ਆਯੂਰਵੇਦ ਦੀ ਬੇਸ਼ਕੀਮਤੀ ਵਿਰਾਸਤ ਨੂੰ ਸੰਭਾਲਣ 'ਚ ਵੈਦਾਂ ਦਾ ਅਹਿਮ ਯੋਗਦਾਨ - ਲਾਲ ਚੰਦ ਕਟਾਰੂਚੱਕ

ਵੈਦਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰੇਗੀ ਪੰਜਾਬ ਸਰਕਾਰ
ਹੁਸ਼ਿਆਰਪੁਰ, 17 ਦਸੰਬਰ :ਜ਼ਿਲ੍ਹਾ ਵੈਦ ਮੰਡਲ ਹੁਸ਼ਿਆਰਪੁਰ ਵੱਲੋਂ ਭਗਵਾਨ ਸ੍ਰੀ
ਧਨਵੰਤਰੀ ਜੀ ਦੇ ਜਨਮ ਉਤਸਵ ਸਬੰਧੀ ਅੱਜ
ਹੁਸ਼ਿਆਰਪੁਰ ਵਿਖੇ ਸੂਬਾ ਪੱਧਰੀ ਆਯੂਰਵੇਦ ਸੰਮੇਲਨ ਕਰਵਾਇਆ ਗਿਆ। ਸਮਾਗਮ ਵਿਚ ਸਿਵਲ ਸਪਲਾਈ
ਤੇ ਖਪਤਕਾਰ ਮਾਮਲੇ, ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ
ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਵੀ ਇਸ
ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਭਗਵਾਨ ਸ੍ਰੀ ਧਨਵੰਤਰੀ ਦੀ ਤਸਵੀਰ 'ਤੇ ਫੁੱਲ ਅਰਪਿਤ
ਕਰਨ ਉਪਰੰਤ ਸੂਬੇ ਭਰ ਤੋਂ ਆਏ ਵੈਦਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਪੂਰੀ ਦੁਨੀਆ
ਆਯੂਰਵੇਦ ਪ੍ਰਣਾਲੀ ਦਾ ਲੋਹਾ ਮੰਨ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਆਯੂਰਵੇਦ
ਸਾਡੀ ਸੰਸਕ੍ਰਿਤੀ ਦੀ ਬੇਸ਼ਕੀਮਤੀ ਵਿਰਾਸਤ ਹੈ ਅਤੇ ਹਜ਼ਾਰਾਂ ਸਾਲਾਂ ਤੋਂ ਚੱਲਦੀ ਆ ਰਹੀ ਇਸ
ਵਿਰਾਸਤ ਨੂੰ ਸੰਭਾਲਣ ਵਿਚ ਵੈਦਾਂ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਵੈਦ ਮੰਡਲ ਦੇ
ਮੈਂਬਰ ਜਿਥੇ ਆਯੂਰਵੈਦਿਕ ਢੰਗ ਨਾਲ ਲੋਕਾਂ ਦਾ ਇਲਾਜ ਕਰ ਰਹੇ ਹਨ, ਉਥੇ ਮੁਫ਼ਤ ਆਯੂਰਵੈਦਿਕ
ਕੈਂਪ ਲਗਾ ਕੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ
ਸਰਕਾਰ ਵੱਲੋਂ ਵੈਦਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ
ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਅਤੇ ਪੰਜਾਬ ਵਿਚ ਲਾਗੂ ਕੀਤੇ ਗਏ ਗੁੱਡ ਗਵਰਨੈਸ
ਦੇ ਮਾਡਲ ਨੂੰ ਬਾਕੀ ਰਾਜਨੀਤਿਕ ਪਾਰਟੀਆਂ ਨੂੰ ਵੀ ਮਜ਼ਬੂਰੀ ਵੱਸ ਅਪਣਾਉਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ
ਮਹਿਜ਼ 18-19 ਮਹੀਨਿਆਂ ਵਿਚ ਲਾਮਿਸਾਲ ਕੰਮ ਕੀਤੇ ਗਏ ਹਨ ਜਿਨਾਂ ਵਿਚ 600 ਯੂਨਿਟ ਮੁਫ਼ਤ
ਬਿਜਲੀ, ਆਮ ਆਦਮੀ ਕਲੀਨਿਕ, ਸਕੂਲ ਆਫ ਐਮੀਨੈਂਸ, 37 ਹਜ਼ਾਰ ਨੌਜਵਾਨਾਂ ਨੂੰ ਪੱਕੀਆਂ
