ਢਾਹਾਂ ਕਲੇਰਾਂ ਦੇ ਡਾਇਰੈਕਟਰ ਹੈਲਥ ਡਾ ਐਸ ਐਸ ਗਿੱਲ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਢਾਹਾਂ ਕਲੇਰਾਂ ਦੇ ਡਾਇਰੈਕਟਰ ਹੈਲਥ ਡਾ ਐਸ ਐਸ ਗਿੱਲ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਬੰਗਾ 13 ਅਕਤੂਬਰ  () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਡਾਇਰੈਕਟਰ ਹੈਲਥ ਡਾ ਐਸ ਐਸ ਗਿੱਲ (ਸਾਬਕਾ ਵਾਈਸ ਚਾਂਸਲਰ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਾਰ ਹੈਲਥ ਸਾਇੰਸਜ਼ ਫਰੀਦਕੋਟ) ਦੇ ਦੇਹਾਂਤ ਉਤੇ ਟਰੱਸਟ ਦੇ ਪ੍ਰਧਾਨ ਅਤੇ ਸਮੂਹ ਮੈਂਬਰਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ । ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ ਨੇ ਕਿਹਾ ਕਿ  ਡਾ.ਐਸ ਐਸ ਗਿੱਲ ਨੂੰ ਇਕ ਵਧੀਆ ਇਨਸਾਨ, ਸਮਾਜ ਸੇਵੀ, ਸਿੱਖਿਆ ਸਾਸ਼ਤਰੀ, ਮਾਹਿਰ ਡਾਕਟਰ ਅਤੇ ਸ਼ਾਨਦਾਰ ਪ੍ਰਬੰਧਕ ਸਨ, ਜਿਨ੍ਹਾਂ ਨੇ ਮੈਡੀਕਲ ਸੇਵਾਵਾਂ ਅਤੇ ਸਮਾਜ ਦੀ ਭਲਾਈ ਦੇ ਖੇਤਰ ਵਿਚ ਵਿਲੱਖਣ ਯੋਗਦਾਨ ਪਾਇਆ। ਕੈਨੇਡਾ ਤੋਂ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਬਰਜਿੰਦਰ ਸਿੰਘ ਢਾਹਾਂ ਨੇ ਦੁੱਖ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਡਾਕਟਰ ਗਿੱਲ ਜੀ ਨੇ ਢਾਹਾਂ ਕਲੇਰਾਂ ਵਿਖੇ ਚੱਲ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ, ਗੁਰੂ ਨਾਨਕ ਕਾਲਜ ਆਫ ਨਰਸਿੰਗ  ਅਤੇ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਦੀ ਤਰੱਕੀ ਅਤੇ ਪਸਾਰ ਲਈ ਬਹੁਤ ਅਹਿਮ ਕਾਰਜ ਕੀਤੇ । ਡਾ. ਗਿੱਲ ਦੇ ਦੇਹਾਂਤ ਬਾਰੇ ਸੁਣ ਕੇ ਵੱਡਾ ਦੁੱਖ ਪਹੁੰਚਿਆ ਹੈ ਅਤੇ ਉਹਨਾਂ ਦੇ  ਸਦੀਵੀ ਵਿਛੋੜਾ ਦੇ ਜਾਣ ਨਾਲ ਸਮੂਹ ਮੈਡੀਕਲ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਜਨਰਲ ਸਕੱਤਰ ਕੁਲਵਿੰਦਰ ਸਿੰਘ ਢਾਹਾਂ ਨੇ ਡਾ.ਗਿੱਲ ਦੀ ਪਤਨੀ ਅਮਰਜੀਤ ਕੌਰ, ਪੁੱਤਰ ਨੂਰ ਸ਼ੇਰਗਿੱਲ ਤੇ ਬੇਟੀ ਨੂਰਇੰਦਰ ਨੂੰ ਮਿਲਕੇ ਪ੍ਰਧਾਨ ਅਤੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਦੁੱਖ ਸਾਂਝਾ ਕੀਤਾ। ਸਵ: ਡਾ. ਐਸ. ਐਸ. ਗਿੱਲ ਦੇ ਸਦੀਵੀ ਵਿਛੋੜਾ ਦੇ ਜਾਣ 'ਤੇ ਦੁੱਖ ਦਾ ਪ੍ਰਗਟਾਵਾ ਕਰਨ ਮੌਕੇ ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਕੂਲ ਸਿੱਖਿਆ, ਡਾ. ਰਵਿੰਦਰ ਖਜ਼ੂਰੀਆ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ, ਮੈਡਮ ਵਨੀਤਾ ਚੋਟ ਪ੍ਰਿੰਸੀਪਲ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਡਾ. ਪ੍ਰਿਯੰਕਾ ਰਾਜ ਪ੍ਰਿੰਸੀਪਲ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਤੋਂ ਇਲਾਵਾ ਸਮੂਹ ਡਾਕਟਰ ਸਾਹਿਬਾਨ, ਹਸਪਤਾਲ, ਨਰਸਿੰਗ ਕਾਲਜ, ਟਰੱਸਟ ਅਤੇ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ ਮੈਂਬਰ ਵੀ ਹਾਜ਼ਰ ਸਨ। ਵਰਨਣਯੋਗ ਹੈ ਕਿ ਡਾ. ਐਸ ਐਸ ਗਿੱਲ ਜੋ 77 ਵਰ੍ਹਿਆਂ ਦੇ ਸਨ ਅਤੇ 12 ਅਕਤੂਬਰ ਨੂੰ ਮੁਹਾਲੀ ਵਿਖੇ ਸੰਖੇਪ ਬਿਮਾਰੀ ਉਪਰੰਤ ਸਦੀਵੀ ਵਿਛੋੜਾ ਦੇ ਗਏ, ਉਹ ਆਪਣੇ ਪਿੱਛੇ ਪਤਨੀ, ਇਕ ਬੇਟਾ ਤੇ ਇਕ ਧੀ ਛੱਡ ਗਏ ਹਨ ।  ਡਾ. ਐਸ ਐਸ ਗਿੱਲ ਜੀ ਦੀ ਆਤਿਮਕ ਸ਼ਾਂਤੀ ਲਈ ਮਿਤੀ 20 ਅਕਤੂਬਰ, ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਸੈਕਟਰ 34 ਮੁਹਾਲੀ ਵਿਖੇ ਅਤਿੰਮ ਅਰਦਾਸ ਹੋਵੇਗੀ ਅਤੇ ਸ਼ਰਧਾਂਜ਼ਲੀ ਭੇਟ ਕੀਤੀਆਂ ਜਾਣਗੀਆਂ।
ਫੋਟੋ : ਸਵ:  ਡਾ ਐਸ ਐਸ ਗਿੱਲ ਜੀ