤੀ ਹੈ।