ਮੋਟੇ ਅਨਾਜ ਨੂੰ ਆਪਣੀ ਖ਼ੁਰਾਕ ਵਿਚ ਸ਼ਾਮਲ ਕਰਕੇ ਸਿਹਤਮੰਦ ਰਿਹਾ ਜਾ ਸਕਦੈ : ਡਾ. ਲਖਬੀਰ ਸਿੰਘ

ਹੁਸ਼ਿਆਰਪੁਰ, 8 ਦਸੰਬਰ : ਅੱਜ ਕਲੱਸਟਰ ਸੈਂਟਰ ਸਕੂਲ ਬਾਗਪੁਰ ਵਿਖੇ ਜ਼ਿਲ੍ਹਾ ਸਿਹਤ
ਅਫ਼ਸਰ ਡਾ. ਲਖਬੀਰ ਸਿੰਘ ਅਤੇ
ਉਨ੍ਹਾਂ ਦੀ ਟੀਮ ਵੱਲੋਂ ਵਿਦਿਆਰਥੀਆਂ ਨੂੰ ਮੋਟੇ ਅਨਾਜ, ਸਕਾਰਾਤਮਕ ਭੋਜਨ ਅਤੇ ਯੋਗਾ ਬਾਰੇ
ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿਚ ਸਰਕਾਰੀ
ਐਲੀਮੈਂਟਰੀ ਸਕੂਲ ਬਾਗਪੁਰ, ਸਤੌਰ, ਬੱਸੀ ਮਦਾਨ, ਬੱਸੀ ਕੱਸੋ, ਜਲਾਲਪੁਰ ਅਤੇ ਬੱਸੀ ਮਰੂਫ ਦੇ
ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਿਹਤ ਅਫ਼ਸਰ ਡਾ.
ਲਖਬੀਰ ਸਿੰਘ ਨੇ ਮਿਲੇਟਸ, ਜਿਵੇਂ ਬਾਜਰਾ, ਜਵਾਰ, ਰੌਂਗੀ, ਸਵਾਂਗ ਆਦਿ ਦੇ ਪੌਸ਼ਟਿਕ ਮੁੱਲ
ਅਤੇ ਲਾਭਕਾਰੀ ਸਿਹਤ ਗੁਣਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਬਾਜਰਾ ਕੁਪੋਸ਼ਣ
ਅਤੇ ਸੂਖਮ ਪੌਸ਼ਟਿਕ ਤੱਤਾਂ ਦੀ ਘਾਟ ਨੂੰ ਦੂਰ ਕਰਨ ਲਈ ਇਕ ਉੱਤਮ ਅਨਾਜ ਹੈ। ਉਨ੍ਹਾਂ ਸਾਰਿਆਂ
ਨੂੰ ਆਪਣੀ ਖੁਰਾਕ ਵਿਚ ਮਿਲੇਟਸ ਨੂੰ ਸ਼ਾਮਲ ਕਰਨ ਦੇ ਫਾਇਦਿਆਂ ਬਾਰੇ ਵੀ ਵਿਸਥਾਰਪੂਰਵਕ
ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮਿਲੇਟਸ ਵਿਚ ਪ੍ਰੋਟੀਨ, ਕੈਲਸ਼ੀਅਮ, ਆਇਰਨ, ਫਾਈਬਰ ਅਤੇ
ਐਂਟੀਆਕਸੀਡੈਂਟਸ ਭਰਪੂਰ ਮਾਤਰਾ ਵਿਚ ਹੁੰਦੇ ਹਨ। ਇਸ ਲਈ ਹਫਤੇ 'ਚ ਘੱਟੋ-ਘੱਟ ਦੋ ਦਿਨ ਕਣਕ
ਦੀ ਬਜਾਏ ਮਿਲੇਟਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਇਸ ਦੌਰਾਨ ਉਨ੍ਹਾਂ ਸਾਰਿਆਂ ਨੂੰ
ਰੋਜ਼ਾਨਾ ਸਵੇਰੇ ਕਸਰਤ ਕਰਨ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਕਸਰਤ ਦੇ ਨਾਲ-ਨਾਲ
ਪ੍ਰਾਣਾਯਾਮ ਵਰਗੇ ਯੋਗਾ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਓ। ਇਸ ਦੌਰਾਨ ਵਿਦਿਆਰਥੀਆਂ
ਨੂੰ ਸਵਾਂਗ ਖੀਰ, ਮੋਟੇ ਅਨਾਜ ਦੇ ਬਿਸਕੁਟ, ਜੂਸ ਅਤੇ ਸਕਾਰਾਤਮਕ ਭੋਜਨ ਵੀ ਦਿੱਤਾ ਗਿਆ। ਇਸ
ਮੌਕੇ ਮੁੱਖ ਅਧਿਆਪਕਾ ਮਨਜੀਤ ਕੌਰ ਤੋਂ ਇਲਾਵਾ ਰਿੰਪਲ, ਸੁਖਵਿੰਦਰ ਕੌਰ, ਜਸਵਿੰਦਰ ਕੌਰ,
ਹਰਮੀਤ ਕੌਰ, ਸਰਿਤਾ ਦੇਵੀ, ਨੇਹਾ ਸ਼ਰਮਾ, ਰਣਜੀਤ ਕੌਰ, ਫੂਡ ਸੇਫਟੀ ਅਫਸਰ ਮੁਨੀਸ਼ ਸੋਢੀ,
ਫੂਡ ਸੇਫਟੀ ਅਫਸਰ ਵਿਵੇਕ ਕੁਮਾਰ, ਪਰਮਜੀਤ ਸਿੰਘ, ਨਰੇਸ਼ ਕੁਮਾਰ, ਗੁਰਵਿੰਦਰ ਸਿੰਘ ਆਦਿ
ਹਾਜ਼ਰ ਸਨ।