ਆਸ਼ਾ ਕਿਰਨ ਸਕੂਲ ਦੇ ਬੱਚਿਆਂ ਨੇ ਜ਼ਿਲ੍ਹਾ ਕਚਹਿਰੀਆਂ ਵਿਚ ਦੀਵਾਲੀ ਸਬੰਧੀ ਬਣਾਏ ਸਾਮਾਨ ਦੀ ਲਗਾਈ ਪ੍ਰਦਰਸ਼ਨੀ

-ਜ਼ਿਲ੍ਹਾ ਤੇ ਸੈਸ਼ਨ ਜੱਜ ਸਮੇਤ ਨਿਆਇਕ ਅਧਿਕਾਰੀਆਂ ਅਤੇ ਐਡਵੋਕੇਟ ਨੇ ਬੱਚਿਆਂ ਦੀ ਕੀਤੀ ਹੌਸਲਾ ਅਫ਼ਜ਼ਾਈ
ਹੁਸ਼ਿਆਰਪੁਰ, 18 ਅਕਤੂਬਰ : ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਦਿਲਬਾਗ ਸਿੰਘ ਜੌਹਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀ. ਜੇ. ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਵੱਲੋਂ ਅੱਜ ਨਵੇਂ ਜ਼ਿਲ੍ਹੇ ਤੇ ਕਚਹਿਰੀ ਕੰਪਲੈਕਸ ਵਿਖੇ ਆਸ਼ਾ ਕਿਰਨ ਸਕੂਲ ਹੁਸ਼ਿਆਰਪੁਰ ਦੇ ਬੱਚਿਆਂ ਵੱਲੋਂ ਦੀਵਾਲੀ ਦੇ ਤਿਉਹਾਰ ਲਈ ਬਣਾਏ ਗਏ ਸਾਮਾਨ ਦੀ ਸੇਲ-ਕਮ-ਪ੍ਰਦਰਸ਼ਨੀ ਲਗਵਾਈ ਗਈ। ਇਸ ਪ੍ਰਦਰਸ਼ਨੀ ਵਿਚ ਬੱਚਿਆਂ ਵੱਲੋਂ ਮੋਮਬੱਤੀਆਂ, ਦੀਵੇ ਅਤੇ ਰੰਗੋਲੀ ਦੇ ਰੰਗਾਂ ਤੋਂ ਇਲਾਵਾ ਹੋਰ ਵੀ ਘਰ ਦੀ ਸਜਾਵਟ ਦੇ ਸਾਮਾਨ ਦਾ ਪ੍ਰਦਰਸ਼ਨ ਕੀਤਾ ਗਿਆ। ਸਮੂਹ ਨਿਆਇਕ ਜੱਜ ਸਾਹਿਬਾਨ ਵੱਲੋਂ ਬੱਚਿਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਲਈ ਉਨ੍ਹਾਂ ਦੁਆਰਾ ਬਣਾਇਆ ਗਿਆ ਸਾਮਾਨ ਵੀ ਖਰੀਦਿਆ ਗਿਆ। ਇਸ ਦੇ ਨਾਲ ਹੀ ਐਡਵੋਕੇਟਾਂ, ਸਟਾਫ ਮੈਬਰਾਂ ਅਤੇ ਕਚਹਿਰੀ ਵਿਚ ਆਏ ਲੋਕਾਂ ਵੱਲੋਂ ਵੀ ਦੀਵਿਆਂ ਅਤੇ ਮੋਮਬੱਤੀਆਂ ਦੀ ਖ਼ਰੀਦਦਾਰੀ ਕੀਤੀ ਗਈ।
ਇਸ ਤੋਂ ਇਲਾਵਾ ਸੀ. ਜੇ. ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਨੇ 9 ਦਸੰਬਰ 2023 ਨੂੰ ਜ਼ਿਲ੍ਹਾ ਪੱਧਰ ਤੇ ਸਬ-ਡਵੀਜ਼ਨ ਪੱਧਰ 'ਤੇ ਲਗਾਈ ਜਾਣ ਵਾਲੀ ਕੌਮੀ ਲੋਕ ਅਦਾਲਤ ਬਾਰੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਬੈਂਕ ਮੈਨੇਜਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਸਮੂਹ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਪੈਂਡਿੰਗ ਅਤੇ ਪ੍ਰੀ-ਲਿਟੀਗੇਟਿਵ ਕੇਸਾਂ ਦਾ ਰਾਜ਼ੀਨਾਮੇ ਰਾਹੀਂ ਨਿਪਟਾਰਾ ਕਰਵਾਉਣ ਲਈ ਪਾਰਟੀਆਂ ਨੂੰ ਇਸ ਲੋਕ ਅਦਾਲਤ ਵਿਚ ਹੋਏ ਫੈਸਲਿਆਂ ਦੇ ਲਾਭਾਂ ਬਾਰੇ ਪ੍ਰੇਰਿਤ ਕੀਤਾ ਜਾਵੇ। ਇਸ ਮੌਕੇ ਏ. ਐਸ. ਆਈ ਕਰਨੈਲ ਸਿੰਘ ਨੂੰ ਵੱਧ ਤੋਂ ਵੱਧ ਟ੍ਰੈਫਿਕ ਚਲਾਨਾਂ ਦਾ ਨਿਪਟਾਰਾ ਕਰਵਾਉਣ ਲਈ ਆਦੇਸ਼ ਦਿੱਤੇ ਗਏ ਅਤੇ ਬੀ. ਡੀ. ਪੀ. ਓ ਹਾਜੀਪੁਰ, ਤਲਵਾੜਾ, ਮੁਕੇਰੀਆਂ, ਟਾਂਡਾ, ਦਸੂਹਾ ਨੂੰ ਪਿੰਡ ਵਾਸੀਆਂ ਨੂੰ ਸਰਪੰਚਾਂ ਰਾਹੀਂ ਕੌਮੀ ਲੋਕ ਅਦਾਲਤ ਦਾ ਪ੍ਰਚਾਰ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ। ਇਸੇ ਤਰ੍ਹਾਂ ਇੰਸ਼ੋਰੈਂਸ ਕੰਪਨੀ ਦੇ ਸਹਾਇਕ ਮੈਨੇਜਰਾਂ ਨੂੰ ਕੋਰਟਾਂ ਵਿਚ ਚੱਲ ਰਹੇ ਐਮ. ਏ ਸਿਟੀ ਕੇਸਾਂ ਦਾ ਵੱਧ ਤੋਂ ਵੱਧ ਨਿਪਟਾਰਾ ਕਰਵਾਉਣ ਲਈ ਕਿਹਾ ਗਿਆ। ਇਸੇ ਤਰ੍ਹਾਂ ਬੀ. ਐਸ. ਐਨ. ਐਲ ਹੁਸ਼ਿਆਰਪੁਰ ਦੇ ਪਰਮਵੀਰ ਸਿੰਘ ਨੂੰ ਇਸ ਲੋਕ ਅਦਾਲਤ ਵਿਚ ਵੱਧ ਤੋਂ ਵੱਧ ਕੇਸਾਂ ਦਾ ਸਮਝੌਤੇ ਰਾਹੀਂ ਨਿਪਟਾਰਾ ਕਰਵਾਉਣ ਲਈ ਕਿਹਾ ਗਿਆ।