ਕੰਢੀ ਨਹਿਰ ਜਲਦ ਹੀ ਬਲਾਚੌਰ ਦੇ ਖੇਤਾਂ ਨੂੰ ਸਿੰਜੇਗੀ, ਸਰਕਾਰ ਵੱਲੋਂ ਬੱਲੋਵਾਲ ਵਿਖੇ ਬਣ ਰਹੇ ਕਾਲਜ ਲਈ 6.50 ਕਰੋੜ ਜਾਰੀ
ਪੀ ਏ ਯੂ ਦੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਚ ਹਾੜ੍ਹੀ ਦੀਆਂ ਫ਼ਸਲਾਂ ਲਈ ਕਿਸਾਨ ਮੇਲਾ ਕਰਵਾਇਆ ਗਿਆ
ਪੀ ਏ ਯੂ ਦੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਚ ਹਾੜ੍ਹੀ ਦੀਆਂ ਫ਼ਸਲਾਂ ਲਈ ਕਿਸਾਨ ਮੇਲਾ ਕਰਵਾਇਆ ਗਿਆ
ਬਲਾਚੌਰ, ਭੱਦੀ, 6 ਸਤੰਬਰ : ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿ੍ਰਸ਼ਨ ਸਿੰਘ ਰੌੜੀ ਨੇ ਅੱਜ ਇੱਥੇ ਆਖਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਪੰਜਾਬ ਦੇ ਕਿਸਾਨਾਂ ਸਮੇਤ ਹਰੇਕ ਵਰਗ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਵਚਨਬੱਧ ਹੈ। ਉਨ੍ਹਾਂ ਆਖਿਆ ਕਿ ਜਿਵੇਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਪੰਜਾਬ ਨੂੰ ਅਤੇ ਦੇਸ਼ ਨੂੰ ਅੰਨ ਉਤਪਾਦਨ 'ਚ ਸਵੈ-ਨਿਰਭਰ ਬਣਾਉਣ 'ਚ ਪਾਏ ਯੋਗਦਾਨ ਦਾ ਸਿਹਰਾ ਜਾਂਦਾ ਹੈ, ਉਸੇ ਤਰ੍ਹਾਂ ਭਵਿੱਖ ਵਿੱਚ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸਿਹਰਾ ਲੋਕਾਂ ਦੇ ਸਹਿਯੋਗ ਨਾਲ ਬਣੀ ਭਗਵੰਤ ਮਾਨ ਸਰਕਾਰ ਨੂੰ ਜਾਵੇਗਾ। ਉਨ੍ਹਾਂ ਕਿਹਾ ਕਿ ਇਲਾਕੇ ਦੀ ਵੱਡੀ ਮੰਗ ਕੰਢੀ ਨਹਿਰ ਦੀ ਸੰਪੂਰਨਤਾ ਜਲਦੀ ਹੀ ਹੋਣ ਵਾਲੀ ਹੈ, ਜਿਸ ਤੋਂ ਬਾਅਦ ਇਸ ਇਲਾਕੇ ਦੀ ਧਰਤੀ ਨੂੰ ਵੀ ਸਿੰਜਾਈ ਲਈ ਖੁੱਲ੍ਹਾ ਪਾਣੀ ਮਿਲੇਗਾ। ਉਨ੍ਹਾ ਦੱਸਿਆ ਕਿ ਸਰਕਾਰ ਵੱਲੋਂ ਬੱਲੋਵਾਲ ਸੌਂਖੜੀ ਵਿਖੇ ਬਣ ਰਹੇ ਖੇਤੀਬਾੜੀ ਕਾਲਜ ਦੀ ਇਮਾਰਤ ਲਈ 6.50 ਕਰੋੜ ਵੀ ਜਾਰੀ ਕੀਤੇ ਜਾ ਚੁੱਕੇ ਹਨ।
