ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਧਾਲੀਵਾਲ ਵੱਲੋਂ ਆਂਗਨਵਾੜੀਆਂ ਤੇ ਸਕੂਲਾਂ ਵਿੱਚ ਮਿਡ ਡੇਅ ਮੀਲ ਦੀ ਅਚਨਚੇਤ ਜਾਂਚ

ਡਿਪੂਆਂ ਤੇ ਕੌਮੀ ਅੰਨ ਸੁਰੱਖਿਆ ਮਿਸ਼ਨ ਅਧੀਨ ਕਣਕ ਦੀ ਵੰਡ ਦਾ ਵੀ ਲਿਆ ਜਾਇਜ਼ਾ, ਲਾਭਪਾਤਰੀਆਂ ਨੂੰ ਕਣਕ ਦੀ ਪਾਰਦਰਸ਼ੀ ਵੰਡ ਦੇ ਨਿਰਦੇਸ਼
ਮਿਡ ਡੇਅ ਮੀਲ 'ਚ ਤਿਆਰ ਕੀਤੇ ਜਾਂਦੇ ਖਾਣੇ ਦੀ ਗੁਣਵੱਤਾ ਉੱਚ ਪੱਧਰ ਦੀ ਹੋਣੀ ਯਕੀਨੀ ਬਣਾਈ ਜਾਵੇ
ਨਵਾਂਸ਼ਹਿਰ, 6 ਸਤੰਬਰ  : ਪੰਜਾਬ ਰਾਜ ਫ਼ੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਨੇ ਅੱਜ ਜ਼ਿਲ੍ਹੇ ਦਾ ਦੌਰਾ ਕਰਕੇ ਵੱਖ-ਵੱਖ ਸਕੂਲਾਂ ਅਤੇ ਆਂਗਨਵਾੜੀਆਂ 'ਚ ਦਿੱਤੇ ਜਾਂਦੇ ਮਿਡ ਡੇਅ ਮੀਲ ਅਤੇ ਰਾਸ਼ਨ ਡਿਪੂਆਂ 'ਤੇ ਕੌਮੀ ਅੰਨ ਸੁਰੱਖਿਆ ਮਿਸ਼ਨ ਤਹਿਤ ਕੀਤੀ ਜਾ ਰਹੀ ਕਣਕ ਦੀ ਵੰਡ ਦੀ ਅਚਨਚੇਤ ਚੈਕਿੰਗ ਕੀਤੀ। ਉਨ੍ਹਾਂ ਨੇ ਲੰਗੜੋਆ ਅਤੇ ਨਾਈ ਮਜਾਰਾ ਵਿਖੇ ਸਕੂਲਾਂ ਅਤੇ ਆਂਗਣਵਾੜੀਆਂ 'ਚ ਬੱਚਿਆਂ ਨੂੰ ਦਿੱਤੇ ਜਾਂਦੇ ਮਿਡ ਡੇਅ ਮੀਲ ਦੇ ਭੰਡਾਰਣ ਪ੍ਰਬੰਧ, ਤਿਆਰ ਕਰਨ ਦੇ ਥਾਂ ਅਤੇ ਇਸ ਦੀ ਗੁਣਵੱਤਾ ਦੀ ਜਾਂਚ ਕੀਤੀ। ਉਨ੍ਹਾਂ ਇਸ ਮੌਕੇ ਤਿਆਰ ਕੀਤਾ ਖਾਣਾ ਖਾ ਕੇ ਵੀ ਵੇਖਿਆ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ ਵੀ ਮੌਜੂਦ ਸਨ। ਉਨ੍ਹਾਂ ਇਸ ਮੌਕੇ ਮਿਡ ਡੇਅ ਮੀਲ ਤਹਿਤ ਰਾਸ਼ਨ ਨੂੰ ਸੁਰੱਖਿਅਤ ਢੰਗ ਨਾਲ ਰੱਖਣ, ਇਸ ਦਾ ਗੁਣਵੱਤਾ ਭਰਪੂਰ ਹੋਣਾ ਅਤੇ ਪਕਾਉਣ ਵਾਲੀਆਂ ਰਸੋਈਆਂ ਸਾਫ਼-ਸੁਥਰੀਆਂ ਹੋਣੀਆਂ ਯਕੀਨੀ ਬਣਾਉਣ ਲਈ ਕਿਹਾ।
