-ਕੈਬਨਿਟ ਮੰਤਰੀ ਨੇ ਚਾਰ ਸਾਹਿਬਜਾਦਿਆਂ ਦੀ ਯਾਦ 'ਚ ਕਰਵਾਏ ਗਏ ਬਾਸਕਿਟਬਾਲ ਟੂਰਨਾਮੈਂਟ 'ਚ ਪਹੁੰਚ ਕੇ ਖਿਡਾਰੀਆਂ ਦਾ ਵਧਾਇਆ ਹੌਂਸਲਾ
ਹੁਸ਼ਿਆਰਪੁਰ, 23 ਦਸੰਬਰ: ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਂ ਨੂੰ ਨਮਨ ਕਰਦਿਆਂ ਕਿਹਾ ਕਿ ਸਾਹਿਬਜਾਦਿਆਂ ਵਲੋਂ ਛੋਟੀ ਉਮਰ ਵਿਚ ਮਹਾਨ ਬਲੀਦਾਨ ਦੇਣ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿਚ ਕਿਤੇ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜਾਦਿਆਂ ਦੇ ਮਹਾਨ ਬਲੀਦਾਨ ਨੂੰ ਯਾਦ ਕਰਨਾ ਸਮੇਂ ਦੀ ਜ਼ਰੂਰਤ ਹੈ। ਉਹ ਅੱਜ ਪਿੰਡ ਮੜੂਲੀ ਬ੍ਰਾਹਮਣਾਂ ਵਿਖੇ ਯੂਨਾਈਟਡ ਸਪੋਰਟਸ ਕਲੱਬ ਵਲੋਂ ਚਾਰ ਸਾਹਿਬਜਾਦਿਆਂ ਦੀ ਯਾਦ ਵਿਚ ਕਰਵਾਏ ਗਏ 5ਵੇਂ ਬਾਸਕਿਟਬਾਲ ਟੂਰਨਾਮੈਂਟ ਦੌਰਾਨ ਇਲਾਕਾ ਨਿਵਾਸੀਆਂ ਤੇ ਖਿਡਾਰੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਇਸ ਦੌਰਾਨ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿ ਕੇ ਖੇਡ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਚਾਰ ਸਾਹਿਬਜਾਦਿਆਂ ਦੇ ਬਲੀਦਾਨ ਤੋਂ ਪ੍ਰੇਰਣਾ ਲੈਣ ਲਈ ਕਿਹਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਗੁਰੂਆਂ ਦੇ ਦਰਸਾਏ ਮਾਰਗ 'ਤੇ ਚੱਲਦੇ ਹੋਏ ਸਰਬੱਤ ਦੇ ਭਲੇ ਲਈ ਕੰਮ ਕਰ ਰਹੀ ਹੈ ਅਤੇ ਲੋਕਾਂ ਨੂੰ ਗੁਰੂਆਂ ਦੇ ਉਪਦੇਸ਼ ਤੇ ਉਨ੍ਹਾਂ ਦੇ ਮਹਾਨ ਬਲੀਦਾਨ ਤੋਂ ਸਿੱਖਿਆ ਲੈਣ ਲਈ ਪ੍ਰੇਰਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਇਥੇ ਦੀ ਜਵਾਨੀ ਨੂੰ ਸੂਬੇ ਦੇ ਵਿਕਾਸ ਨਾਲ ਜੋੜਨ ਲਈ ਸਰਕਾਰ ਯਤਨਸ਼ੀਲ ਹੈ, ਜਿਸ ਲਈ ਉਨ੍ਹਾਂ ਨੂੰ ਖੇਡ ਗਤੀਵਿਧੀਆਂ ਨਾਲ ਜੋੜਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਹਿਬਜਾਦਿਆਂ ਦੀ ਯਾਦ ਵਿਚ ਅੱਜ ਦਾ ਇਹ ਟੂਰਨਾਮੈਂਟ ਬਿਨਾ ਕਿਸੇ ਜਸ਼ਨ ਦੇ ਆਯੋਜਿਤ ਕੀਤਾ ਗਿਆ ਅਤੇ ਸਾਰੇ ਖਿਡਾਰੀਆਂ ਤੇ ਪਿੰਡ ਵਾਸੀਆਂ ਨੇ ਸਾਹਿਬਜਾਦਿਆਂ ਦੇ ਬਲੀਦਾਨ ਨੂੰ ਨਮਨ ਕੀਤਾ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ 20 ਤੋਂ 30 ਦਸੰਬਰ ਤੱਕ ਕੋਈ ਵੀ ਖੁਸ਼ੀ ਦਾ ਸਮਾਗਮ ਨਾ ਕਰਵਾਉਣ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਰਾਜ ਸਰਕਾਰ ਦੁਆਰਾ ਦਸ਼ਮ ਪਿਤਾ ਦੇ ਪਰਿਵਾਰ ਦੇ ਮਹਾਨ ਬਲੀਦਾਨ ਨੂੰ ਨਿੱਘੀ ਸ਼ਰਧਾਂਜ਼ਲੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ 'ਤੇ ਪੂਰੇ ਸੂਬੇ ਵਿਚ ਸ਼ਹੀਦੀ ਸਭਾ ਦੌਰਾਨ 27 ਦਸੰਬਰ ਨੂੰ ਸੋਗ ਦਾ ਬਿਗੁਲ ਬਜਾਇਆ ਜਾਵੇਗਾ, ਜਿਸ ਦੌਰਾਨ ਲੋਕ ਸਾਹਿਬਜਾਦਿਆਂ ਦੀ ਮਹਾਨ ਸ਼ਹਾਦਤ ਨੂੰ ਨਮਨ ਕਰਨਗੇ। ਉਨ੍ਹਾਂ ਕਿਹਾ ਕਿ ਦਸੰਬਰ ਦਾ ਮਹੀਨਾ, ਜਿਸ ਦੌਰਾਨ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੁਚੇ ਪਰਵਿਾਰ ਨੂੰ ਸ਼ਹੀਦ ਕੀਤਾ ਗਿਆ ਸੀ, ਸਮੁਚੀ ਮਾਨਵਤਾ ਲਈ ਸ਼ੋਕ ਦਾ ਮਹੀਨਾ ਹੈ।
ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸਾਹਿਬਜਾਦਿਆਂ ਦਾ ਪਾਵਨ ਬਲੀਦਾਨ ਰਾਸ਼ਟਰ ਅਤੇ ਧਰਮ ਦੀ ਰੱਖਿਆ ਲਈ ਸਾਰਿਆਂ ਨੂੰ ਪ੍ਰੇਰਣਾ ਦਿੰਦਾ ਹੈ। ਧਰਮ ਦੀ ਰੱਖਿਆ ਲਈ ਸਮਰਪਿਤ ਉਨ੍ਹਾਂ ਦਾ ਜੀਵਨ ਸਦਾ ਲਈ ਸਾਨੂੰ ਮਾਰਗਦਰਸ਼ਨ ਦਿੰਦਾ ਰਹੇਗਾ। ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਲਈ ਆਪਣਾ ਬਲੀਦਾਨ ਦਿੱਤਾ ਅਤੇ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲਦੇ ਹੋਏ ਧਰਮ ਦੀ ਰੱਖਿਆ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਰਾ ਪਰਿਵਾਰ ਬਲੀਦਾਨ ਹੋ ਗਿਆ। ਇਸ ਮੌਕੇ ਯੂਨਾਈਟਡ ਸਪੋਰਟਸ ਕਲੱਬ ਦੇ ਅਧਿਕਾਰੀਆਂ ਤੋਂ ਇਲਾਵਾ ਮੇਅਰ ਸੁਰਿੰਦਰ ਕੁਮਾਰ, ਮੋਹਨ ਲਾਲ ਚਿੱਤੋਂ,
ਵਰਿੰਦਰ ਸੰਧੂ, ਐਡਵੋਕੇਟ ਰਾਹੁਲ, ਐਡਵੋਕੇਟ ਅਮਰਜੋਤ ਸੈਣੀ, ਤਰੁਣ ਅਰੋੜਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।