ਨਵਾਂਸ਼ਹਿਰ 19 ਅਕਤੂਬਰ : ਇਫਟੂ ਨਾਲ ਸਬੰਧਤ ਮਜਦੂਰਾਂ ਦੀਆਂ ਜਥੇਬੰਦੀਆਂ ਵਲੋਂ ਪਰਵਾਸੀ ਪੀੜਤ ਔਰਤ ਨੂੰ ਇਨਸਾਫ਼ ਦਿਵਾਉਣ ਲਈ ਥਾਣਾ ਸਿਟੀ ਨਵਾਂਸ਼ਹਿਰ ਅੱਗੇ ਧਰਨਾ ਲਾਇਆ ਗਿਆ।ਇਹ ਧਰਨਾ ਰੇਹੜੀ ਵਰਕਰਜ਼ ਯੂਨੀਅਨ, ਪਰਵਾਸੀ ਮਜਦੂਰ ਯੂਨੀਅਨ ,ਆਟੋ ਰਿਕਸ਼ਾ ਯੂਨੀਅਨ ਅਤੇ ਉਸਾਰੀ ਮਿਸਤਰੀ ਮਜਦੂਰ ਯੂਨੀਅਨ ਵਲੋਂ ਦਿੱਤਾ ਗਿਆ। ਇਹਨਾਂ ਜਥੇਬੰਦੀਆਂ ਵਲੋਂ ਪਹਿਲਾਂ ਹੀ ਇਹ ਧਰਨਾ ਲਾਉਣ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਸੀ।ਮਾਮਲਾ 30 ਸਤੰਬਰ ਸ਼ਾਮ 7:30 ਵਜੇ ਦੇ ਕਰੀਬ ਦਾ ਹੈ।ਜਦੋਂ ਸਤਿੰਦਰ ਕੁਮਾਰ ਉਰਫ ਰਾਜੂ ਨਾਂਅ ਦਾ ਰੇਹੜੀ ਲਾਉਣ ਵਾਲਾ ਪ੍ਰਵਾਸੀ ਮਜਦੂਰ ਦੇ ਘਰ ਇਕ ਲੁਟੇਰਾ ਜਬਰੀ ਦਾਖਲ ਹੋਇਆ ਸੀ।ਉਸਨੇ ਰਾਜੂ ਦੀ ਪਤਨੀ ਮਮਤਾ ਨਾਲ ਗੁੰਡਾਗਰਦੀ ਕੀਤੀ ਅਤੇ ਘਰ ਦੀ ਅਲਮਾਰੀ ਵਿਚੋਂ ਜਬਰਦਸਤੀ 24 ਹਜਾਰ ਰੁਪਏ ਨਕਦੀ ਕੱਢ ਕੇ ਲੈ ਗਿਆ ਪਰ ਪੁਲਸ ਨੇ ਘਟਨਾ ਦੇ 19 ਦਿਨ ਬੀਤਣ ਤੋਂ ਬਾਅਦ ਵੀ ਕਥਿਤ ਦੋਸ਼ੀ ਉੱਤੇ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ। ਸਗੋਂ ਪੀੜਤ ਪਰਿਵਾਰ ਨੂੰ ਪੁਲਸ ਵਾਰ ਵਾਰ ਥਾਣੇ ਬੁਲਾਉਂਦੀ ਰਹੀ।
ਅੱਜ ਥਾਣੇ ਅੱਗੇ ਲੱਗੇ ਧਰਨੇ ਨੂੰ ਇਫਟੂ ਦੇ ਸੂਬਾਈ ਪ੍ਰੈਸ ਸਕੱਤਰ ਜਸਬੀਰ ਦੀਪ, ਉੱਪ-ਸਕੱਤਰ ਅਵਤਾਰ ਸਿੰਘ ਤਾਰੀ, ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ, ਪਰਵਾਸੀ ਮਜਦੂਰ ਯੂਨੀਅਨ ਦੇ ਜਿਲਾ ਪ੍ਰਧਾਨ ਪਰਵੀਨ ਕੁਮਾਰ ਨਿਰਾਲਾ, ਰੇਹੜੀ ਵਰਕਰਜ਼ ਯੂਨੀਅਨ ਦੇ ਪ੍ਰਧਾਨ ਹਰੇ ਰਾਮ , ਉਸਾਰੀ ਮਿਸਤਰੀ ਮਜਦੂਰ ਯੂਨੀਅਨ ਦੇ ਆਗੂ ਸ਼ਿਵ ਨੰਦਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਰਵਾਸੀ ਮਜਦੂਰ ਔਰਤ ਮਮਤਾ ਮਾਨਸਿਕ ਮਰੀਜ਼ ਹੈ । ਨਵਾਂਸ਼ਹਿਰ ਵਿਖੇ ਉਸਦਾ ਇਲਾਜ ਚੱਲ ਰਿਹਾ ਹੈ। ਮਮਤਾ ਦਾ ਇਲਾਜ ਕਰ ਰਹੇ ਡਾਕਟਰ ਦੀ ਰਿਪੋਰਟ ਵੀ ਪੁਲਸ ਨੂੰ ਦਿੱਤੀ ਗਈ ਪਰ ਪੁਲਸ ਉੱਤੇ ਇਸ ਰਿਪੋਰਟ ਦਾ ਵੀ ਕੋਈ ਅਸਰ ਨਹੀਂ ਹੋਇਆ ਸਗੋਂ ਪੁਲਸ ਮਨਘੜ੍ਹਤ ਕਹਾਣੀਆਂ ਘੜਦੀ ਰਹੀ। ਡੀ.ਐਸ.ਪੀ ਨਵਾਂਸ਼ਹਿਰ ਮਾਧਵੀ ਸ਼ਰਮਾ ਨੇ ਜਥੇਬੰਦੀਆਂ ਦੇ ਆਗੂਆਂ ਨਾਲ ਹੋਈ ਮੀਟਿੰਗ ਵਿਚ ਅੱਜ ਸ਼ਾਮ ਤੱਕ ਕਥਿਤ ਦੋਸ਼ੀ ਵਿਰੁੱਧ ਬਣਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦਾ ਯਕੀਨ ਦਿਵਾਉਣ ਉਪਰੰਤ ਹੀ ਧਰਨਾ ਚੁੱਕਿਆ ਗਿਆ।
ਕੈਪਸ਼ਨ : ਥਾਣਾ ਸਿਟੀ ਨਵਾਂਸ਼ਹਿਰ ਅੱਗੇ ਧਰਨੇ ਉੱਤੇ ਬੈਠੇ ਹੋਏ ਜਥੇਬੰਦੀਆਂ ਦੇ ਵਰਕਰ ਪੁਲਸ ਵਿਰੁੱਧ ਨਾਹਰੇਬਾਜ਼ੀ ਕਰਦੇ ਹੋਏ।