ਪ੍ਰਵਾਸੀ ਮਜਦੂਰ ਦੇ ਅੰਨ੍ਹੇ ਕਤਲ ਦੀ ਗੁੱਥੀ 106 ਘੰਟਿਆਂ 'ਚ ਸੁਲਝਾਈ, ਮੁਲਜ਼ਮ ਕਾਬੂ

ਪ੍ਰਵਾਸੀ ਮਜਦੂਰ ਦੇ ਅੰਨ੍ਹੇ ਕਤਲ ਦੀ ਗੁੱਥੀ 106 ਘੰਟਿਆਂ 'ਚ ਸੁਲਝਾਈ, ਮੁਲਜ਼ਮ ਕਾਬੂ


ਪ੍ਰਦੀਪ ਭਨੋਟ, ਨਵਾਂਸ਼ਹਿਰ : 2-3 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਭੱਦੀ ਨੇੜੇ ਖੇਤਾਂ 'ਚ ਡੇਰੇ 'ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਸਿਕੰਦਰ ਰਾਮ ਦਾ ਕਤਲ ਕਰਨ ਵਾਲੇ ਕਥਿਤ ਮੁਲਜ਼ਮ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਮਹਿਜ 106 ਘੰਟਿਆਂ ਵਿਚ ਗਿ੍ਫਤਾਰ ਕਰ ਲਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਪਤਾਨ ਪੁਲਿਸ (ਜਾਂਚ) ਦੀ ਨਿਗਰਾਨੀ ਹੇਠ ਡੀਐੱਸਪੀ (ਡੀ), ਡੀਐੱਸਪੀ ਸਬ-ਡਵੀਜ਼ਨ ਬਲਾਚੌਰ, ਇੰਚਾਰਜ ਸੀਆਈਏ ਅਤੇ ਮੁੱਖ ਅਫਸਰ ਥਾਣਾ ਬਲਾਚੌਰ 'ਤੇ ਆਧਾਰਿਤ ਵੱਖ-ਵੱਖ 4 ਟੀਮਾਂ ਬਣਾਈਆਂ ਗਈਆਂ। 

ਐੱਸਐੱਸਪੀ ਚੌਧਰੀ ਨੇ ਦੱਸਿਆ ਕਿ ਪੁਲਿਸ ਥਾਣਾ ਬਲਾਚੌਰ ਵੱਲੋਂ ਬੀਤੀ 3 ਅਕਤੂਬਰ ਨੂੰ ਹਾਜਰਾ ਵਾਸੀ ਭੱਦੀ ਨੇ ਸੂਚਨਾ ਦਿੱਤੀ ਕਿ ਉਹ ਨੇੜੇ ਗੁਰਦੁਆਰਾ ਪ੍ਰਭੂ ਨਿਵਾਸ ਭੱਦੀ ਦੇ ਪਿਛਲੇ ਪਾਸੇ ਖੇਤਾਂ ਵਿਚ ਡੇਰਾ ਬਣਾ ਕੇ ਪਰਿਵਾਰ ਸਮੇਤ ਰਹਿ ਰਹੀ ਹੈ। ਉਸ ਨੇ ਮੱਝਾਂ ਰੱਖੀਆਂ ਹੋਈਆਂ ਹਨ। ਉਸ ਨੇ ਆਪਣੇ ਡੇਰੇ ਦੀ ਰਾਖੀ ਸਿਕੰਦਰ ਰਾਮ ਪੁੱਤਰ ਦੋਹਰ ਰਾਮ ਵਾਸੀ ਗੋਡੀਆ ਹਿਰਾਜ ਥਾਣਾ ਸ਼ਿੰਕਾਰ ਗੰਜ ਜ਼ਿਲ੍ਹਾ ਮਤਿਹਾਰੀ (ਬਿਹਾਰ) ਨੂੰ ਨੌਕਰ ਰੱਖਿਆ ਹੋਇਆ ਸੀ। ਨੌਕਰੀ ਲੱਗਣ ਸਮੇਂ ਸਿਕੰਦਰ ਰਾਮ ਨੇ ਉਸ ਨੂੰ ਦੱਸਿਆ ਕਿ ਪਿੰਟੂ ਪ੍ਰਸ਼ਾਦ ਜੋ ਭੱਦੀ ਸਰਵਿਸ ਸਟੇਸ਼ਨ 'ਤੇ ਕੰਮ ਕਰਦਾ ਹੈ। ਉਸ ਨੂੰ ਜਾਨ ਮਾਰਨ ਦੀਆਂ ਧਮਕੀਆਂ ਦਿੰਦਾ ਹੈ। ਕਰੀਬ 4 ਦਿਨ ਪਹਿਲਾਂ ਉਹ ਆਪਣੇ ਬੱਚਿਆਂ ਸਮੇਤ ਪਸ਼ੂਆਂ ਨੂੰ ਚਰਾਉਣ ਵਾਸਤੇ ਨੂਰਪੁਰਬੇਦੀ ਜਿਲ੍ਹਾ ਰੂਪਨਗਰ ਚੱਲੀ ਗਈ ਸੀ। ਅੱਜ ਉਸ ਨੂੰ ਗੁਰਦੁਆਰਾ ਪ੍ਰਭੂ ਨਿਵਾਸ ਭੱਦੀ ਦੇ ਸੇਵਾਦਾਰ ਨੇ ਫ਼ੋਨ 'ਤੇ ਦੱਸਿਆ ਕਿ ਸਿਕੰਦਰ ਰਾਮ ਦਾ ਕਿਸੇ ਨੇ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਹੈ। ਜਿਸ 'ਤੇ ਹਾਜਰਾ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਸੀ। 

