ਨਵਾਂਸ਼ਹਿਰ, 21 ਦਸੰਬਰ: ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹਾ
ਪ੍ਰਬੰਧਕੀ ਕੰਪਲੈਕਸ ਵਿਖੇ ਕੁਦਰਤੀ, ਇਤਿਹਾਸਕ ਅਤੇ ਧਾਰਮਿਕ ਸਥਾਨਾਂ ਸਬੰਧੀ ਆਮ ਜਨਤਾ
ਤੱਕ ਜਾਣਕਾਰੀ ਪਹੁੰਚਾਉਣ ਦੇ ਲਈ ਬਣਾਏ ਜਾ ਰਹੇ ਬਰੋਸ਼ਰ ਨੂੰ ਤਿਆਰ ਕਰਨ ਵਾਲੇ ਲੇਖਕਾਂ,
ਹੈਰੀਟੇਜ ਪ੍ਰੋਮੋਟਰ ਅਤੇ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ। ਇਸ ਤੋਂ ਪਹਿਲਾਂ ਲੇਖਕ,
ਹੈਰੀਟੇਜ ਪ੍ਰੋਮੋਟਰ ਅਤੇ ਨੇਚਰ ਕਲਾਕਾਰ ਹਰਪ੍ਰੀਤ ਸੰਧੂ ਵੱਲੋਂ ਤਿਆਰ ਕੀਤਾ ਗਿਆ ਇਕ
ਪੋਟਰੇਟ ਮਾਣਯੋਗ ਡਿਪਟੀ ਕਮਿਸ਼ਨਰ ਜੀ ਨੂੰ ਸੌਂਪਿਆ ਗਿਆ।
ਇਸ ਦੌਰਾਨ ਕੀਤੀ ਗਈ ਬੈਠਕ ਵਿੱਚ ਬਰੋਸ਼ਰ ਨੂੰ ਤਿਆਰ ਕਰਨ ਸਬੰਧੀ ਨਿਰਦੇਸ਼
ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਰੋਸ਼ਰ ਦੇ ਵਿੱਚ ਜ਼ਿਲ੍ਹੇ ਵਿੱਚ ਪੈਣ ਵਾਲੇ
ਸਾਰੇ ਇਲਾਕਿਆਂ ਦੀ ਕੁਦਰਤੀ ਸੁੰਦਰਤਾਂ ਨੂੰ ਦਰਸਾਇਆ ਜਾਵੇ। ਇਸ ਤੋਂ ਇਲਾਵਾ
ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਪਿੰਡ ਖਟਕੜ ਕਲਾਂ ਵਿਖੇ ਸਥਿਤ ਘਰ ਦੀ ਇਮਾਰਤ ਨੂੰ
ਵੀ ਦਰਸਾਇਆ ਜਾਵੇ, ਤਾਂ ਜੋ ਹਰ ਇਕ ਤੱਕ ਇਸ ਸਬੰਧੀ ਜਾਣਕਾਰੀ ਪਹੁੰਚਾਈ ਜਾ ਸਕੇ।
ਉਨ੍ਹਾਂ ਨੇ ਕਿਹਾ ਕਿ ਬਰੋਸ਼ਰ ਵਿੱਚ ਜ਼ਿਲ੍ਹੇ ਅੰਦਰ ਆਉਣ ਵਾਲੇ ਇਤਿਹਾਸਕ ਅਤੇ ਧਾਰਮਿਕ
ਸਥਾਨਾਂ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ। ਪਹਿਲਾਂ ਇਸ ਨੂੰ ਤਿਆਰ ਕਰਨ ਦੇ ਲਈ
ਮੁਢਲੀ ਰੂਪ-ਰੇਖਾ ਤਿਆਰ ਕੀਤੀ ਜਾਵੇ ਅਤੇ ਬਾਅਦ ਦੇ ਵਿੱਚ ਇਸ ਨੂੰ ਫਾਈਨਲ ਰੂਪ ਦਿੱਤਾ
ਜਾਵੇ।
ਇਸ ਮੌਕੇ 'ਤੇ ਸਹਾਇਕ ਕਮਿਸ਼ਨਰ (ਜ) ਗੁਰਲੀਨ ਕੌਰ, ਪੰਜਾਬ ਗੁੱਡ ਗਵਰਨੈਂਸ
ਫੈਲੋ ਸੰਜਨਾ ਸਕਸੈਨਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।