ਢਾਹਾਂ ਕਲੇਰਾਂ ਦੇ ਡਾਇਰੈਕਟਰ ਹੈਲਥ ਡਾ. ਐਸ. ਐਸ. ਗਿੱਲ ਨੂੰ ਸ਼ਰਧਾਂਜ਼ਲੀਆਂ ਭੇਟ

ਢਾਹਾਂ ਕਲੇਰਾਂ ਦੇ ਡਾਇਰੈਕਟਰ ਹੈਲਥ ਡਾ. ਐਸ. ਐਸ. ਗਿੱਲ ਨੂੰ ਸ਼ਰਧਾਂਜ਼ਲੀਆਂ ਭੇਟ
ਬੰਗਾ 18 ਅਕਤੂਬਰ  () ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਡਾਇਰੈਕਟਰ ਹੈਲਥ ਡਾ ਐਸ ਐਸ ਗਿੱਲ (ਸਾਬਕਾ ਵਾਈਸ ਚਾਂਸਲਰ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਾਰ ਹੈਲਥ ਸਾਇੰਸਜ਼ ਫਰੀਦਕੋਟ) ਜੋ ਪਿਛਲੇ ਦਿਨੀਂ ਆਪਣੇ ਸੁਆਸਾਂ ਦੀ ਪੂੰਜੀ ਸਪੰਨ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਨਮਿੱਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਹੋਇਆ । ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਗਤੀ ਰੂਪ ਵਿਚ ਕੀਤਾ ਗਿਆ ਅਤੇ ਉਪਰੰਤ ਹਜ਼ੂਰੀ ਰਾਗੀ ਭਾਈ ਜੋਗਾ ਸਿੰਘ ਨੇ ਵੈਰਾਗਮਈ ਗੁਰਬਾਣੀ ਕੀਰਤਨ ਕੀਤਾ । ਸ਼ਰਧਾਂਜ਼ਲੀ ਸਮਾਗਮ ਵਿਚ ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ, ਜਨਰਲ ਸਕੱਤਰ ਕੁਲਵਿੰਦਰ ਸਿੰਘ ਢਾਹਾਂ,  ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਕੂਲ ਸਿੱਖਿਆ ਅਤੇ ਵਰਿੰਦਰ ਸਿੰਘ ਬਰਾੜ ਐਚ ਆਰ ਐਡਿਮਨ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।  ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾ.ਐਸ ਐਸ ਗਿੱਲ, ਹੱਡੀਆਂ ਦੇ ਮਾਹਿਰ ਡਾਕਟਰ ਹੋਣ ਦੇ ਨਾਲ-ਨਾਲ ਉੱਚ ਪੱਧਰੀ ਸਿੱਖਿਆ ਸਾਸ਼ਤਰੀ ਅਤੇ ਸ਼ਾਨਦਾਰ ਪ੍ਰਬੰਧਕ ਸਨ।  ਉਹਨਾਂ ਨੇ ਪੰਜਾਬ ਦੇ ਪੇਂਡੂ ਖੇਤਰ ਵਿਚ ਸਿਹਤ ਸੇਵਾਵਾਂ ਨੂੰ ਆਮ ਲੋਕਾਈ ਤੱਕ ਪੁਹੰਚੁਾਉਣ ਵਿਚ ਅਹਿਮ  ਯੋਗਦਾਨ ਪਾਇਆ । ਬੁਲਾਰਿਆਂ ਨੇ ਅੱਗੇ ਬੋਲਦਿਆਂ ਕਿਹਾ ਕਿ ਸਵ: ਡਾ ਐਸ ਐਸ ਗਿੱਲ ਨੇ ਢਾਹਾਂ ਕਲੇਰਾਂ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ, ਗੁਰੂ ਨਾਨਕ ਕਾਲਜ ਆਫ ਨਰਸਿੰਗ, ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੂੰ ਆਧੁਨਿਕ ਤਕਨੀਕਾਂ ਨਾਲ ਨਵੇਂ ਯੁੱਗ ਦੇ ਹਾਣੀ ਬਣਾਉਣ ਲਈ ਅਣਥੱਕ ਯਤਨ ਕੀਤੇ। ਇਸ ਮੌਕੇ  ਸ. ਕਾਹਮਾ ਨੇ ਕਿਹਾ ਕਿ ਢਾਹਾਂ ਕਲੇਰਾਂ ਦੇ ਮੈਡੀਕਲ ਅਤੇ ਵਿਦਿਅਕ ਸੰਸਥਾਵਾਂ ਦੀ ਤਰੱਕੀ ਅਤੇ ਪਸਾਰ ਲਈ ਜਿਹੜੇ ਪ੍ਰੌਜੈਕਟ ਡਾਕਟਰ ਸਾਹਿਬ ਨੇ ਉਲੀਕੇ ਸਨ ਉਹਨਾਂ ਨੂੰ ਸੰਪੂਰਨ ਕੀਤਾ ਜਾਵੇਗਾ ।  