ਆੜੂ ਦੀ ਕਾਸ਼ਤ ਕਰਕੇ ਕਿਸਾਨ ਕਰ ਸਕਦੇ ਨੇ ਆਪਣੀ ਆਮਦੀ 'ਚ ਵਾਧਾ : ਡਾ. ਦਲਜੀਤ ਸਿੰਘ ਗਿੱਲ
ਨਵਾਂਸ਼ਹਿਰ, 10 ਅਕਤੂਬਰ : ਆੜੂ ਇੱਕ ਬਹੁਤ ਹੀ ਮਹੱਤਵਪੂਰਨ ਫ਼ਲ ਹੈ ਜੋ ਖੁਰਾਕੀ ਤੱਤਾਂ
ਨਾਲ ਭਰਪੂਰ ਹੁੰਦਾ ਹੈ। ਇਸ ਦੇ ਫ਼ਲਾਂ ਤੋਂ ਸਕੁਐਸ਼, ਮੁਰੱਬਾ ਅਤੇ ਡੱਬਾ ਬੰਦ ਵਰਗੇ
ਪਦਾਰਥ ਤਿਆਰ ਕੀਤੇ ਜਾਂਦੇ ਹਨ। ਆੜੂ ਘੱਟ
ਊਰਜਾ ਦੀ ਖੁਰਾਕ ਦਾ ਚੰਗਾ ਸੋਮਾ ਹੈ। ਭਾਵੇਂ ਇਹ ਠੰਢੇ ਇਲਾਕੇ ਦਾ ਫ਼ਲ ਹੈ ਪਰ ਹੁਣ ਇਸ ਦੀਆਂ
ਘੱਟ ਠੰਢ ਦੀ ਲੋੜ ਵਾਲੀਆਂ ਕਿਸਮਾਂ ਮੌਜੂਦ ਹੋਣ ਕਾਰਨ ਇਸ ਨੂੰ ਪੰਜਾਬ ਦੀ ਨੀਮ ਗਰਮ
ਪੌਣ-ਪਾਣੀ ਵਿੱਚ ਪੈਦਾ ਕੀਤਾ ਜਾ ਸਕਦਾ ਹੈ। ਪੰਜਾਬ ਦੇ ਕਾਫੀ ਜ਼ਿਲ੍ਹਿਆਂ ਵਿੱਚ ਆੜੂ ਦੀ ਕਾਸ਼ਤ
ਕੀਤੀ ਜਾ ਰਹੀ ਹੈ। ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਉੱਤਰਪ੍ਰਦੇਸ਼ ਵਿੱਚ ਵੀ ਆੜੂ ਦੀ
ਕਾਸ਼ਤ ਕੀਤੀ ਜਾਂਦੀ ਹੈ। ਆੜੂ ਦਾ ਫਲ ਮਿਠਾਸ, ਧਾਤਾਂ ਅਤੇ ਪ੍ਰੋਟੀਨ ਦਾ ਮੁੱਖ ਸੋਮਾ ਹੈ ਅਤੇ
ਸਿਹਤ ਲਈ ਬਹੁਤ ਹੀ ਵਧੀਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਬਾਗਬਾਨੀ ਡਾ. ਦਲਜੀਤ ਸੰਘ ਗਿੱਲ ਨੇ ਦੱਸਿਆ
ਕਿ ਜ਼ਿਲ੍ਹੇ ਵਿੱਚ ਬਲਾਚੌਰ, ਸੜੋਆ ਬਲਾਕਾਂ ਵਿੱਚੋ ਆੜੂ ਦੇ ਬਾਗ ਬਹੁਤ ਵਧੀਆਂ ਚੱਲ ਰਹੇ ਹਨ
ਅਤੇ ਕਿਸਾਨ ਚੰਗੀ ਆਮਦਨ ਵੀ ਲੈ ਰਹੇ ਹਨ। ਪੰਜਾਬ ਵਿੱਚ ਅਰਲੀ ਗਰੈਂਡ, ਫਲੋਰਿੰਡਾ ਪ੍ਰਿੰਸ,
ਪਰਤਾਪ, ਸ਼ਾਨੇ-ਪੰਜਾਬ, ਪ੍ਰਭਾਤ, ਸ਼ਰਬਤੀ, ਪੰਜਾਬ ਨੈਕਟਰੇਨ ਆਦਿ ਕਿਸਮਾਂ ਉਪਲੱਬਧ ਹਨ ਪਰ
ਜ਼ਿਆਦਾ ਰਕਬੇ ਵਿੱਚ ਇਸ ਵਕਤ ਸ਼ਾਨੇ-ਪੰਜਾਬ ਕਿਸਮ ਹੀ ਲਗਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ
ਆੜੂ ਦੇ ਇੱਕ ਸਾਲ ਦੇ ਬੂਟੇ ਦਸੰਬਰ-ਜਨਵਰੀ ਵਿੱਚ ਲਗਾਉਣੇ ਚਾਹੀਦੇ ਹਨ। ਨਾਖ ਅਤੇ ਲੀਚੀ ਦੇ
