ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸ਼ਰਧਾਲੂਆਂ ਨੂੰ ਵੱਖ-ਵੱਖ ਤੀਰਥ ਅਸਥਾਨਾਂ ਦੇ
ਦਰਸ਼ਨਾਂ ਲਈ ਮੁਫ਼ਤ ਸਹੂਲਤਾਂ ਕਰਵਾਈਆਂ ਗਈਆਂ ਹਨ ਮੁਹੱਈਆ
ਹੁਸ਼ਿਆਰਪੁਰ, 13 ਦਸੰਬਰ :ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ
ਅਗਵਾਈ ਵਿਚ ਸ਼ੁਰੂ ਕੀਤੀ ਗਈ
'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਤਹਿਤ ਅੱਜ ਪੰਜਾਬ ਅਨੁਸੂਚਿਤ ਜਾਤੀ ਭੌਂ ਵਿਕਾਸ ਤੇ ਵਿੱਤ
ਨਿਗਮ ਦੇ ਚੇਅਰਮੈਨ ਹਰਮਿੰਦਰ ਸਿੰਘ ਸੰਧੂ ਨੇ ਸ੍ਰੀ ਸਾਲਾਸਰ ਧਾਮ ਅਤੇ ਸ੍ਰੀ ਖਾਟੂ ਸ਼ਿਆਮ ਜੀ
ਦੇ ਦਰਸ਼ਨਾਂ ਲਈ ਜਾ ਰਹੀ ਬੱਸ ਨੂੰ ਚੱਬੇਵਾਲ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ
ਦੌਰਾਨ ਉਨ੍ਹਾਂ ਨਾਲ ਐਸ. ਡੀ. ਐਮ ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ, ਸਕੱਤਰ ਆਰ.ਟੀ.ਏ
ਆਰ.ਐਸ.ਗਿੱਲ ਵੀ ਮੌਜੂਦ ਸਨ।
ਚੇਅਰਮੈਨ ਸੰਧੂ ਨੇ ਕਿਹਾ ਕਿ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਚੱਬੇਵਾਲ ਵਿਧਾਨ ਸਭਾ
ਹਲਕੇ ਦੇ ਲੋਕ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ
ਭਗਵੰਤ ਸਿੰਘ ਮਾਨ ਨੇ ਸੂਬੇ ਦੇ ਲੋਕਾਂ ਨਾਲ ਜੋ ਵੀ ਵਾਅਦਾ ਕੀਤਾ ਹੈ, ਉਸ ਨੂੰ ਪੂਰਾ ਕੀਤਾ
ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਤੀਰਥ ਯਾਤਰਾ 'ਤੇ ਲਿਜਾਣ ਦਾ ਵਾਅਦਾ ਵੀ ਕੀਤਾ ਸੀ,
ਜਿਸ ਨੂੰ ਪੂਰਾ ਕਰ ਦਿੱਤਾ ਗਿਆ ਹੈ ਅਤੇ ਸੂਬੇ ਭਰ ਤੋਂ ਲੋਕ ਵੱਖ-ਵੱਖ ਤੀਰਥ ਸਥਾਨਾਂ ਦੇ
ਦਰਸ਼ਨਾਂ ਲਈ ਜਾ ਰਹੇ ਹਨ। ਚੱਬੇਵਾਲ ਤੋਂ ਸ਼ਰਧਾਲੂਆਂ ਦੀ ਬੱਸ ਨੂੰ ਸ੍ਰੀ ਸਾਲਾਸਰ ਧਾਮ ਅਤੇ
ਸ੍ਰੀ ਖਾਟੂ ਸ਼ਿਆਮ ਦੀ ਯਾਤਰਾ ਲਈ ਰਵਾਨਾ ਕਰਨ ਮੌਕੇ ਚੇਅਰਮੈਨ ਸੰਧੂ ਨੇ ਕਿਹਾ ਕਿ ਇਸ ਯੋਜਨਾ
ਦੇ ਸ਼ੁਰੂ ਹੋਣ ਨਾਲ ਪੰਜਾਬ ਦੇ ਲੋਕਾਂ ਨੂੰ ਦੇਸ਼ ਭਰ ਵਿਚ ਵੱਖ-ਵੱਖ ਤੀਰਥ ਸਥਾਨਾਂ ਦੇ
ਦਰਸ਼ਨਾਂ ਲਈ ਮੁਫ਼ਤ ਯਾਤਰਾ ਸੁਵਿਧਾਵਾਂ ਉਪਲਬਧ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਸ ਸਕੀਮ
ਤਹਿਤ ਯਾਤਰਾ ਕਰਨ ਵਾਲੇ ਯਾਤਰੀਆਂ ਦਾ ਖ਼ਰਚਾ ਪੰਜਾਬ ਸਰਕਾਰ ਸਹਿਣ ਕਰੇਗੀ, ਜਿਸ ਵਿਚ ਉਨ੍ਹਾਂ