ਇਸ ਤੋਂ ਇਲਾਵਾ ਸਜਾਵਲਪੁਰ ਅਤੇ ਜਾਡਲਾ ਵਿਖੇ ਰਾਸ਼ਨ ਡਿਪੂਆਂ 'ਤੇ ਕੌਮੀ ਅੰਨ ਸੁਰੱਖਿਆ ਮਿਸ਼ਨ ਤਹਿਤ ਚੱਲ ਰਹੀ ਕਣਕ ਦੀ ਵੰਡ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਕਣਕ ਦੀ ਗੁਣਵੱਤਾ, ਤੋਲ ਅਤੇ ਲਾਭਪਾਤਰੀਆਂ ਪਾਸੋਂ ਕਿਸੇ ਵੀ ਤਰ੍ਹਾਂ ਦੀ ਵਾਧੂ ਰਾਸ਼ੀ ਨਾ ਵਸੂਲੇ ਜਾਣ ਬਾਰੇ ਪੜਤਾਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਫ਼ੂਡ ਕਮਿਸ਼ਨ ਦਾ ਉਦੇਸ਼ ਕੌਮੀ ਅੰਨ ਸੁਰੱਖਿਆ ਕਾਨੂੰਨ ਦੀ ਜ਼ਮੀਨੀ ਪੱਧਰ 'ਤੇ ਲਾਗੂ ਕਰਨਾ ਯਕੀਨੀ ਬਣਾਉਣਾ ਅਤੇ ਲਾਭਪਾਤਰੀਆਂ ਤੱਕ ਇਸ ਐਕਟ ਤਹਿਤ ਉਨ੍ਹਾਂ ਦੇ ਹਿੱਸੇ ਦਾ ਅਨਾਜ ਪੁੱਜਦਾ ਯਕੀਨੀ ਬਣਾਉਣਾ ਹੈ।
        ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਫ਼ੂਡ ਕਮਿਸ਼ਨ ਦੇ ਮੈਂਬਰ ਨੇ ਏ ਡੀ ਸੀ (ਵਿਕਾਸ) ਅਮਰਦੀਪ ਸਿੰਘ ਬੈਂਸ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ੍ਰੀਮਤੀ ਰੇਨੂ ਬਾਲਾ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ, ਡਿਪਟੀ ਜ਼ਿਲ੍ਹਾ ਸਿਖਿਆ ਅਫ਼ਸਰ (ਐਲੀਮੈਂਟਰੀ) ਵਰਿੰਦਰ ਸਿੰਘ ਤੇ ਹੋਰਨਾਂ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੌਰਾਨ ਅਨਾਜ ਦੀ ਵੰਡ ਵਿੱਚ ਪਾਰਦਰਸ਼ਤਾ ਬਰਕਰਾਰ ਰੱਖਣ ਦੀ ਤਾਕੀਦ ਕਰਦਿਆਂ, ਹਰੇਕ ਲੋੜਵੰਦ ਤੱਕ ਉਸ ਦੇ ਬਣਦੇ ਲਾਭ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ, ਮਿਡ ਡੇਅ ਮੀਲ ਤਹਿਤ ਦਿੱਤਾ ਜਾਂਦਾ ਖਾਣਾ ਉੱਚ ਮਿਆਰੀ ਅਤੇ ਸਾਫ਼-ਸੁੱਥਰਾ ਬਣਿਆ ਹੋਣ ਅਤੇ ਆਂਗਣਵਾੜੀਆਂ ਵਿਖੇ ਦਿੱਤੀ ਜਾਂਦੀ ਖੁਰਾਕ ਮਿਆਰੀ ਅਤੇ ਉੱਚ ਗੁਣਵੱਤਾ ਭਰਪੂਰ ਹੋਣੀ ਯਕੀਨੀ ਬਣਾਉਣ ਲਈ ਆਖਿਆ।