ਬੂਟਿਆਂ ਵਿੱਚ ਆੜੂ ਦੇ ਬੂਟੇ ਪੂਰਕ ਬੂਟਿਆਂ ਦੇ ਤੌਰ 'ਤੇ ਵੀ ਲਗਾਏ ਜਾ ਸਕਦੇ ਹਨ, ਲਾਉਣ
ਸਮੇਂ ਪਿਉਂਦੀ ਬੂਟਿਆਂ ਦਾ ਜੋੜ ਜ਼ਮੀਨ ਤੋਂ 10-15 ਸੈਂਟੀ ਮੀਟਰ ਉੱਚਾ ਰੱਖਣਾ ਚਾਹੀਦਾ ਹੈ।
ਹਮੇਸ਼ਾ 1 ਤੋਂ 1.2 ਮੀਟਰ ਲੰਬਾਈ ਦੇ ਬੂਟੇ ਹੀ ਲਾਉਣੇ ਚਾਹੀਦੇ ਹਨ। ਬੂਟੇ ਬਾਗਬਾਨੀ ਵਿਭਾਗ
ਦੀਆਂ ਨਰਸਰੀਆਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਪ੍ਰਾਈਵੇਟ ਰਜਿਸਟਰਡ ਨਰਸਰੀਆਂ ਤੋਂ ਹੀ
ਖ੍ਰੀਦਣੇ ਚਾਹੀਦੇ ਹਨ।ਕਿਸੇ ਹੋਰ ਅਨਰਜਿਸਟਰਡ ਨਰਸਰੀ ਤੋਂ ਕਦੇ ਵੀ ਬੂਟੇ ਨਹੀਂ ਖਰੀਦਣੇ
ਚਾਹੀਦੇ।
ਉਨ੍ਹਾਂ ਦੱਸਿਆ ਕਿ ਹੁਣ ਕਿਉਂਕਿ ਆੜੂ ਦੇ ਬਾਗ ਲਗਾਉਣ ਦਾ ਢੁੱਕਵਾਂ ਸਮਾਂ ਨੇੜੇ ਆ ਰਿਹਾ ਹੈ
ਇਸ ਲਈ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਉਹ ਆਪਣੇ ਨੇੜੇ ਦੇ ਬਾਗਬਾਨੀ ਦਫਤਰਾਂ ਨਾਲ
ਸੰਪਰਕ ਕਰਕੇ ਬੂਟੇ ਜ਼ਰੂਰ ਬੁੱਕ ਕਰਵਾਉ, ਤਾਂ ਜੋ ਸਮੇਂ-ਸਿਰ ਨਿਸ਼ਾਨਦੇਹੀ ਵਿਉਂਤਬੰਦੀ ਕਰਕੇ
ਬਾਗ ਲੱਗ ਸਕਣ। ਅੱਜ-ਕੱਲ ਆਮ ਧਾਰਨਾ ਬਣ ਗਈ ਹੈ ਕਿ ਆੜੂ ਦੇ ਬਾਗ ਜਲਦੀ ਖਰਾਬ ਹੋ ਜਾਂਦੇ ਹਨ
ਜੋ ਕਿ ਬਿਲਕੁੱਲ ਗਲਤ ਹੈ ਜੇਕਰ ਅਸੀਂ ਸਮੇਂ-ਸਿਰ ਮਾਹਿਰਾਂ ਦੀਆਂ ਸਿਫਾਰਿਸ਼ਾਂ ਆਪਣੇ ਬਾਗਾਂ
ਵਿੱਚ ਲਾਗੂ ਕਰਦੇ ਰਹੀਏ ਤਾਂ ਆੜੂਆਂ ਦੇ ਬਾਗ ਵਿੱਚ ਇੱਕ ਬਹੁਤ ਵਧੀਆਂ ਆਮਦਨ ਦੇ ਸਕਦੇ ਹਨ।
ਆੜੂ ਦੇ ਫਲਾਂ ਹੇਠ ਰਕਬਾ ਬਹੁਤ ਥੋੜਾ ਹੋਣ ਕਾਰਨ ਆੜੂ ਦੇ ਫਲਾਂ ਦੀ ਮੰਗ ਮਾਰਕਿਟ ਵਿੱਚ ਆਉਣ
ਵਾਲੇ ਸਾਲਾਂ ਵਿੱਚ ਬਣੀ ਹੀ ਰਹੇਗੀ। ਇਸ ਲਈ ਨਿਸ਼ਚਿੰਤ ਹੋ ਕੇ ਕਿਸਾਨਾਂ ਨੂੰ ਆੜੂ ਦੇ ਬਾਗਾਂ
ਹੇਠ ਰਕਬਾ ਵਧਾਉਣਾ ਚਾਹੀਦਾ ਹੈ। ਨਵੇਂ ਬਾਗ ਲਾਉਣ ਵਾਲੇ ਕਿਸਾਨਾਂ ਨੂੰ ਸਰਕਾਰ ਵੱਲੋ ਸਬਸਿਡੀ
ਵੀ ਦਿੱਤੀ ਜਾ ਰਹੀ ਹੈ। ਵਧੇਰੇ ਜਾਣਕਾਰੀ ਲਈ ਕਿਸਾਨ ਡਾ.ਪਰਮਜੀਤ ਸਿੰਘ ਦੇ ਮੋਬਾਇਲ
ਨੰਬਰਾਂ 'ਤੇ ਵੀ ਸੰਪਰਕ ਕਰ ਸਕਦੇ ਹਨ।