ਐੱਸਐੱਸਪੀ ਨੇ ਦੱਸਿਆ ਕਿ ਇਨਾਂ ਟੀਮਾਂ ਵੱਲੋਂ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਮੌਕੇ ਤੇ ਸਬੂਤਾਂ ਅਤੇ ਹਰ ਇੱਕ ਪਹਿਲੂ ਤੇ ਡੂੰਘਾਈ ਨਾਲ ਤਫਤੀਸ਼ ਕਰਦੇ ਹੋਏ ਮੁਕੱਦਮੇ 'ਚ ਸ਼ੱਕ ਦੇ ਘੇਰੇ 'ਚ ਆਉਦੇ ਪਿੰਟੂ ਕੁਮਾਰ ਨੂੰ ਗਿ੍ਫਤਾਰ ਕਰਨ ਲਈ ਖੁਫੀਆਂ ਸੋਰਸਾਂ ਦੀ ਮਦਦ ਲੈਂਦੇ ਹੋਏ ਅਤੇ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਜਿਸ 'ਤੇ ਉਕਤ ਮੁਲਜ਼ਮ ਪਿੰਟੂ ਕੁਮਾਰ ਪੁੱਤਰ ਰਾਮ ਪ੍ਰਸ਼ਾਦ ਮੁੱਖੀਆ ਵਾਸੀ ਪਿੰਡ ਤਲਵੰਡੀਆ ਚੌਧਰੀਆ ਜਿਲ੍ਹਾ ਕਪੂਰਥਲਾ ਨੂੰ ਗਿ੍ਫਤਾਰ ਕਰ ਲਿਆ। ਦੌਰਾਨੇ ਤਫਤੀਸ਼ ਸਾਹਮਣੇ ਆਇਆ ਕਿ ਮਿ੍ਤਕ ਸਿਕੰਦਰ ਰਾਮ 5.7 ਦਿਨਾਂ ਪਹਿਲਾਂ ਹੀ ਡੇਰੇ 'ਤੇ ਕੰਮ ਕਰਨ ਲੱਗਾ ਸੀ। ਹਜ਼ਾਰਾ ਆਪਣੇ ਬੱਚਿਆਂ ਸਮੇਤ ਆਪਣੇ ਪਸ਼ੂਆਂ ਨੂੰ ਚਰਾਣ ਵਾਸਤੇ ਨੂਰਪੁਰ ਬੇਦੀ ਸਾਈਡ ਚੱਲੇ ਗਏ ਅਤੇ ਮਿ੍ਤਕ ਸਿਕੰਦਰ ਰਾਮ ਨੂੰ ਆਪਣੇ ਡੇਰੇ ਦੀ ਰਾਖੀ ਲਈ ਛੱਡ ਗਿਆ। ਪੁਰਾਣੀ ਰੰਜਿਸ਼ ਦੇ ਚੱਲਦਿਆਂ ਵਾਰਦਾਤ ਵਾਲੀ ਰਾਤ ਕਥਿਤ ਮੁਲਜ਼ਮ ਪਿੰਟੂ ਕੁਮਾਰ ਨੇ ਨੇੜੇ ਦੇ ਠੇਕੇ ਤੋਂ ਸ਼ਰਾਬ ਖਰੀਦੀ ਅਤੇ ਇਕਠਿਆਂ ਬੈਠ ਕੇ ਸ਼ਰਾਬ ਪੀਤੀ। ਜਦੋਂ ਸਿਕੰਦਰ ਰਾਮ ਪੂਰੀ ਤਰਾਂ ਸ਼ਰਾਬੀ ਹੋ ਗਿਆ ਤਾਂ ਮੁਲਜ਼ਮ ਨੇ ਕਹੀ ਦੇ ਵੱਜੇ ਨਾਲ ਸਿਕੰਦਰ ਰਾਮ ਦੇ ਸਿਰ 'ਚ ਵਾਰ ਕੀਤੇ ਅਤੇ ਬਾਅਦ 'ਚ ਇੱਟ ਨਾਲ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।