''ਹਰ ਸ਼ੁੱਕਰਵਾਰ, ਡੇਂਗੂ 'ਤੇ ਵਾਰ'' ਮਿਸ਼ਨ ਤਹਿਤ ਡੇਂਗੂ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ


ਬੰਗਾ 13 ਅਕਤੂਬਰ :- ਸਿਵਲ ਸਰਜਨ ਡਾ. ਜਸਪੀ੍ਤ ਕੌਰ, ਸ਼ਹੀਦ ਭਗਤ ਸਿੰਘ ਨਗਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੁੱਜੋਂ ਡਾ. ਨਰੰਜਨ ਪਾਲ ਹੀਓਂ ਦੀਆਂ ਹਦਾਇਤਾਂ ਅਨੁਸਾਰ "ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ" ਲਹਿਰ ਤਹਿਤ ਭੋਜਨ ਕਾਰਨਰਾਂ 'ਤੇ ਜਾ ਕੇ ਜਾਗਰੂਕਤਾ ਫ਼ੈਲਾਉਣ ਹਿਤ ਉਲੀਕੀ ਰੂਪ-ਰੇਖਾ ਦੇ ਅੰਤਰਗਤ ਪਿੰਡ ਸੂੰਢ ਵਿਖੇ ਬੋਇਲ ਕਰੋਕਰੀ ਸਟੋਰ 'ਤੇ ਕਮਿਊਨਟੀ ਹੈਲਥ ਅਫ਼ਸਰ ਡਾ. ਗੁਰਤੇਜ ਸਿੰਘ ਦੀ ਦੇਖ-ਰੇਖ ਵਿੱਚ ਡੇਂਗੂ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਡਾ. ਗੁਰਤੇਜ ਸਿੰਘ ਨੇ ਹਾਜ਼ਰੀਨ ਨੂੰ ਬਦਲਦੇ ਮੌਸਮ ਦੌਰਾਨ ਮੱਛਰਾਂ ਦੇ ਕੱਟਣ ਨਾਲ ਹੋਣ ਵਾਲੀਆਂ  ਬਿਮਾਰੀਆਂ ਜਿਵੇਂ ਡੇਂਗੂ, ਚਿਕਨਗੁਨੀਆ, ਮਲੇਰੀਆ ਆਦਿ ਦੇ ਕਾਰਨਾਂ, ਬਚਾਅ ਅਤੇ ਇਲਾਜ਼ ਸਬੰਧੀ ਵਿਸਥਾਰ ਨਾਲ ਸਮਝਾਇਆ। ਡੇਂਗੂ ਦੀ ਬੀਮਾਰੀ ਸਮੇਂ ਤੇਜ਼ ਬੁਖਾਰ, ਅੱਖਾਂ ਦੇ ਪਿਛਲੇ ਹਿੱਸੇ 'ਚ ਤਿੱਖਾ ਦਰਦ, ਸਾਰੇ ਸਰੀਰ ਵਿੱਚ ਇਸ ਤਰ੍ਹਾਂ ਦਰਦ ਹੁੰਦੀ ਹੈ ਜਿਵੇਂ ਸਾਰੀਆਂ ਹੱਡੀਆਂ ਇਕੱਠੀਆਂ ਟੁੱਟ ਗਈਆਂ ਹੋਣ, ਭੁੱਖ ਨਾ ਲੱਗਣਾ ਆਦਿ ਲੱਛਣ ਉਤਪੰਨ ਹੁੰਦੇ ਹਨ। ਇਸ ਬਿਮਾਰੀ ਨੂੰ ਫ਼ੈਲਾਉਣ ਵਾਲਾ ਮੱਛਰ ਅਕਸਰ ਦਿਨ ਸਮੇਂ ਕੱਟਦਾ ਹੈ ਜਿਸ ਕਾਰਨ ਡੇਂਗੂ ਦੀ ਬੀਮਾਰੀ ਫੈਲਦੀ ਹੈ। ਇਹ ਮੱਛਰ ਸਾਫ਼ ਪਾਣੀ 'ਤੇ ਜਿਆਦਾ ਪਲਦਾ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਮੇ-ਸਮੇ 'ਤੇ ਕੂਲਰ, ਪਾਣੀ ਦੀ ਟੈਂਕੀ, ਗਮਲਿਆਂ ਆਦਿ ਦੀ ਸਫ਼ਾਈ ਕੀਤੀ ਜਾਣੀ ਚਾਹੀਦੀ ਹੈ। ਇਸ ਬੀਮਾਰੀ ਸਬੰਧੀ ਚਰਚਿਤ ਗਲਤਫ਼ਹਿਮੀਆਂ ਜਿਵੇਂ ਕਿ ਪਲੇਟਲੈਟਸ (ਸੈੱਲ) ਵਧਾਉਣ ਲਈ ਬੱਕਰੀ ਦਾ ਦੁੱਧ ਪਿਲਾਉਣਾ ਜੋ ਕਿਸੇ ਪੱਖੋਂ ਤਰਕਸੰਗਤ ਨਹੀਂ ਹੈ, ਟੂਣਾ ਆਦਿ ਕਰਨਾ ਬਾਰੇ ਵੀ ਚਰਚਾ ਕੀਤੀ ਗਈ। ਇਸ ਮੌਕੇ ਬੋਇਲ ਕਰੋਕਰੀ ਸਟੋਰ ਦੇ ਮਾਲਕ ਜਸਕਰਨ ਸਿੰਘ ਬੋਇਲ, ਉਨ੍ਹਾਂ ਦਾ ਸਮੂਹ ਸਟਾਫ਼, ਮਾਸਟਰ ਸੁਖਦੇਵ ਰਾਜ, ਮਨੋਹਰ ਲਾਲ, ਏਐਨਐਮ ਨਵਦੀਪ ਕੌਰ, ਆਸ਼ਾ ਵਰਕਰ ਹਰਜਿੰਦਰ ਕੌਰ, ਰੇਨੂੰ ਬਾਲਾ ਆਦਿ ਹਾਜ਼ਰ ਸਨ।
ਕੈਪਸ਼ਨ: ਡਾ. ਗੁਰਤੇਜ ਸਿੰਘ ਹਾਜ਼ਰੀਨ ਨੂੰ ਡੇਂਗੂ ਬਾਰੇ ਸਮਝਾਉਂਦੇ ਹੋਏ, ਨਾਲ ਹੋਰ।