ਨਵਾਂਸ਼ਹਿਰ, 19 ਅਕਤੂਬਰ: ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹਾ ਮਿਨਰਲ ਫਾਊਂਡੇਸ਼ਨ ਦੀ ਕਾਰਵਾਈ ਦਾ ਨਿਰੀਖਣ ਕੀਤਾ ਅਤੇ ਜਾਇਜ਼ਾ ਲਿਆ। ਉਨ੍ਹਾਂ ਐਨ.ਜੀ.ਟੀ ਨਿਯਮਾਂ ਤਹਿਤ ਲਗਾਏ ਗਏ ਜ਼ੁਰਮਾਨੇ ਦੀ ਸਮੀਖਿਆ ਕੀਤੀ। ਜ਼ਿਲ੍ਹਾ ਮਾਈਨਿੰਗ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਐਨ.ਜੀ.ਟੀ ਦੇ ਨਿਰਦੇਸ਼ਾਂ ਅਨੁਸਾਰ ਦਫ਼ਤਰ ਵਲੋਂ ਧਾਰਾ 74-75 ਤਹਿਤ 40 ਲੱਖ ਰੁਪਏ ਦੀ ਰਿਕਵਰੀ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਮਿਨਰਲ ਫਾਊਂਡੇਸ਼ਨ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਵਾਂਸ਼ਹਿਰ ਅਤੇ ਬਲਾਚੌਰ ਸਬ-ਡਵੀਜ਼ਨਾਂ ਵਿੱਚ ਮਾਈਨਿੰਗ ਖੇਤਰ ਦੇ ਸਾਰੇ ਨਿਕਾਸੀ ਪੁਆਇੰਟਾਂ 'ਤੇ ਕੈਮਰੇ ਲਗਾਉਣ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਗੈਰ-ਕਾਨੂੰਨੀ ਮਾਈਨਿੰਗ 'ਤੇ ਸਖ਼ਤ ਨਜ਼ਰ ਰੱਖ ਰਿਹਾ ਹੈ, ਉਥੇ ਸਾਡੀਆਂ ਟੀਮਾਂ ਅਤੇ ਅਧਿਕਾਰੀਆਂ ਨੂੰ ਤਕਨਾਲੋਜੀ ਰਾਹੀਂ ਸਮਰੱਥ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਲੋੜੀਂਦੇ ਸਰਚ ਲਾਈਟਾਂ ਅਤੇ ਹੋਰ ਜ਼ਰੂਰੀ ਸਾਜ਼ੋ-ਸਾਮਾਨ ਦੇਣ ਲਈ ਜ਼ਿਲ੍ਹਾ ਮਿਨਰਲ ਫੰਡ ਦੀ ਵਰਤੋਂ ਕਰਨ ਦੇ ਵੀ ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਨੇ ਜੰਗਲਾਤ ਵਿਭਾਗ ਅਤੇ ਕਾਰਜਕਾਰੀ ਇੰਜਨੀਅਰ ਨੂੰ ਜੰਗਲਾਤ ਵਿਭਾਗ ਵੱਲੋਂ ਬੂਟੇ ਲਗਾਉਣ ਕਾਰਨ ਸਤਲੁਜ ਦਰਿਆ ਦੇ ਕੁਦਰਤੀ ਰਸਤੇ ਵਿੱਚ ਆ ਰਹੀਆਂ ਰੁਕਾਵਟਾਂ ਦੇ ਸਬੰਧ ਵਿੱਚ ਭਾਰਤ ਸਰਕਾਰ ਦੇ ਜੰਗਲਾਤ ਮੰਤਰਾਲੇ ਨਾਲ ਸੰਪਰਕ ਕਰਨ ਲਈ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਜ਼ਿਲ੍ਹੇ ਵਿੱਚ ਹੜ੍ਹਾਂ ਦੀ ਰੋਕਥਾਮ ਲਈ ਲੰਮੇ ਸਮੇਂ ਲਈ ਕੀਤੇ ਜਾ ਰਹੇ ਯਤਨਾਂ 'ਤੇ ਧਿਆਨ ਕੇਂਦਰਿਤ ਕੀਤਾ।
ਇਸ ਮੀਟਿੰਗ ਵਿੱਚ ਐਸ.ਡੀ.ਐਮ ਨਵਾਂਸ਼ਹਿਰ ਡਾ: ਸ਼ਿਵਰਾਜ ਸਿੰਘ ਬੱਲ, ਐਸ.ਡੀ.ਐਮ ਬਲਾਚੌਰ ਬਿਕਰਮ ਸਿੰਘ, ਕਾਰਜਕਾਰੀ ਇੰਜੀਨੀਅਰ ਮਾਈਨਿੰਗ, ਕਾਰਜਕਾਰੀ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਤੇ ਕੰਟਰੋਲ ਬੋਰਡ, ਖੇਤੀਬਾੜੀ ਅਫ਼ਸਰ ਕਮਲਦੀਪ ਸਿੰਘ ਸੰਘਾ, ਜੰਗਲੀ ਜੀਵ ਅਫ਼ਸਰ ਨਵਾਂਸ਼ਹਿਰ, ਵਣ ਮੰਡਲ ਅਫ਼ਸਰ ਹਾਜ਼ਰ ਸਨ।