ਸੀਆਰਐਮ ਸਕੀਮ ਤਹਿਤ ਬਲਾਕ ਦੇ ਵੱਖ-ਵੱਖ ਪਿੰਡਾਂ ਵਿੱਚ ਸਬਸਿਡੀ 'ਤੇ ਪਰਾਲੀ ਪ੍ਰਬੰਧਨ ਲਈ ਮਸ਼ੀਨਾਂ ਕਰਵਾਈਆਂ ਜਾ ਰਹੀਆਂ ਹਨ ਮੁਹੱਈਆ
ਹੁਸ਼ਿਆਰਪੁਰ, 25 ਅਕਤੂਬਰ: ਐਸ.ਡੀ.ਐਮ ਹੁਸ਼ਿਆਰਪੁਰ ਪ੍ਰੀਤ ਇੰਦਰ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਲੁਧਿਆਣਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਡਲਾ ਤਹਿਸੀਲ ਹੁਸ਼ਿਆਰਪੁਰ ਵਿਖੇ ਪਰਾਲੀ ਨੂੰ ਅੱਗ ਲਗਾਉਣ ਦੀ ਘਟਨਾ ਦਾ ਪਤਾ ਲੱਗਾ। ਸੂਚਨਾ ਮਿਲਣ 'ਤੇ ਕਲੱਸਟਰ ਅਫ਼ਸਰ ਡਾ: ਅਧਿਰਾਜ ਸਿੰਘ (ਵੈਟਰਨਰੀ ਅਫ਼ਸਰ), ਨੋਡਲ ਅਫ਼ਸਰ ਗੁਰਿੰਦਰ ਸਿੰਘ (ਪੰਚਾਇਤ ਅਫ਼ਸਰ) ਅਤੇ ਪਟਵਾਰੀ ਕੁਲਵਿੰਦਰ ਸਿੰਘ ਨੇ ਮੌਕੇ ਦਾ ਦੌਰਾ ਕੀਤਾ। ਇਸ ਦੌਰਾਨ ਕਰੀਬ 6 ਏਕੜ ਰਕਬੇ ਵਿੱਚ ਪਰਾਲੀ ਸਾੜਨ ਦੀ ਘਟਨਾ ਦੀ ਪੁਸ਼ਟੀ ਹੋਈ ਹੈ।
ਐਸਡੀਐਮ ਨੇ ਦੱਸਿਆ ਕਿ ਇਸ ਦੌਰਾਨ ਅਧਿਕਾਰੀਆਂ ਵਲੋਂ ਸਬੰਧਤ ਕਿਸਾਨ ਪਰਮਜੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਬਡਲਾ ਨਾਲ ਸੰਪਰਕ ਕੀਤਾ ਗਿਆ। ਕਿਸਾਨ ਵੱਲੋਂ ਤਸੱਲੀਬਖਸ਼ ਸਪੱਸ਼ਟੀਕਰਨ ਨਾ ਦੇਣ ਕਾਰਨ ਕਿਸਾਨ ਨੂੰ 15 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਇਸ ਮੌਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਖੇਤੀਬਾੜੀ ਅਫਸਰ ਹੁਸ਼ਿਆਰਪੁਰ-2 ਦੀਪਕ ਪੁਰੀ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਸੀਆਰਐਮ ਸਕੀਮ ਤਹਿਤ ਬਲਾਕ ਦੇ ਵੱਖ-ਵੱਖ ਪਿੰਡਾਂ ਵਿੱਚ ਸਬਸਿਡੀ 'ਤੇ ਪਰਾਲੀ ਪ੍ਰਬੰਧਨ ਲਈ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ। ਜੇਕਰ ਕਿਸੇ ਕਿਸਾਨ ਨੂੰ ਪਰਾਲੀ ਪ੍ਰਬੰਧਨ ਲਈ ਮਸ਼ੀਨ ਦੀ ਲੋੜ ਹੈ ਤਾਂ ਉਹ ਬਲਾਕ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰੇ ਪਰ ਕਿਸੇ ਵੀ ਹਾਲਤ ਵਿੱਚ ਪਰਾਲੀ ਨਾ ਸਾੜਨ ਅਤੇ ਵਾਤਾਵਰਨ ਦੀ ਸ਼ੁੱਧਤਾ ਨੂੰ ਬਣਾਈ ਰੱਖਣ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ। ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਧਰਮਵੀਰ ਸ਼ਾਰਦਾ, ਸਰਪੰਚ ਹਰੀਪਾਲ ਸਿੰਘ ਅਤੇ ਹੋਰ ਕਿਸਾਨ ਵੀ ਹਾਜ਼ਰ ਸਨ।