ਨਵਾਂਸ਼ਹਿਰ, 3 ਜੁਲਾਈ : ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਇੰਜ. ਮੋਹਨ ਲਾਲ ਸੂਦ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨਾਲ ਮੁਲਾਕਾਤ ਕਰਕੇ ਬਹਿਰਾਮ ਅੰਡਰਪਾਸ ਅਤੇ ਐਸ. ਸੀ ਲਾਭਪਾਤਰੀਆਂ ਨੂੰ ਦਿੱਤੀ ਜਾ ਰਹੀ ਸਬਸਿਡੀ ਵਿਚ ਵਾਧਾ ਕਰਨ ਦੇ ਮੁੱਦੇ ਕੇਂਦਰ ਸਰਕਾਰ ਦੇ ਸਬੰਧਤ ਮੰਤਰੀਆਂ ਕੋਲ ਉਠਾਉਣ ਲਈ ਉਨਾਂ ਦਾ ਧੰਨਵਾਦ ਕੀਤਾ। ਪੰਜਾਬ ਲਾਰਜ ਇੰਡਸਟ੍ਰੀਅਲ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਸੂਦ ਦੀ ਮੌਜੂਦਗੀ ਵਿਚ ਹੋਈ ਇਸ ਮੁਲਾਕਾਤ ਦੌਰਾਨ ਚੇਅਰਮੈਨ ਸੂਦ ਨੇ ਕਿਹਾ ਕਿ ਸ੍ਰੀ ਤਿਵਾੜੀ ਵੱਲੋਂ ਇਨਾਂ ਦੋ ਅਹਿਮ ਮੁਦਿਆਂ ਸਬੰਧੀ ਕੇਂਦਰ ਸਰਕਾਰ ਦੇ ਸਬੰਧਤ ਮੰਤਰੀਆਂ ਨਿਤਿਨ ਗਡਕਰੀ ਅਤੇ ਥਾਵਰ ਚੰਦ ਗਹਿਲੋਤ ਨੂੰ ਪੱਤਰ ਲਿਖਣ ਨਾਲ ਇਨਾਂ ਦੇ ਜਲਦ ਹੱਲ ਹੋਣ ਦਾ ਰਾਹ ਪੱਧਰਾ ਹੋਇਆ ਹੈ। ਉਨਾਂ ਕਿਹਾ ਕਿ ਕੀਮਤੀ ਮਨੁੱਖੀ ਜਾਨਾਂ ਬਚਾਉਣ ਲਈ ਰੋਪੜ-ਫਗਵਾੜਾ ਨੈਸ਼ਨਲ ਹਾਈਵੇਅ ਉੱਤੇ ਬਹਿਰਾਮ ਤੋਂ ਮਾਹਲਪੁਰ ਪਲਾਨ ਰੋਡ ਜੰਕਸ਼ਨ 'ਤੇ ਅੰਡਰਪਾਸ ਬਣਨਾ ਬੇਹੱਦ ਜ਼ਰੂਰੀ ਹੈ। ਉਨਾਂ ਕਿਹਾ ਕਿ ਇਹ ਅੰਡਰਪਾਸ ਬਣਨ ਨਾਲ ਨਿੱਤ ਦਿਨ ਹੁੰਦੇ ਹਾਦਸਿਆਂ ਤੋਂ ਬਚਾਅ ਹੋਵੇਗਾ।
ਉਨਾਂ ਕਿਹਾ ਕਿ 'ਐਸ. ਸੀ ਸਬ ਪਲਾਨ ਹੇਠ ਵਿਸ਼ੇਸ਼ ਕੇਂਦਰੀ ਮਦਦ' ਤਹਿਤ ਚਲਾਈ ਜਾ ਰਹੀ 'ਬੈਂਕ ਟਾਈ ਅੱਪ ਸਕੀਮ' (ਬੀ. ਟੀ. ਐਸ) ਅਧੀਨ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ ਸਵੈ-ਰੁਜ਼ਗਾਰ ਲਈ ਦਿੱਤੀ ਜਾ ਰਹੀ ਸਬਸਿਡੀ ਦੀ ਰਾਸ਼ੀ ਵਿਚ ਤਿੰਨ ਗੁਣਾ ਵਾਧਾ ਕਰਨਾ ਬੇਹੱਦ ਲੋੜੀਂਦਾ ਹੈ। ਉਨਾਂ ਕਿਹਾ ਕਿ ਸਬਸਿਡੀ ਦੀ ਇਹ ਰਾਸ਼ੀ 1999 ਤੋਂ 10 ਹਜ਼ਾਰ ਰੁਪਏ ਚਲੀ ਆ ਰਹੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਪਿਛਲੇ 22 ਸਾਲਾਂ ਤੋਂ ਇਸ ਸਕੀਮ ਤਹਿਤ ਸਬਸਿਡੀ ਰਾਸ਼ੀ ਵਿਚ ਵਾਧਾ ਕਰਨ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨਾਂ ਕਿਹਾ ਕਿ ਮਹਿੰਗਾਈ ਕਈ ਗੁਣਾ ਵੱਧ ਚੁੱਕੀ ਹੈ ਅਤੇ ਕੀਮਤ ਸੂਚਕ ਅੰਕ ਅਨੁਸਾਰ ਇਹ ਵਾਧਾ ਘੱਟੋ-ਘੱਟ 30 ਹਜ਼ਾਰ ਰੁਪਏ ਤੱਕ ਬਣਦਾ ਹੈ। ਐਮ. ਪੀ ਮਨੀਸ਼ ਤਿਵਾੜੀ ਨੇ ਇਸ ਮੌਕੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਅਤੇ ਗ਼ਰੀਬ ਵਰਗਾਂ ਦੀ ਭਲਾਈ ਲਈ ਉਹ ਹਮੇਸ਼ਾ ਵਚਨਬੱਧ ਹਨ।