Fwd: 18 ਸਾਲ ਜਾਂ 18 ਸਾਲ ਤੋਂ ਵੱਧ ਉਮਰ ਦੇ ਨੌਜਵਾਨ ਆਪਣੀ ਵੋਟ ਜ਼ਰੂਰ ਬਣਾਉਣ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ (Punjabi, English)


18 ਸਾਲ ਜਾਂ 18 ਸਾਲ ਤੋਂ ਵੱਧ ਉਮਰ ਦੇ ਨੌਜਵਾਨ ਆਪਣੀ ਵੋਟ ਜ਼ਰੂਰ ਬਣਾਉਣ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੇ ਹਰੀ ਝੰਡੀ ਦਿਖਾ ਕੇ ਸਾਈਕਲੋਥਨ ਰੈਲੀ ਨੂੰ ਕੀਤਾ ਰਵਾਨਾ

ਨਵਾਂਸ਼ਹਿਰ, 27 ਅਕਤੂਬਰ :-    ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਹੜੇ ਨੌਜਵਾਨਾਂ/ ਵਿਅਕਤੀਆਂ ਦੀ ਮਿਤੀ 01.01.2024 ਨੂੰ 18 ਸਾਲ ਜਾਂ 18 ਸਾਲ ਤੋਂ ਵੱਧ ਉਮਾਰ ਹੋ ਗਈ ਹੈ, ਉਨ੍ਹਾਂ ਨੂੰ ਵੋਟ ਬਣਾਉਣ ਅਤੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਸਬੰਧੀ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਚੋਣ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਾਈਕਲੋਥਨ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਸਾਈਕਲੋਥਨ ਨੂੰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ 'ਤੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਵੀ ਹਾਜ਼ਰ ਸਨ।

            ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਵੱਖ-ਵੱਖ ਸਕੂਲੀ ਵਿਦਿਆਰਥੀਆਂ ਵੱਲੋਂ ਆਮ ਲੋਕਾਂ ਨੂੰ ਵੋਟ ਬਣਾਉਣ ਅਤੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਸਬੰਧੀ ਜਾਗਰੂਕ ਕਰਨ ਲਈ ਇਹ ਸਾਈਕਲੋਥਨ ਆਯੋਜਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨਾਂ ਦੀ ਮਿਤੀ 01.01.2024 ਨੂੰ 18 ਸਾਲ ਜਾਂ 18 ਸਾਲ ਤੋਂ ਵੱਧ ਉਮਰ ਹੋ ਗਈ ਹੈ, ਉਹ ਨੌਜਵਾਨ ਫਾਰਮ ਨੰਬਰ 6 ਭਰ ਕੇ ਆਪਣੀ ਵੋਟ ਬਣਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤਿੰਨ ਵਿਧਾਨ ਸਭਾ ਹਲਕਿਆਂ ਬੰਗਾ, ਨਵਾਂਸ਼ਹਿਰ, ਬਲਾਚੌਰ ਵਿੱਚ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ 2024 ਦੀ ਸੁਧਾਈ ਦੀ ਮੁਹਿੰਮ 27 ਅਕਤੂਬਰ ਤੋਂ ਸ਼ੁਰੂ ਹੋ ਗਈ ਹੈ ਅਤੇ ਇਹ ਮੁਹਿੰਮ 9 ਦਸੰਬਰ, 2023 ਤੱਕ ਚਲੇਗੀ। ਉਨ੍ਹਾਂ ਦੱਸਿਆ ਕਿ ਜਿਹੜੇ ਵੋਟਰ ਆਪਣੀ ਜਾਂ ਕਿਸੇ ਵੀ ਮ੍ਰਿਤਕ ਵਿਅਕਤੀ ਦੀ ਵੋਟ ਕਟਵਾਉਣਾ ਚਾਹੁੰਦੇ ਹਨ, ਉਹ ਫਾਰਮ ਨੰ:7 ਭਰ ਸਕਦੇ ਹਨ ਅਤੇ ਇਸੇ ਤਰ੍ਹਾਂ ਆਪਣੀ ਵੋਟ ਦੇ ਇੰਦਰਾਜਾਂ ਵਿੱਚ ਕੋਈ ਦਰੁੱਸਤੀ ਕਰਵਾਉਣਾ ਚਾਹੁੰਦੇ ਹੋਣ ਜਾਂ ਇੱਕੋ ਚੋਣ ਹਲਕੇ ਵਿੱਚ ਆਪਣੀ ਵੋਟ ਬਦਲਾਉਣਾ ਚਾਹੁੰਦੇ ਹੋਣ, ਤਾਂ ਉਹ ਫਾਰਮ ਨੰ: 8 ਭਰ ਕੇ ਆਪਣਾ ਦਾਅਵਾ ਜਾਂ ਇਤਰਾਜ ਪੇਸ਼ ਕਰ ਸਕਦੇ ਹਨ।

              ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਅੰਦਰ 4 ਅਤੇ 5 ਨਵੰਬਰ 2023, 2 ਅਤੇ 3 ਦਸੰਬਰ, 2023 ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਪੋਲਿੰਗ ਸਟੇਸ਼ਨਾਂ ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ ਅਤੇ ਉਸੇ ਦਿਨ 10 ਵਜੇ ਤੋਂ 5 ਵਜੇ ਤੱਕ ਬੂੱਥ ਲੈਵਲ ਅਫ਼ਸਰ ਆਪਣੇ-ਆਪਣੇ ਬੂੱਥਾਂ ਤੇ ਬੈਠਣਗੇ, ਕੋਈ ਵੀ ਵਿਅਕਤੀ ਉਸ ਦਿਨ ਉਨ੍ਹਾਂ ਕੋਲ ਵੋਟ ਬਣਵਾ/ਕਟਵਾ ਅਤੇ ਸੋਧ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਦੀ ਜਾਣਕਾਰੀ ਲਈ ਵੋਟਰ ਸੂਚੀ ਹਰੇਕ ਪੋਲਿੰਗ ਬੂਥ ਤੇ ਸਬੰਧਤ ਪੋਲਿੰਗ ਸਟੇਸ਼ਨ ਦੇ ਬੀ.ਐਲ.ਓ., ਈ.ਆਰ.ਓ. ਤੇ ਜ਼ਿਲ੍ਹਾ ਚੋਣ ਅਫ਼ਸਰ ਦੇ ਦਫ਼ਤਰ ਵਿੱਚ ਵੇਖਣ ਲਈ ਉਪਲੱਬਧ ਹੋਵੇਗੀ।

             ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਰਾਜੀਵ ਵਰਮਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਵੋਟਰ ਸੂਚੀ 2024 ਦੀ ਸੁਧਾਈ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਜਿੰਨ੍ਹਾਂ ਨੌਜਵਾਨਾਂ ਦੀ ਉਮਰ 01.01.2024 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋ ਗਈ ਹੈ, ਉਹ ਫਾਰਮ ਨੰ: 6 ਭਰ ਕੇ ਆਪਣੇ ਬੀ.ਐਲ.ਓਜ਼ ਰਾਹੀਂ ਵੋਟ ਜ਼ਰੂਰ ਬਣਾਉਣ। ਉਨ੍ਹਾਂ ਕਿਹਾ ਕਿ ਵੋਟਰ ਸੂਚੀ ਦੀ ਸੁਧਾਈ ਦਾ ਕੰਮ 9 ਦਸੰਬਰ, 2023 ਤੱਕ ਚਲੇਗਾ।

            ਇਸ ਤੋਂ ਇਲਾਵਾ ਇਹ ਵੋਟਰ ਸੂਚੀ www.ceopunjab.nic.in 'ਤੇ ਵੀ ਵੇਖਣ ਲਈ ਉਪਲੱਬਧ ਹੋਵੇਗੀ। ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਸਹਾਇਕ ਸਵੀਪ ਨੋਡਲ ਅਫ਼ਸਰ ਸਤਨਾਮ ਸਿੰਘ, ਚੋਣ ਕਾਨੂੰਗੋ ਦਲਜੀਤ ਸਿੰਘ, ਕੁਲਬੀਰ ਸਿੰਘ ਨੇਗੀ, ਮਹਿੰਦਰ ਸਿੰਘ ਹਾਜ਼ਰ ਸਨ।