        ਇਸ ਮੌਕੇ ਡੀ ਐਫ ਐਸ ਸੀ ਨੇ ਮੈਂਬਰ ਫ਼ੂਡ ਕਮਿਸ਼ਨ ਨੂੰ ਜਾਣੂ ਕਰਵਾਇਆ ਕਿ ਜ਼ਿਲ੍ਹੇ ਵਿੱਚ ਕੌਮੀ ਅੰਨ ਸੁਰੱਖਿਆ ਮਿਸ਼ਨ ਤਹਿਤ 90,980 ਸਮਾਰਟ ਕਾਰਡ ਧਾਰਕ ਪਰਿਵਾਰ ਹਨ, ਜਿਨ੍ਹਾਂ ਦੇ 3.41 ਲੱਖ ਤੋਂ ਵਧੇਰੇ ਮੈਂਬਰਾਂ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਤਰਜੀਹੀ ਲਾਭਪਾਤਰੀਆਂ (ਆਟਾ ਦਾਲ) ਲਈ ਪ੍ਰਤੀ ਮੈਂਬਰ 5 ਕਿਲੋਗ੍ਰਾਮ ਕਣਕ ਪ੍ਰਤੀ ਮਾਹ ਦੀ ਵੰਡ ਦਾ ਕੋਟਾ ਨਿਰਧਾਰਿਤ ਹੈ ਅਤੇ ਅੰਨਤੋਦਿਆ ਕਾਰਡ ਧਾਰਕਾਂ ਲਈ 35 ਕਿਲੋਗ੍ਰਾਮ ਪ੍ਰਤੀ ਪਰਿਵਾਰ ਪ੍ਰਤੀ ਮਹੀਨਾ ਤਹਿਤ ਅਪ੍ਰੈਲ 2022 ਤੋਂ ਸਤੰਬਰ 2022 ਤੱਕ ਦਾ ਕੋਟਾ 2 ਰੁਪਏ ਪ੍ਰਤੀ ਕਿਲੋ ਦੇ ਆਧਾਰ 'ਤੇ ਵੰਡਿਆ ਜਾ ਰਿਹਾ ਹੈ।
        ਸ੍ਰੀ ਧਾਲੀਵਾਲ ਨੇ ਇਸ ਗੱਲ ਨੂੰ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਪਾਰਦਰਸ਼ਤਾ ਬਣਾਈ ਰੱਖਣ ਲਈ ਬਾਇਓਮੈਟਿ੍ਰਕ ਮਸ਼ੀਨਾਂ (ਈਪੋਸ) ਰਾਹੀਂ ਕੀਤੀ ਜਾ ਰਹੀ ਵੰਡ ਦੌਰਾਨ ਅੱਜ ਕੱਢੀ ਗਈ ਪਰਚੀ 'ਤੇ ਅੱਜ ਹੀ ਵੰਡ ਕਰਨੀ ਯਕੀਨੀ ਬਣਾਈ ਜਾਵੇ।
        ਉਨ੍ਹਾਂ ਇਸ ਮੌਕੇ ਫ਼ੂਡ ਕਮਿਸ਼ਨ ਦੇ ਹੈਲਪ ਲਾਈਨ ਨੰਬਰ 98767-64545 ਅਤੇ ਵੈਬਸਾਈਟ ... ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਅਨਾਜ ਦੀ ਪ੍ਰਾਪਤੀ ਵਿੱਚ ਕੋਈ ਵੀ ਮੁਸ਼ਕਿਲ ਆਵੇ ਤਾਂ ਉਹ ਉਕਤ ਫ਼ੋਨ ਨੰਬਰ 'ਤੇ ਸ਼ਿਕਾਇਤ ਦਰਜ ਕਰਵਾਉਣ ਤੋਂ ਇਲਾਵਾ ਕਮਿਸ਼ਨ ਦੀ ਵੈਬਸਾਈਟ 'ਤੇ ਵੀ ਆਪਣੀ ਮੁਸ਼ਕਿਲ ਦੱਸ ਸਕਦੇ ਹਨ।
       ਇਸ ਮੌਕੇ ਖੁਰਾਕ ਸਪਲਾਈ ਵਿਭਾਗ ਦੇ ਸਹਾਇਕ ਖੁਰਾਕ ਤੇ ਸਪਲਾਈ ਅਫ਼ਸਰ ਹਰੀਸ਼ ਕੁਮਾਰ, ਇੰਸਪੈਕਟਰ ਜਤਿੰਦਰ ਸਿੰਘ, ਸੁਰਿੰਦਰਜੀਤ ਸਿੰਘ ਤੇ ਇਤਬਾਰ ਕੌਰ ਵੀ ਮੌਜੂਦ ਸਨ।