ਸੰਸਦ ਮੈਂਬਰ ਤਿਵਾੜੀ ਨੇ ਮਹਿੰਗਾਈ ਦੇ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਘੇਰਿਆ

ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਕਰਨ 'ਚ ਨਾਕਾਮ ਰਹੀ ਸਰਕਾਰ, ਬੰਗਾ ਵਿਧਾਨ
ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ
ਬੰਗਾ, 28 ਦਸੰਬਰ: ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ
ਮਨੀਸ਼ ਤਿਵਾੜੀ ਨੇ ਮਹਿੰਗਾਈ ਦੇ ਮੁੱਦੇ 'ਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਘੇਰਦਿਆਂ
ਕਿਹਾ ਹੈ ਕਿ ਦਿਨੋਂ-ਦਿਨ ਵੱਧ ਰਹੀਆਂ ਚੀਜ਼ਾਂ ਦੀਆਂ ਕੀਮਤਾਂ ਕਾਰਨ ਆਮ ਲੋਕਾਂ ਦਾ ਗੁਜ਼ਾਰਾ
ਔਖਾ ਹੋ ਰਿਹਾ ਹੈ। ਜਦਕਿ ਸਰਕਾਰ ਇਸ ਗੰਭੀਰ ਮਸਲੇ ਨੂੰ ਹੱਲ ਕਰਨ ਦੀ ਬਜਾਏ ਲੋਕਾਂ ਦਾ ਧਿਆਨ
ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੰਸਦ ਮੈਂਬਰ ਤਿਵਾੜੀ ਅੱਜ ਬੰਗਾ ਵਿਧਾਨ ਸਭਾ ਹਲਕੇ ਦੇ
ਵੱਖ-ਵੱਖ ਪਿੰਡਾਂ ਬਹਿਰਾਮਪੁਰ ਅਤੇ ਖਾਨਪੁਰ ਦਾ ਦੌਰਾ ਕਰਨ ਮੌਕੇ ਜਨਤਕ ਮੀਟਿੰਗਾਂ ਨੂੰ
ਸੰਬੋਧਨ ਕਰ ਰਹੇ ਸਨ।
ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ
ਦੇਸ਼ ਦੀ ਜਨਤਾ ਨਾਲ ਕਈ ਵਾਅਦੇ ਕੀਤੇ ਸਨ। ਪਰ ਇਸ ਸਰਕਾਰ ਦੇ 10 ਸਾਲ ਪੂਰੇ ਹੋਣ ਦੇ ਬਾਵਜੂਦ
ਨਾ ਤਾਂ ਲੋਕਾਂ ਦੇ ਬੈਂਕ ਖਾਤਿਆਂ ਵਿੱਚ 15-15 ਲੱਖ ਰੁਪਏ ਆਏ ਹਨ ਅਤੇ ਨਾ ਹੀ ਹਰ ਸਾਲ ਦੋ
ਕਰੋੜ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਪੂਰਾ ਹੋਇਆ ਹੈ। ਸਰਕਾਰ ਕਈ ਹੋਰ ਵਾਅਦਿਆਂ
ਨੂੰ ਪੂਰਾ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਜਦੋਂ ਕਿ ਮਹਿੰਗਾਈ ਆਮ ਲੋਕਾਂ ਦਾ
ਲੱਕ ਤੋੜ ਰਹੀ ਹੈ। ਆਟਾ, ਦਾਲ, ਚਾਵਲ, ਰਸੋਈ ਗੈਸ ਸਿਲੰਡਰ ਤੋਂ ਲੈ ਕੇ ਹਰ ਚੀਜ਼ ਦੇ ਰੇਟ
ਕਈ ਗੁਣਾ ਵਧ ਗਏ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਲੋਕ ਹਿੱਤ ਵਿੱਚ ਫੈਸਲੇ ਲਏ ਹਨ ਅਤੇ ਦੇਸ਼ ਵਿੱਚ
ਪਾਰਟੀ ਦੇ ਸ਼ਾਸਨ ਵਿੱਚ ਸਭ ਤੋਂ ਵੱਧ ਵਿਕਾਸ ਹੋਇਆ ਹੈ। ਇਸ ਦਿਸ਼ਾ ਵਿੱਚ ਸੰਸਦੀ ਹਲਕੇ ਦੇ
ਵਿਕਾਸ ਲਈ ਉਨ੍ਹਾਂ ਵੱਲੋਂ ਲਗਾਤਾਰ ਫੰਡ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਪਿੰਡ ਤਲਵੰਡੀ
ਜੱਟਾਂ ਅਤੇ ਮਹਿਰਾਮਪੁਰ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ ਇਲਾਕਾ ਵਾਸੀਆਂ ਨੂੰ ਸਾਢੇ 5
ਲੱਖ ਰੁਪਏ ਦੀ ਗ੍ਰਾਂਟ ਸੌਂਪੀ।
ਜਿੱਥੇ ਹੋਰਨਾਂ ਤੋਂ ਇਲਾਵਾ, ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਡ, ਜ਼ਿਲ੍ਹਾ ਯੋਜਨਾ ਬੋਰਡ
ਦੇ ਸਾਬਕਾ ਚੇਅਰਮੈਨ ਸਤਵੀਰ ਸਿੰਘ ਪੱਲੀਝਿੱਕੀ, ਕਮਲਜੀਤ ਬੰਗਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ,
ਡਾ: ਹਰਪ੍ਰੀਤ ਕੈਂਥ ਸੀਨੀਅਰ ਕਾਂਗਰਸੀ ਆਗੂ, ਦਰਵਜੀਤ ਸਿੰਘ ਪੁਨੀ ਸਾਬਕਾ ਚੇਅਰਮੈਨ ਮਾਰਕੀਟ
ਕਮੇਟੀ ਬੰਗਾ, ਰਾਜਿੰਦਰ ਸ਼ਰਮਾ, ਦਰਸ਼ਨ ਸਿੰਘ ਗੋਸਲ ਸਰਪੰਚ, ਕੁਲਵਰਨ ਸਿੰਘ ਥਾਂਦੀਆਂ ਬਲਾਕ
ਪ੍ਰਧਾਨ ਬੰਗਾ, ਰਾਮ ਦਾਸ ਸਿੰਘ ਬਲਾਕ ਪ੍ਰਧਾਨ ਔੜ, ਮਨਦੀਪ ਸਿੰਘ ਮਹਿਰਾਮਪੁਰ, ਸਰਪੰਚ
ਵਰਿੰਦਰ ਕੁਮਾਰ, ਮਨਜੀਤ ਕੌਰ ਪੰਚ, ਕਿਰਨਦੀਪ ਕੌਰ, ਸਰਪੰਚ ਰਾਮ ਸਿੰਘ, ਸਰਪੰਚ ਅਵਤਾਰ ਸਿੰਘ,
ਧਰਮ ਸਿੰਘ ਆਦਿ ਹਾਜ਼ਰ ਸਨ |