ਦੇ ਸਫਰ, ਰਿਹਾਇਸ਼ ਅਤੇ ਖਾਣ-ਪੀਣ ਦੇ ਸਾਰੇ ਖਰਚੇ ਸ਼ਾਮਲ ਹਨ।
ਹਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਸਕੀਮ ਤਹਿਤ ਧਾਰਮਿਕ ਅਸਥਾਨਾਂ ਸ੍ਰੀ ਹਜ਼ੂਰ ਸਾਹਿਬ
(ਨਾਂਦੇੜ), ਤਖ਼ਤ ਸ੍ਰੀ ਪਟਨਾ ਸਾਹਿਬ (ਬਿਹਾਰ), ਵਾਰਾਣਸੀ, ਅਯੁੱਧਿਆ ਅਤੇ ਵਰਿੰਦਾਵਨ(ਉੱਤਰ
ਪ੍ਰਦੇਸ਼), ਅਜਮੇਰ ਸ਼ਰੀਫ਼ (ਰਾਜਸਥਾਨ) ਦੀ ਯਾਤਰਾ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਸ੍ਰੀ
ਅਨੰਦਪੁਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਸਾਲਾਸਰ ਧਾਮ, ਸ੍ਰੀ ਖਾਟੂ ਸ਼ਿਆਮ ਜੀ,
ਮਾਤਾ ਚਿੰਤਪੁਰਨੀ ਜੀ, ਮਾਤਾ ਵੈਸ਼ਨੋ ਦੇਵੀ ਜੀ, ਮਾਤਾ ਜਵਾਲਾ ਜੀ ਆਦਿ ਅਸਥਾਨਾਂ ਦੀਆਂ
ਯਾਤਰਾਵਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੀਰਥ ਅਸਥਾਨਾਂ ਦੇ ਦਰਸ਼ਨਾਂ ਲਈ
ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਰੋਜ਼ਾਨਾ ਬੱਸਾਂ ਅਤੇ ਰੇਲ ਗੱਡੀਆਂ ਦਾ ਪ੍ਰਬੰਧ ਕੀਤਾ
ਗਿਆ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸੂਬਾ ਸਰਕਾਰ ਨੇ ਇਸ ਤੀਰਥ
ਯਾਤਰਾ 'ਤੇ ਜਾਣ ਲਈ ਦੋ ਤਰ੍ਹਾਂ ਦੇ ਸਾਧਨਾਂ ਦਾ ਪ੍ਰਬੰਧ ਕੀਤਾ ਹੈ। ਉਨ੍ਹਾਂ ਦੱਸਿਆ ਕਿ
ਲੰਬੀ ਦੂਰੀ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਦਾ ਸਾਧਨ ਰੇਲ ਗੱਡੀ ਅਤੇ ਛੋਟੀ ਦੂਰੀ ਲਈ ਸੜਕ
ਮਾਰਗ ਰਾਹੀਂ ਏ.ਸੀ ਬੱਸਾਂ ਰਾਹੀਂ ਯਾਤਰਾ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ
ਤੀਰਥ ਯਾਤਰਾ ਯੋਜਨਾ ਉਨ੍ਹਾਂ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਜੋ ਬੁਢਾਪੇ ਅਤੇ ਆਰਥਿਕ
ਤੰਗੀ ਕਾਰਨ ਪੰਜਾਬ ਅਤੇ ਭਾਰਤ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਤੋਂ ਵਾਂਝੇ ਰਹਿ
ਜਾਂਦੇ ਹਨ।
ਇਸ ਮੌਕੇ ਮੋਹਨ ਲਾਲ ਚਿੱਤੋਂ, ਗਗਨਦੀਪ ਚਾਣਕੂ, ਦਵਿੰਦਰ ਸਿੰਘ ਭੂਨੋ, ਬੂਟਾ ਸਿੰਘ, ਲਖਬੀਰ
ਸਿੰਘ, ਨਵਜੋਤ ਸਿੰਘ ਸੰਧੂ, ਨਿਰਪਾਲ ਸਿੰਘ, ਰਣਜੀਤ ਸਿੰਘ, ਸੁਰਜੀਤ ਸਿੰਘ, ਕੁਲਦੀਪ ਰਾਏ,
ਰਣਵੀਰ ਸਿੰਘ ਬੋਹਣ, ਸੁਰਿੰਦਰਪਾਲ ਸਿੰਘ ਸੰਧੂ ਅਤੇ ਹੋਰ ਪਤਵੰਤੇ ਹਾਜ਼ਰ ਸਨ।