ਕੋਰੋਨਾ ਖਿਲਾਫ ਜੰਗ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲੋਕ : ਐੱਸ.ਡੀ.ਐੱਮ
ਨਵਾਂਸ਼ਹਿਰ, 3 ਜੁਲਾਈ 2021: ਮਾਣਯੋਗ ਡਿਪਟੀ ਕਮਿਸ਼ਨਰ ਡਾ ਸ਼ੇਨਾ ਅਗਰਵਾਲ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਨੂੰ ਹਰਾ ਕੇ "ਮਿਸ਼ਨ ਫਤਿਹ" ਦੀ ਪ੍ਰਾਪਤੀ ਲਈ ਜੰਗ ਛੇੜੀ ਹੋਈ ਹੈ। ਇਸੇ ਕੜੀ ਤਹਿਤ ਉਪ ਮੰਡਲ ਮੈਜਿਸਟ੍ਰੇਟ ਨਵਾਂਸ਼ਹਿਰ ਸ. ਜਗਦੀਸ਼ ਸਿੰਘ ਜੌਹਲ ਨੇ ਅੱਜ ਸਿਹਤ ਬਲਾਕ ਮੁਜ਼ੱਫਰਪੁਰ ਅਧੀਨ ਪੈਂਦੇ ਖੇਤਰਾਂ ਵਿਚ ਚੱਲ ਰਹੇ ਵਿਸ਼ੇਸ਼ ਟੀਕਾਕਰਨ ਕੈਂਪਾਂ ਦੇ ਕੰਮਕਾਜ ਦੀ ਸਮੀਖਿਆ ਕੀਤੀ। ਜਾਣਕਾਰੀ ਅਨੁਸਾਰ ਉਪ ਮੰਡਲ ਮੈਜਿਸਟ੍ਰੇਟ, ਨਵਾਂਸ਼ਹਿਰ ਸ. ਜਗਦੀਸ਼ ਸਿੰਘ ਜੌਹਲ ਨੇ ਅੱਜ ਲੰਗੜੋਆ ਅਤੇ ਸਲੋਹ ਸਮੇਤ ਵੱਖ-ਵੱਖ ਵਿਸ਼ੇਸ਼ ਟੀਕਾਕਰਨ ਕੈਂਪਾਂ ਦੇ ਕੰਮਕਾਜ ਦੀ ਸਮੀਖਿਆ ਕੀਤੀ ਅਤੇ ਟੀਕਾਕਰਨ ਦੇ ਕੰਮਕਾਜ ਵਿਚ ਹੋਰ ਤੇਜ਼ੀ ਲਿਆਉਣ ਲਈ ਕਿਹਾ। ਐੱਸ.ਡੀ.ਐੱਮ ਨਵਾਂਸਹਿਰ ਸ. ਜਗਦੀਸ਼ ਸਿੰਘ ਜੌਹਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਵਿਡ ਦੀ ਸੰਭਾਵਿਤ ਤੀਜੀ ਲਹਿਰ ਤੋਂ ਬਚਾਅ ਲਈ ਵੈਕਸੀਨ ਜ਼ਰੂਰ ਲਗਾਉਣ ਅਤੇ ਵੈਕਸੀਨ ਲਗਾਉਣ ਵਾਲੀਆਂ ਟੀਮਾਂ ਨਾਲ ਵੱਧ ਤੋਂ ਵੱਧ ਸਹਿਯੋਗ ਕਰਨ। ਉਨਾਂ ਦੱਸਿਆ ਕਿ ਸਿਹਤ ਵਿਭਾਗ ਦੇ ਮਾਹਿਰਾਂ ਅਨੁਸਾਰ ਕੋਵਿਡ ਬਿਮਾਰੀ ਤੋਂ ਬਚਾਅ ਲਈ ਵੈਕਸੀਨ ਬਹੁਤ ਸਹਾਈ ਹੈ। ਮਾਹਰਾਂ ਅਨੁਸਾਰ ਜੇਕਰ ਵੈਕਸੀਨ ਨਾ ਲੱਗੀ ਹੋਵੇ ਤਾਂ 100 ਕੋਰੋਨਾ ਪੀੜਤਾਂ ਪਿੱਛੇ 3 ਜਾਂ 4 ਪੀੜਤਾਂ ਦੀ ਮੌਤ ਹੋਣ ਦਾ ਖਦਸ਼ਾ ਹੁੰਦਾ ਹੈ ਅਤੇ ਜੇਕਰ ਵੈਕਸੀਨ ਲੱਗੀ ਹੋਵੇ ਤਾਂ ਇਹ ਅੰਕੜਾ 10,000 ਪਿੱਛੇ 3 ਜਾਂ 4 ਦਾ ਹੁੰਦਾ ਹੈ। ਇਸ ਲਈ ਵੈਕਸੀਨ ਮਨੁੱਖੀ ਸਿਹਤ ਲਈ ਸੁਰੱਖਿਅਤ ਹੈ, ਅਫਵਾਹਾਂ ਤੋਂ ਗੁਰੇਜ ਕਰਦੇ ਹੋਏ ਆਪਣੀ ਅਤੇ ਆਪਣੇ ਪਰਿਵਾਰ ਦੀ ਭਲਾਈ ਲਈ ਵੈਕਸੀਨ ਜ਼ਰੂਰ ਲਗਾਓ। ਸ. ਜਗਦੀਸ਼ ਸਿੰਘ ਜੌਹਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਰੋਨਾ ਤੋਂ ਬਚਾਅ ਸਬੰਧੀ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਚਾਅ ਸਬੰਧੀ ਮਾਸਕ ਪਾਉਣ, ਸਮਾਜਕ ਵਿੱਥ ਰੱਖਣ ਅਤੇ ਵਾਰ-ਵਾਰ ਹੱਥ ਧੋਣ ਜਾਂ ਸੈਨੇਟਾਈਜ਼ ਕਰਨ ਸਬੰਧੀ ਢਿੱਲ ਨਹੀਂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਇਨ ਬਿਨ ਪਾਲਣਾ ਯਕੀਨੀ ਬਣਾਉਂਦਿਆਂ ਕੋਰੋਨਾ ਖਿਲਾਫ ਜੰਗ ਫ਼ਤਿਹ ਕਰਨ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਸਹਿਯੋਗ ਦੇਣ। ਉਨ੍ਹਾਂ ਇਹ ਵੀ ਕਿਹਾ ਕਿ ਘਰੋਂ ਬਾਹਰ ਨਿਕਲਣ ਸਮੇਂ ਮਾਸਕ, ਰੁਮਾਲ, ਕੱਪੜੇ, ਚੁੰਨੀ, ਪਰਨੇ ਆਦਿ ਨਾਲ ਮੂੰਹ ਢੱਕ ਕੇ ਰੱਖਿਆ ਜਾਵੇ ਅਤੇ ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰੱਖਿਆ ਜਾਵੇ। ਸਾਬਣ ਆਦਿ ਨਾਲ ਵਾਰ-ਵਾਰ ਹੱਥ ਧੋਣੇ ਵੀ ਬਹੁਤ ਜ਼ਰੂਰੀ ਹਨ।
ਕੈਪਸ਼ਨ : ਉਪ ਮੰਡਲ ਮੈਜਿਸਟ੍ਰੇਟ ਨਵਾਂਸ਼ਹਿਰ ਸ. ਜਗਦੀਸ਼ ਸਿੰਘ ਜੌਹਲ ਵਿਸ਼ੇਸ਼ ਟੀਕਾਕਰਨ ਮੁਹਿੰਮ ਦੌਰਾਨ ਚੱਲ ਰਹੇ ਕੰਮਕਾਜ ਦੀ ਚੈਕਿੰਗ ਕਰਦੇ ਹੋਏ।
ਕੈਪਸ਼ਨ : ਉਪ ਮੰਡਲ ਮੈਜਿਸਟ੍ਰੇਟ ਨਵਾਂਸ਼ਹਿਰ ਸ. ਜਗਦੀਸ਼ ਸਿੰਘ ਜੌਹਲ ਵਿਸ਼ੇਸ਼ ਟੀਕਾਕਰਨ ਮੁਹਿੰਮ ਦੌਰਾਨ ਚੱਲ ਰਹੇ ਕੰਮਕਾਜ ਦੀ ਚੈਕਿੰਗ ਕਰਦੇ ਹੋਏ।