Fwd: ਸਮਾਜ ਸੇਵੀ ਸੰਸਥਾਵਾਂ ਦਾ ਸਿੱਖਿਆ ਅਤੇ ਮਨੁੱਖਤਾ ਦੀ ਭਲਾਈ ਵਿਚ ਅਹਿਮ ਯੋਗਦਾਨ-ਬ੍ਰਮ ਸ਼ੰਕਰ ਜਿੰਪਾ

ਸਮਾਜ ਸੇਵੀ ਸੰਸਥਾਵਾਂ ਦਾ ਸਿੱਖਿਆ ਅਤੇ ਮਨੁੱਖਤਾ ਦੀ ਭਲਾਈ ਵਿਚ ਅਹਿਮ ਯੋਗਦਾਨ-ਬ੍ਰਮ ਸ਼ੰਕਰ ਜਿੰਪਾ
 -ਗੁਰੂ ਨਾਨਕ ਇੰਟਰਨੈਸ਼ਲ ਐਜੂਕੇਸ਼ਨਲ ਟਰੱਸਟ ਵੱਲੋਂ ਅਪਣਾਏ ਅੱਜੋਵਾਲ ਸਕੂਲ ਦੇ ਸਾਲਾਨਾ ਸਮਾਗਮ ਵਿਚ ਕੀਤੀ ਸ਼ਿਰਕਤ
-ਕਿਹਾ, ਪੰਜਾਬ ਸਰਕਾਰ ਅਜਿਹੀਆਂ ਸੰਸਥਾਵਾਂ ਦਾ ਦੇਵੇਗੀ ਪੂਰੀ ਸਾਥ
ਹੁਸ਼ਿਆਰਪੁਰ, 26 ਅਕਤੂਬਰ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਸਿੱਖਿਆ ਅਤੇ ਮਨੁੱਖਤਾ ਦੀ ਭਲਾਈ ਵਿਚ ਅਹਿਮ ਯੋਗਦਾਨ ਪਾ ਰਹੀਆਂ ਹਨ ਅਤੇ ਅਜਿਹੀਆਂ ਸੰਸਥਾਵਾਂ ਸਾਡੇ ਲਈ ਰਾਹ ਦਿਸੇਰਾ ਹਨ। ਉਹ ਅੱਜ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨਲ ਟਰੱਸਟ ਵੱਲੋਂ ਅਪਣਾਏ ਸਰਕਾਰੀ ਐਲੀਮੈਂਟਰੀ ਸਕੂਲ ਅੱਜੋਵਾਲ ਦੇ ਸਾਲਾਨਾ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਸਾਡਾ ਰਾਹ ਦਿਸੇਰਾ ਹਨ ਅਤੇ ਉਹ ਇਨ੍ਹਾਂ ਸੰਸਥਾਵਾਂ ਨੂੰ ਸਲਾਮ ਕਰਦੇ ਹਨ, ਜੋ ਦਿਨ-ਰਾਤ ਮਾਨਵਤਾ ਦੀ ਸੇਵਾ ਵਿਚ ਲੱਗੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨਲ ਟਰੱਸਟ ਦੱਬੇ-ਕੁਚਲੇ ਲੋਕਾਂ ਲਈ ਵਰਦਾਨ ਬਣੀ ਹੋਈ ਹੈ, ਜਿਸ ਨੇ ਸਲੱਮ ਏਰੀਏ ਦੇ ਇਸ ਸਕੂਲ ਨੂੰ ਅਪਣਾ ਕੇ ਲੋੜਵੰਦ ਬੱਚਿਆਂ ਨੂੰ ਸਿੱਖਿਆ ਦੇ ਲੜ ਲਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਸਕੂਲ ਵਿਚ 100 ਫੀਸਦੀ ਝੁੱਗੀ-ਝੌਂਪੜੀਆਂ ਵਾਲੇ ਬੱਚੇ ਪੜ੍ਹਦੇ ਹਨ ਅਤੇ 2017 ਵਿਚ ਇਸ ਸੰਸਥਾ ਨੇ ਇਸ ਸਕੂਲ ਨੂੰ ਅਪਣਾ ਕੇ ਲੋੜਵੰਦ ਬੱਚਿਆਂ ਦੀ ਬਾਂਹ ਫੜੀ ਸੀ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਹਰੇਕ ਸਾਲ ਅਜਿਹਾ ਸਾਲਾਨਾ ਸਮਾਗਮ ਕਰਵਾ ਕੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਵਰਦੀਆਂ ਅਤੇ ਹੋਰ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਕੂਲ ਦੇ ਪੜ੍ਹੇ ਹੋਏ ਬੱਚੇ ਇਸ ਵੇਲੇ ਸਰਕਾਰੀ ਆਈ. ਟੀ. ਆਈ ਅਤੇ ਬਹੁ-ਤਕਨੀਕੀ ਕਾਲਜ ਵਿਖੇ ਉੱਚ ਮਿਆਰੀ ਸਿੱਖਿਆ ਗ੍ਰਹਿਣ ਕਰ ਰਹੇ ਹਨ, ਜੋ ਕਿ ਬੜੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜਿਹੀਆਂ ਸੰਸਥਾਵਾਂ ਦਾ ਪੂਰਾ ਸਾਥ ਦੇਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਸਕੂਲ ਸਮੇਤ ਇਲਾਕੇ ਦੇ ਹੋਰਨਾਂ ਸਕੂਲਾਂ ਲਈ ਕਰੀਬ 10 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਇਨਾਮ ਵੀ ਤਕਸੀਮ ਕੀਤੇ। ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਵੰਨ੍ਹਗੀਆਂ ਦੀ ਪੇਸ਼ਕਾਰੀ ਕੀਤੀ ਗਈ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਪਰਸਨ ਕਰਮਜੀਤ ਕੌਰ, ਗੁਰੂ ਨਾਨਕ ਇੰਟਰਨੈਸ਼ਲ ਐਜੂਕੇਸ਼ਨਲ ਟਰੱਸਟ ਦੇ ਚੇਅਰਮੈਨ ਰਣਜੀਤ ਸਿੰਘ (ਯੂ. ਕੇ), ਪ੍ਰਧਾਨ ਪ੍ਰੋ. ਬਹਾਦਰ ਸਿੰਘ ਸੁਨੇਤ, ਮੈਨੇਜਿੰਗ ਟਰੱਸਟੀ ਜੇ. ਐਸ. ਆਹਲੂਵਾਲੀਆ (ਸੇਵਾਮੁਕਤ ਆਈ. ਆਰ. ਐਸ), ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਹਰਭਗਵੰਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸੰਜੀਵ ਗੌਤਮ, ਮੁੱਖ ਅਧਿਆਪਕ ਪਰਵੀਨ ਕੁਮਾਰ, ਟਰੱਸਟੀ ਦਰਸ਼ਨ ਸਿੰਘ, ਵਰਿੰਦਰ ਸਿੰਘ ਪਰਹਾਰ, ਐਡਵੋਕੇਟ ਜਸਪਾਲ ਸਿੰਘ, ਗੁਰਪ੍ਰੀਤ ਸਿੰਘ, ਬਲਜੀਤ ਸਿੰਘ ਪਨੇਸਰ, ਐਚ. ਐਸ ਸੈਣੀ, ਮਨਮੋਹਨ ਸਿੰਘ, ਸੁਖਦੇਵ ਸਿੰਘ ਲਾਜ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।