(ਨਵਾਂ ਸ਼ਹਿਰ) 08 ਦਸੰਬਰ - ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਵੀਰਵਾਰ ਨੂੰ
ਪਿੰਡ ਤਲਵੰਡੀ ਸਿਬੂ, ਲਾਲੇਵਾਲ ਅਤੇ ਤਾਜਪੁਰ ਖੋਜਾਂ ਵਿਖੇ ਸਤਲੁਜ ਦਰਿਆ ਤੇ ਅਵੈਧ ਮਾਇਨਿੰਗ
ਸਬੰਧੀ ਅਚਨਚੇਤ ਚੈਕਿੰਗ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ. ਸ਼ਿਵ ਰਾਜ ਸਿੰਘ ਬੱਲ
ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਪਿੰਡਾਂ ਦੇ ਨਾਲ ਲਗਦੇ
ਸਤਲੁਜ ਦਰਿਆ ਤੇ ਅਵੈਧ ਮਾਇਨਿੰਗ ਕੀਤੀ ਜਾ ਰਹੀ ਹੈ। ਸੂਚਨਾ ਮਿਲਣ ਉਪਰੰਤ ਜਦੋਂ ਦਰਿਆ ਵਿਖੇ
ਅਚਨਚੇਤ ਚੈਕਿੰਗ ਕੀਤੀ ਗਈ ਤਾਂ ਦੇਖਿਆ ਗਿਆ ਕਿ ਦਰਿਆ ਦੇ ਵਿਚੋਂ ਰੇਤਾਂ ਚੁੱਕੀ ਗਈ ਲਗਦੀ
ਸੀ। ਉਨ੍ਹਾਂ ਨੇ ਕਿਹਾ ਕਿ ਇਸ ਦੀ ਜਾਂਚ ਦੇ ਲਈ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ ਤੇ
ਬੁਲਾ ਕੇ ਜਾਇਜ਼ਾ ਕਰਵਾਇਆ ਗਿਆ ਹੈ ਅਤੇ ਇਸ ਸਬੰਧੀ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੇ ਨਿਰਦੇਸ਼
ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਕੰਮ ਕਰਵਾਉਣ ਦੇ ਲਈ ਰੇਤਾਂ ਦੀ
ਜ਼ਰੂਰਤ ਪੈਂਦੀ ਹੈ ਤਾਂ ਉਹ ਸਰਕਾਰ ਵੱਲੋਂ ਮੰਨਜ਼ੂਰਸ਼ੁਦਾ ਸਰਕਾਰੀ ਖੱਡਾਂ ਵਿਚੋਂ ਸਰਕਾਰੀ ਫੀਸ
ਦੇ ਕੇ ਰੇਤਾਂ ਖਰੀਦ ਸਕਦੇ ਹਨ। ਇਸ ਤਰ੍ਹਾਂ ਦੇ ਨਾਲ ਕਿਸੇ ਨੂੰ ਵੀ ਦਰਿਆ ਦੇ ਵਿਚੋਂ ਰੇਤਾਂ
ਕਢਣ ਦੀ ਇਜ਼ਾਜਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਕਾਰਵਾਈ
ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ।