Fwd: -ਮੋਟਰਸਾਈਕਲ ਰੈਲੀ ਦਾ ਖਟਕੜ ਕਲਾਂ ਵਿਖੇ ਪੁੱਜਣ ‘ਤੇ ਕੀਤਾ ਗਿਆ ਭਰਵਾ ਸਵਾਗਤ: ਡਿਪਟੀ ਕਮਿਸ਼ਨਰ


-ਮੋਟਰਸਾਈਕਲ ਰੈਲੀ ਦਾ ਖਟਕੜ ਕਲਾਂ ਵਿਖੇ ਪੁੱਜਣ 'ਤੇ ਕੀਤਾ ਗਿਆ ਭਰਵਾ ਸਵਾਗਤ: ਡਿਪਟੀ ਕਮਿਸ਼ਨਰ

-ਡਿਪਟੀ ਕਮਿਸ਼ਨਰ, ਡੀ.ਆਈ.ਜੀ ਗਰੁੱਪ ਸੈਂਟਰ ਜਲੰਧਰ ਤੇ ਐਸ.ਐਸ.ਪੀ ਨੇ ਸ਼ਹੀਦ ਭਗਤ ਸਿੰਘ ਜੀ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਦਿੱਤੀ ਸ਼ਰਧਾਂਜਲੀ

ਖਟਕੜ ਕਲਾਂ/ਨਵਾਂਸ਼ਹਿਰ, 13 ਅਕਤੂਬਰ : - 31 ਅਕਤੂਬਰ, 2023 ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਸਰਕਾਰ ਵੱਲਭ ਭਾਈ ਪਟੇਲ ਦੀ ਜਯੰਤੀ ਮਨਾਉਣ ਲਈ ਲਈ ਕੇਂਦਰੀ ਰਿਜਰਵ ਪੁਲਿਸ ਬਲ (ਸੀ.ਆਰ.ਪੀ.ਐਫ) ਵਲੋਂ ਸ੍ਰੀਨਗਰ ਦੇ ਲਾਲ ਚੌਂਕ ਤੋਂ ਰਵਾਨਾ ਹੋਈ ਮੋਟਰਸਾਈਕਲ ਰੈਲੀ ਦਾ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਮੈਮੋਰੀਅਲ ਪਿੰਡ ਖਟਕੜ ਕਲਾਂ ਵਿਖੇ ਪੁੱਜਣ 'ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਭਰਵਾ ਸਵਾਗਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ, ਡੀ.ਆਈ.ਜੀ (ਗਰੁੱਪ ਸੈਂਟਰ ਜਲੰਧਰ) ਗੁਰਸ਼ਕਤੀ ਸਿੰਘ ਸੋਢੀ, ਐਸ.ਐਸ.ਪੀ ਡਾ. ਅਖਿਲ ਚੌਧਰੀ, ਕਮਾਂਡੈਂਟ ਜੀ.ਸੀ ਜਲੰਧਰ ਜਤਿੰਦਰ ਸਿੰਘ ਅਤੇ ਉਪ ਕਮਾਂਡੈਂਟ ਤਾਰਾ ਯਾਦਵ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਇਸ ਮੌਕੇ 'ਤੇ ਸਹਾਇਕ ਕਮਿਸ਼ਨਰ (ਜ) ਗੁਰਲੀਨ ਕੌਰ ਵੀ ਮੌਜੂਦ ਸਨ। ਸਮਾਗਮ ਦੌਰਾਨ ਸੀ.ਆਰ.ਪੀ.ਐਫ ਵਲੋਂ ਬਾਈਕ ਰਾਈਡਰਾਂ, ਡਿਪਟੀ ਕਮਿਸ਼ਨਰ, ਐਸ.ਐਸ.ਪੀ ਅਤੇ ਹੋਰ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ।

          ਡਿਪਟੀ ਕਮਿਸ਼ਨਰ ਨਜਵੋਤ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਮੋਟਰਸਾਈਕਲ ਰੈਲੀ ਦੇ ਇਥੇ ਪਹੁੰਚਣ 'ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੀ.ਆਰ.ਪੀ.ਐਫ ਦੀਆਂ ਮਹਿਲਾਵਾਂ ਰਾਈਡਰਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਹੈ ਅਤੇ ਉਨ੍ਹਾਂ ਕਿਹਾ ਕਿ ਇਸ ਮੋਟਰਸਾਈਕਲ ਰੈਲੀ ਦਾ ਉਦੇਸ਼ ਭਾਰਤ ਦੇ ਨਾਗਰਿਕਾਂ ਵਿੱਚ ਰਾਸ਼ਟਰੀ ਏਕਤਾ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਮੋਟਰਸਾਈਕਲ ਰੈਲੀ ਦੇ ਸਵਾਗਤ ਸਬੰਧੀ ਥਾਂ-ਥਾਂ 'ਤੇ ਪ੍ਰਬੰਧ ਕੀਤੇ ਗਏ ਸਨ ਅਤੇ ਰਾਈਡਰਾਂ ਲਈ ਰਿਫਰੈਸ਼ਮੈਂਟ ਦੇ ਵੀ ਪ੍ਰਬੰਧ ਕੀਤਾ ਗਿਆ ਸੀ।

          ਡੀ.ਆਈ.ਜੀ (ਗਰੁੱਪ ਸੈਂਟਰ ਜਲੰਧਰ) ਗੁਰਸ਼ਕਤੀ ਸਿੰਘ ਸੋਢੀ ਨੇ ਦੱਸਿਆ ਕਿ ਸੀ.ਆਰ.ਪੀ.ਐਫ ਵਲੋਂ ਤਿੰਨ ਟੀਮਾਂ ਬਣਾ ਕੇ ਵੱਖ-ਵੱਖ ਥਾਵਾਂ ਤੋਂ ਮੋਟਰਸਾਈਕਲ ਰੈਲੀ ਰਵਾਨਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਕ ਟੀਮ ਸ੍ਰੀਨਗਰ ਤੋਂ ਦੂਸਰੀ ਟੀਮ ਸ਼ਲੋਂਗ ਤੋਂ ਅਤੇ ਤੀਸਰੀ ਟੀਮ ਕੰਨਿਆਕੁਮਾਰੀ ਤੋਂ ਰਵਾਨਾ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਜੋ ਮੋਟਰਸਾਈਕਲ ਰੈਲੀ 5 ਅਕਤੂਬਰ ਨੂੰ ਸ੍ਰੀਨਗਰ ਦੇ ਲਾਲ ਚੌਂਕ ਤੋਂ ਰਵਾਨਾ ਕੀਤੀ ਗਈ ਸੀ, ਉਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚੋਂ ਹੁੰਦੀ ਹੋਈ ਸ਼ਹੀਦ ਭਗਤ ਸਿੰਘ ਨਗਰ ਵਿਖੇ ਪਹੁੰਚੀ ਹੈ। ਉਨ੍ਹਾਂ ਦੱਸਿਆ ਕਿ ਇਸ ਰੈਲੀ ਵਿੱਚ 75 ਰਾਈਡਰ ਹਨ ਅਤੇ ਇਹ ਰੈਲੀ ਮਹਿਲਾ ਸਸ਼ਕਤੀਕਰਨ ਨੂੰ ਦਰਸਾਉਂਦੀ ਹੋਈ, ਦੇਸ਼ 'ਚ ਏਕਤਾ, ਬੇਟੀ ਬਚਾਓ ਬੇਟੀ ਪੜ੍ਹਾਓ ਦਾ ਸੰਦੇਸ਼ ਦਿੰਦੀ ਹੋਈ ਪੰਜਾਬ ਦੇ ਵੱਖ-ਵੱਖ ਹਿੱਸਿਆ 'ਚੋਂ ਲੰਘਦੀ ਹੋਈ 31 ਅਕਤੂਰ 2023 ਨੂੰ ਏਕਤਾ ਨਗਰ ਗੁਜਰਾਤ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵੀ ਹਿੱਸਿਆਂ 'ਚੋਂ ਇਹ ਰੈਲੀ ਲੰਘ ਰਹੀ ਹੈ, ਉਨ੍ਹਾਂ ਖੇਤਰਾਂ ਵਿੱਚ ਆਉਣ ਵਾਲੇ ਸਕੂਲਾਂ, ਕਾਲਜਾਂ ਤੇ ਆਮ ਲੋਕਾਂ ਨਾਲ ਗੱਲਬਾਤ ਕਰਕੇ ਜਾਗਰੂਕ ਕਰ ਰਹੀ ਹੈ।