ਇਸ ਮੌਕੇ ਕੈਨੇਡਾ ਤੋਂ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਬਰਜਿੰਦਰ ਸਿੰਘ ਢਾਹਾਂ ਨੇ ਆਪਣੇ ਸੋਗ ਸ਼ੰਦੇਸ਼ ਵਿਚ ਕਿਹਾ ਕਿ ਡਾਕਟਰ ਐਸ ਐਸ ਗਿੱਲ ਜੀ ਦੀ ਅਗਵਾਈ ਵਿੱਚ ਢਾਹਾਂ ਕਲੇਰਾਂ ਵਿਖੇ ਚੱਲ ਰਹੇ ਮੈਡੀਕਲ ਅਤੇ ਵਿਦਿਅਕ ਅਦਾਰਿਆਂ ਨੂੰ ਇੰਟਰਨੈਸ਼ਲ ਪੱਧਰ ਦਾ ਬਣਾਉਣ ਲਈ ਕੀਤੇ ਗਏ ਯਤਨ ਸ਼ਲਾਘਾਯੋਗ ਹਨ । ਉਹਨਾਂ ਕਿਹਾ ਕਿ ਡਾਕਟਰ ਗਿੱਲ ਜੀ ਦੇ  ਸਦੀਵੀ ਵਿਛੋੜੇ ਨਾਲ ਟਰੱਸਟ ਨੂੰ ਕਦੇ ਨਾ ਪੂਰਾ ਹੋਣ ਵਾਲਾ ਬਹੁਤ ਵੱਡਾ ਘਾਟਾ ਪਿਆ ਹੈ । ਸ਼ਰਧਾਂਜਲੀ ਸਮਾਗਮ ਵਿਚ ਸਵ: ਡਾ. ਐਸ. ਐਸ. ਗਿੱਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਬੀਬੀ ਮਨਜੀਤ ਕੌਰ ਥਾਂਦੀ (ਬੇਟੀ ਬਾਬਾ ਬੁੱਧ ਸਿੰਘ ਢਾਹਾਂ ਬਾਨੀ ਪ੍ਰਧਾਨ), ਬੀਬੀ ਜਿੰਦਰ ਕੌਰ ਢਾਹਾਂ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਡਾ. ਨਵਜੋਤ ਸਿੰਘ ਸਹੋਤਾ, ਡਾ. ਰੋਹਿਤ ਮਸੀਹ, ਡਾ. ਵਿਵੇਕ ਗੁੰਬਰ, ਮਹਿੰਦਰਪਾਲ ਸਿੰਘ ਸੁਪਰਡੈਂਟ, ਮੈਡਮ ਰਮਨਦੀਪ ਕੌਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ,  ਮੈਡਮ ਵਨੀਤਾ ਚੋਟ ਪ੍ਰਿੰਸੀਪਲ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ,  ਸ੍ਰੀ ਲਾਲ ਚੰਦ ਔਜਲਾ ਵਾਈਸ ਪ੍ਰਿੰਸੀਪਲ ਤੋਂ ਇਲਾਵਾ ਸਮੂਹ ਹਸਪਤਾਲ, ਨਰਸਿੰਗ ਕਾਲਜ, ਟਰੱਸਟ ਅਤੇ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ ਮੈਂਬਰ ਅਤੇ ਵਿਦਿਆਰਥੀ ਵੀ ਹਾਜ਼ਰ ਸਨ । ਵਰਨਣਯੋਗ ਹੈ ਕਿ ਡਾ. ਐਸ ਐਸ ਗਿੱਲ ਜੋ 77 ਵਰ੍ਹਿਆਂ ਦੇ ਸਨ ਅਤੇ ਬੀਤੀ 12 ਅਕਤੂਬਰ ਨੂੰ ਮੁਹਾਲੀ ਵਿਖੇ ਸੰਖੇਪ ਬਿਮਾਰੀ ਉਪਰੰਤ ਸਦੀਵੀ ਵਿਛੋੜਾ ਦੇ ਗਏ, ਉਹ ਆਪਣੇ ਪਿੱਛੇ ਪਤਨੀ, ਇਕ ਬੇਟਾ ਤੇ ਇਕ ਧੀ ਛੱਡ ਗਏ ਹਨ ।
ਫੋਟੋ :  ਢਾਹਾਂ ਕਲੇਰਾਂ ਦੇ ਡਾਇਰੈਕਟਰ ਹੈਲਥ ਡਾ ਐਸ ਐਸ ਗਿੱਲ ਨੂੰ ਸ਼ਰਧਾਂਜ਼ਲੀਆਂ ਭੇਟ ਕਰਨ ਮੌਕੇ ਪ੍ਰਧਾਨ ਹਰਦੇਵ ਸਿੰਘ ਕਾਹਮਾ, ਜਨਰਲ ਸਕੱਤਰ ਕੁਲਵਿੰਦਰ ਸਿੰਘ ਢਾਹਾਂ,  ਪ੍ਰੌ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਕੂਲ ਸਿੱਖਿਆ ਅਤੇ ਵਰਿੰਦਰ ਸਿੰਘ ਬਰਾੜ ਐਚ ਆਰ ਐਡਿਮਨ