ਨੌਕਰੀਆਂ, ਸਾਢੇ 12 ਹਜ਼ਾਰ ਕੱਚੇ ਅਧਿਆਪਕਾਂ ਨੂੰ ਪੱਕਾ ਕਰਨਾ ਅਤੇ ਹੋਰ ਅਨੇਕਾਂ ਕਾਰਜ
ਸ਼ਾਮਿਲ ਹਨ।
ਜੰਗਲਾਤ ਵਿਭਾਗ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਵਿਭਾਗ ਵਿਚ ਵੱਡੀ ਪੱਧਰ 'ਤੇ ਨਵੇਂ
ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ, ਜਿਸ ਨਾਲ ਕਿਸਾਨਾਂ ਅਤੇ ਬਾਗਬਾਨਾਂ ਨੂੰ ਵੱਡਾ ਫਾਇਦਾ
ਹੋਵੇਗਾ। ਉਨ੍ਹਾਂ ਕਿਹਾ ਕਿ ਕੰਢੀ ਖੇਤਰ ਵਿਚ ਕਿਸਾਨਾਂ ਦੀਆਂ ਫ਼ਸਲਾਂ ਨੂੰ ਜੰਗਲੀ ਜਾਨਵਰਾਂ
ਤੋਂ ਬਚਾਉਣ ਲਈ ਕਾਫੀ ਖੇਤਰ ਵਿਚ ਫੈਂਸਿੰਗ ਕੀਤੀ ਗਈ ਹੈ ਅਤੇ ਰਹਿੰਦੇ ਖੇਤਰ ਲਈ ਵੀ ਵੱਡੀ
ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ।
ਇਸ ਮੌਕੇ ਉਨ੍ਹਾਂ ਵੈਦ ਮੰਡਲ ਨੂੰ ਆਪਣੇ ਅਖ਼ਤਿਆਰੀ ਫੰਡ ਵਿਚੋਂ 5 ਲੱਖ ਰੁਪਏ ਦੇਣ ਦਾ ਐਲਾਨ
ਕੀਤਾ। ਸਮਾਗਮ ਵਿਚ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਵੈਦਾਂ ਵੱਲੋਂ ਆਪਣੀ ਨਵੀਨਤਮ ਰਿਸਰਚ ਬਾਰੇ
ਜਾਣਕਾਰੀ ਸਾਂਝੀ ਕੀਤੀ ਗਈ। ਜ਼ਿਲ੍ਹਾ ਵੈਦ ਮੰਡਲ ਵੱਲੋਂ ਮੁੱਖ ਮਹਿਮਾਨ, ਹੋਰਨਾਂ ਮਹਿਮਾਨਾਂ
ਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਵੈਦਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਮੁੱਖ
ਮਹਿਮਾਨ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਵੈਦਾਂ ਵਲੋਂ ਜੜੀਆਂ-ਬੂਟੀਆਂ ਤੋਂ ਬਣਾਈਆਂ ਗਈਆਂ
ਦਵਾਈਆਂ ਅਤੇ ਜੜੀਆਂ-ਬੂਟੀਆਂ ਨਾਲ ਸਬੰਧਤ ਜਾਣਕਾਰੀ ਦੇਣ ਲਈ ਲਗਾਈ ਗਈ ਪ੍ਰਦਰਸ਼ਨੀ ਨੂੰ ਦੇਖਿਆ
ਅਤੇ ਉਸ ਦੀ ਸ਼ਲਾਘਾ ਕੀਤੀ।
ਇਸ ਮੌਕੇ ਵਣਪਾਲ ਨਾਰਥ ਸਰਕਲ ਹੁਸ਼ਿਆਰਪੁਰ ਡਾ. ਸੰਜੀਵ ਕੁਮਾਰ ਤਿਵਾੜੀ, ਡੀ.ਐਫ.ਓ ਨਲਿਨ
ਯਾਦਵ, ਜ਼ਿਲ੍ਹਾ ਆਯੂਰਵੈਦਿਕ ਅਫਸਰ ਨਰੇਸ਼ ਮਾਹੀ, ਵੈਦ ਮੰਡਲ ਦੇ ਸਰਪ੍ਸਤ ਜਸਬੀਰ ਸਿੰਘ
ਸੋਂਧ, ਪ੍ਰਧਾਨ ਤਰਸੇਮ ਸਿੰਘ ਸੰਧਰ, ਚੇਅਰਮੈਨ ਰਵੀਕਾਂਤ ਖੌਲੀਆ, ਜਨਰਲ ਸਕੱਤਰ ਨਿਰਮਲ ਸਿੰਘ
ਰੰਧਾਵਾ, ਕੈਸ਼ੀਅਰ ਸਤਵੰਤ ਸਿੰਘ ਹੀਰ, ਵਾਈਸ ਚੇਅਰਮੈਨ ਤਰਲੋਕ ਬੈਂਸ ਤੋਂ ਇਲਾਵਾ ਜ਼ਿਲ੍ਹਾ
ਵੈਦ ਮੰਡਲ ਦੇ ਮੈਂਬਰ, ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਵੈਦ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।