ਉਹ ਅੱਜ ਬੱਲੋਵਾਲ ਸੌਂਖੜੀ ਵਿਖੇ ਆਉਂਦੀ ਹਾੜ੍ਹੀ ਅਤੇ ਬਸੰਤ ਰੁੱਤ ਦੀਆਂ ਫ਼ਸਲਾਂ ਲਈ ਪੀ ਏ ਯੂ ਦੇ ਡਾ. ਡੀ. ਆਰ ਭੂੰਬਲਾ ਖੇਤਰੀ ਖੋਜ ਕੇਂਦਰ ਵਿਖੇ ਲਾਏ ਗਏ ਕਿਸਾਨ ਮੇਲੇ ਅਤੇ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਪੁੱਜੇ ਸਨ। ਇਸ ਮੌਕੇ ਵਿਧਾਇਕ ਬਲਾਚੌਰ ਸ੍ਰੀਮਤੀ ਸੰਤੋਸ਼ ਕਟਾਰੀਆ ਅਤੇ ਉੱਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਮੇਲੇ ਦਾ ਆਰੰਭ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਸ਼ਬਦ ਗਾਇਨ ਨਾਲ ਹੋਇਆ।
ਡਿਪਟੀ ਸਪੀਕਰ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੰਜਾਬ ਦੇ ਵੱਖ-ਵੱਖ ਖੇਤਰਾਂ ਲਈ ਵਿਸ਼ੇਸ਼ ਤਕਨੀਕਾਂ ਨੂੰ ਵਿਕਸਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਕੰਢੀ ਖੇਤਰ ਲਈ ਡਾ. ਦੇਵ ਰਾਜ ਭੂੰਬਲਾ ਮਸੀਹਾ ਬਣ ਕੇ ਆਏ, ਜਿਨ੍ਹਾਂ ਇਸ ਖੇਤਰ ਵਿਚ ਵੱਡਮੁੱਲਾ ਕਾਰਜ ਕੀਤਾ। ਇਸ ਖੇਤਰ ਵਿੱਚ ਪੰਜਾਬ ਦੇ ਬਾਕੀ ਹਿੱਸਿਆਂ ਦੇ ਮੁਕਾਬਲੇ ਵੱਖਰੀ ਤਰ੍ਹਾਂ ਦੀਆਂ ਭੁਗੋਲਿਕ ਮੁਸ਼ਕਿਲਾਂ ਜਿਵੇਂ ਕਿ ਧਰਤੀ ਹੇਠਲੇ ਪਾਣੀ ਦੀ ਵੱਧ ਡੂੰਘਾਈ, ਭੋਂ-ਖੋਰ ਕਾਰਨ ਬੰਜਰ ਜ਼ਮੀਨ, ਲੋੜੀਂਦੀਆਂ ਸਿੰਚਾਈ ਸਹੂਲਤਾਂ ਦੀ ਘਾਟ, ਛੋਟੀਆਂ ਜ਼ਮੀਨਾਂ ਅਤੇ ਗਰੀਬ ਕਿਸਾਨ ਆਦਿ ਪ੍ਰਮੁੱਖ ਹੋਣ ਕਾਰਨ ਇਸ ਖੇਤਰ ਨੂੰ ਵਿਸ਼ੇਸ਼ ਧਿਆਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਕੇਂਦਰ ਵਿਚ ਬੀ.ਐੱਸ.ਸੀ ਐਗਰੀਕਲਚਰ ਚਾਲੂ ਹੋਣਾ ਸ਼ੁੱਭ ਸ਼ਗਨ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਇੱਥੇ ਸਥਿਤ ਆਪਣੇ ਖੇਤਰੀ ਖੋਜ ਕੇਂਦਰ ਰਾਹੀਂ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਇਤਿਹਾਸਿਕ ਕਾਰਜ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੇਲੇ ਇਲਾਕੇ ਦੀ ਖੇਤੀ ਨੂੰ ਨਵੀਂ ਦਿਸ਼ਾ ਦੇਣ ਵਿਚ ਸਹਾਈ ਹੋਣਗੇ। ਪੰਜਾਬ ਦੇ ਇਸ ਖਿੱਤੇ ਵਿੱਚ ਸਾਲਾਨਾ ਵਰਖਾ ਘੱਟ ਰਹੀ ਹੈ ਅਤੇ ਮੌਸਮ ਵਿੱਚ ਤਬਦੀਲੀਆਂ ਇਸ 'ਤੇ ਅਸਰ ਦਿਖਾ ਰਹੀਆਂ ਹਨ। ਇਸਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਸਬਜ਼ੀ, ਫਲ ਤੇ ਦਾਲਾਂ ਪੈਦਾ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਅਤੇ ਵਾਤਾਵਰਨ ਦੀ ਸੰਭਾਲ ਕਰਨ। ਡਿਪਟੀ ਸਪੀਕਰ ਰੌੜੀ ਨੇ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਜ਼ਮੀਨ ਵਿੱਚ ਮਿਲਾਉਣ ਦੀ ਲੋੜ ਹੈ ਤਾਂ ਜੋ ਇਸ ਖਿੱਤੇ ਦੀ ਮਿੱਟੀ ਹੋਰ ਉਪਜਾਊ ਬਣ ਸਕੇ। ਇਹ ਖੇਤਰ ਜੈਵਿਕ ਖੇਤੀ ਅਤੇ ਦਵਾਈਆਂ ਵਾਲੇ ਪੌਦਿਆਂ ਦੀ ਕਾਸ਼ਤ ਲਈ ਵੀ ਵਧੇਰੇ ਢੁਕਵਾਂ ਹੈ ਅਤੇ ਇਸ ਕੇਂਦਰ 'ਤੇ ਇਨ੍ਹਾਂ ਪੱਖਾਂ 'ਤੇ ਖੋਜ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਇਹ ਖੇਤਰੀ ਖੋਜ ਕੇਂਦਰ ਨਾ ਸਿਰਫ਼ ਖੇਤਰ ਲਈ ਢੁੱਕਵੀਆਂ ਤਕਨੀਕਾਂ ਦੇ ਵਿਕਾਸ ਵਿੱਚ, ਸਗੋਂ ਕਿਸਾਨਾਂ ਤੱਕ ਇਨ੍ਹਾਂ ਤਕਨੀਕਾਂ ਦੇ ਪ੍ਰਸਾਰ ਲਈ ਵੀ ਸ਼ਾਨਦਾਰ ਕੰਮ ਕਰ ਰਿਹਾ ਹੈ, ਜਿਸ ਦਾ ਸਬੂਤ ਇੱਥੇ ਕਿਸਾਨਾਂ ਦੇ ਵੱਡੇ ਇਕੱਠ ਤੋਂ ਮਿਲ ਰਿਹਾ ਹੈ। ਉਨ੍ਹਾਂ ਸਮਾਗਮ 'ਚ ਡਾ. ਡੀ ਆਰ ਭੁੰਬਲਾ ਦੇ ਪੁੱਤਰ ਵਰਿੰਦਰ ਭੁੰਬਲਾ ਨੂੰ ਸਨਮਾਨਦਿਆਂ ਕਿਹਾ ਕਿ ਡਾ. ਭੁੰਬਲਾ ਦੇ ਪਰਿਵਾਰ ਵੱਲੋਂ ਇਸ ਖੇਤਰੀ ਖੋਜ ਕੇਂਦਰ ਦੀ ਸਥਾਪਤੀ ਲਈ ਦਿੱਤੇ 60 ਲੱਖ ਰੁਪਏ ਦੇ ਯੋਗਦਾਨ ਨੂੰ ਅਹਿਮ ਵਿਦਿਆ ਦਾਨ ਵਜੋਂ ਯਾਦ ਰੱਖਿਆ ਜਾਵੇਗਾ।
ਵਿਧਾਇਕਾ ਸ੍ਰੀਮਤੀ ਸੰਤੋਸ਼ ਕਟਾਰੀਆ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਇਹ ਪਹਿਲਾ ਮੇਲਾ ਹੈ, ਜਿਸ ਵਿੱਚ ਕਿਸਾਨਾਂ ਨੂੰ ਫ਼ਸਲੀ ਤੇ ਪਸ਼ੂ ਗਿਆਨ ਅਤੇ ਪ੍ਰਦਰਸ਼ਨੀਆਂ ਦੇਖਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਸ ਖੇਤਰੀ ਖੋਜ ਕੇਂਦਰ ਤੋਂ ਕੰਢੀ ਇਲਾਕੇ ਦੇ ਕਿਸਾਨਾਂ ਨੂੰ ਵੱਡੀਆਂ ਆਸਾਂ ਹਨ। ਉਨ੍ਹਾਂ ਕਿਹਾ ਕਿ ਕੰਢੀ ਨਹਿਰ ਲਈ ਡਿਪਟੀ ਸਪੀਕਰ ਜੈ ਕਿ੍ਰਸ਼ਨ ਸਿੰਘ ਰੌੜੀ ਵੱਲੋਂ ਕਤਿੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਇਸ ਨਹਿਰ ਨਾਲ ਇਲਾਕੇ ਦੇ ਲੋਕਾਂ ਦਾ ਭਵਿੱਖ ਜੁੜਿਆ ਹੋਣ ਕਾਰਨ, ਉਹ ਇਸ ਦੇ ਚੱਲਣ ਤੱਕ ਟਿਕ ਕੇ ਨਹੀਂ ਬੈਠਣਗੇ ਅਤੇ ਯਤਨ ਕਰਦੇ ਰਹਿਣਗੇ।
ਵਾਈਸ ਚਾਂਸਲਰ ਡਾ.ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਕਿਸਾਨ ਮੇਲੇ ਗਿਆਨ ਵਿਗਿਆਨ ਦਾ ਕੁੰਭ ਹਨ। ਉਨ੍ਹਾਂ ਕਿਹਾ ਕਿ ਇਹ ਕੇਂਦਰ 1982 ਵਿਚ ਬਣਿਆ ਸੀ ਤੇ ਇੱਥੇ ਕਿਸਾਨ ਮੇਲਾ 1983 ਤੋਂ ਲੱਗ ਰਿਹਾ ਹੈ। ਡਾ. ਗੋਸਲ ਨੇ ਕਿਹਾ ਕਿ ਇਹ ਮੇਲੇ ਕਿਸਾਨਾਂ ਕੋਲੋਂ ਵਿਗਿਆਨੀਆਂ ਅਤੇ ਵਿਗਿਆਨੀਆਂ ਕੋਲੋਂ ਕਿਸਾਨਾਂ ਦੇ ਸਿੱਖਣ ਦਾ ਮਾਧਿਅਮ ਹਨ। ਉਨ੍ਹਾਂ ਕਿਹਾ ਕਿ ਪੀ.ਏ.ਯੂ ਦੇ ਮੇਲਿਆਂ ਵਿਚ ਖੇਤੀ ਬੀਜ, ਸਾਹਿਤ ਅਤੇ ਮਸ਼ੀਨਰੀ ਦੀ ਨਵੀਂ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੌਰਾਨ ਵੀ ਯੂਨੀਵਰਸਿਟੀ ਨੇ ਆਪਣੇ ਸਾਰੇ ਮਾਧਿਅਮ ਵਰਤ ਕੇ ਕਿਸਾਨਾਂ ਤਕ ਜਾਣਕਾਰੀ ਪਹੁੰਚਾਈ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਖੇਤ ਵਿਚ ਹੀ ਵਾਹੁਣਾ ਬਿਹਤਰ ਹੈ ਇਸ ਨਾਲ ਜ਼ਮੀਨ ਦੀ ਗੁਣਵੱਤਾ ਤਾਂ ਸੁਧਰਦੀ ਹੀ ਹੈ ਅਤੇ ਨਾਲ ਹੀ ਵਾਤਾਵਰਨ ਵੀ ਠੀਕ ਰਹਿੰਦਾ ਹੈ। ਡਾ.ਗੋਸਲ ਨੇ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਨੂੰ ਮੰਨਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਡਾ.ਗੋਸਲ ਨੇ ਕਿਸਾਨੀ ਪਰਿਵਾਰਾਂ ਨੂੰ ਦੁੱਧ, ਦਾਲਾਂ, ਫਲਾਂ, ਸਬਜ਼ੀਆਂ ਆਦਿ ਲਈ ਸਵੈ ਨਿਰਭਰ ਹੋਣ ਲਈ ਕਿਹਾ। ਖੇਤੀ ਮਸ਼ੀਨਰੀ ਦੇ ਮਾਮਲੇ ਵਿਚ ਵਾਈਸ ਚਾਂਸਲਰ ਨੇ ਕਿਸਾਨਾਂ ਨੂੰ ਸਾਂਝੇ ਯਤਨਾਂ ਲਈ ਪ੍ਰੇਰਦੀਆਂ ਖੇਤੀ ਖਰਚਿਆਂ ਦੇ ਨਾਲ ਪਰਿਵਾਰਕ ਖਰਚੇ ਘਟਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਅਤੇ ਕਿਸਾਨਾਂ ਵਿਚਕਾਰ ਰਿਸ਼ਤਾ ਬੜਾ ਮਜ਼ਬੂਤ ਤੇ ਪੁਰਾਣਾ ਹੈ ਤੇ ਇਸ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ।
ਪੀ.ਏ.ਯੂ ਦੇ ਨਿਰਦੇਸ਼ਕ ਖੋਜ ਡਾ.ਅਜਮੇਰ ਸਿੰਘ ਢੱਟ ਨੇ ਖੇਤੀ ਖੋਜਾਂ ਬਾਰੇ ਯੂਨੀਵਰਸਿਟੀ ਦੀਆਂ ਗਤੀਵਿਧੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਹੁਣ ਤੱਕ ਯੂਨੀਵਰਸਿਟੀ ਨੇ 900 ਤੋਂ ਵੱਧ ਕਿਸਮਾਂ ਵਿਕਸਿਤ ਕੀਤੀਆਂ ਹਨ ਅਤੇ ਮਸ਼ੀਨਰੀ ਦੇ ਖੇਤਰ ਵਿਚ ਵੀ ਉੱਘਾ ਯੋਗਦਾਨ ਪਾਇਆ ਹੈ। ਉਨ੍ਹਾਂ ਦੱਸਿਆ ਕਣਕ ਦੀ ਨਵੀਂ ਕਿਸਮ ਪੀ.ਬੀ.ਡਬਲਯੂ. 826 ਕਾਸ਼ਤ ਲਈ ਜਾਰੀ ਕੀਤੀ ਗਈ ਹੈ ਜੋ ਪਿਛਲੇ ਦਿਨੀਂ ਰਾਸ਼ਟਰੀ ਪੱਧਰ ਤੇ ਪਛਾਣੀ ਗਈ ਹੈ। ਇਹ ਕਿਸਮ ਕਲਕੱਤੇ ਤੋਂ ਅੰਮਿ੍ਰਤਸਰ ਤਕ ਪਰਖੀ ਤੇ ਖਰੀ ਪਾਈ ਗਈ ਹੈ। ਇਸਦਾ ਝਾੜ 24 ਕੁਇੰਟਲ ਤੱਕ ਆ ਜਾਂਦਾ ਹੈ। ਨਾਲ ਹੀ ਦਾਲਾਂ ਵਿਚ ਮਸਰਾਂ ਅਤੇ ਜਵੀ ਦੀ ਨਵੀਂ ਕਿਸਮ ਓ.ਐੱਲ. 16 ਦਾ ਜ਼ਿਕਰ ਕੀਤਾ ਜੋ ਦੋ ਕਟਾਈਆਂ ਦਿੰਦੀ ਹੈ। ਪਹਿਲੀ ਕਟਾਈ ਹਰੇ ਚਾਰੇ ਵਜੋਂ ਅਤੇ ਦੂਜੀ ਕਟਾਈ ਦਾਣਿਆਂ ਦੀ ਵਰਤੋਂ ਲਈ ਬੀਜੀ ਜਾ ਸਕਦੀ ਹੈ। ਬਰਸੀਮ ਤੋਂ ਇਲਾਵਾ ਉਨ੍ਹਾਂ ਹੋਰ ਫ਼ਸਲਾਂ ਦੀਆਂ ਸਿਫਾਰਸ਼ ਕਿਸਮਾਂ ਬਾਰੇ ਵੀ ਦੱਸਿਆ। ਖੇਤੀ ਜੰਗਲਾਤ ਵਿਚ ਡੇਕ ਦੀਆਂ ਨਵੀਆਂ ਕਿਸਮਾਂ ਬਾਰੇ ਵੀ ਜਾਣਕਾਰੀ ਡਾ.ਢੱਟ ਨੇ ਦਿੱਤੀ। ਇਸ ਤੋਂ ਬਿਨਾਂ ਡਾ.ਢੱਟ ਨੇ ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਖੇਤ ਵਿਚ ਵਾਹੁਣ ਨਾਲ ਮਿੱਟੀ ਵਿੱਚ ਜੈਵਿਕ ਮਾਦੇ ਦੇ ਵਾਧੇ ਦੇ ਨਮੂਨੇ ਸਾਹਮਣੇ ਆਏ ਹਨ। ਪਾਣੀ ਬਚਾਉਣ ਦੀਆਂ ਤਕਨੀਕਾਂ ਵਿਚ ਤੁਪਕਾ ਸਿੰਚਾਈ ਵਿਸ਼ੇਸ਼ ਕਰਕੇ ਮੱਕੀ ਵਿਚ ਇਸ ਵਿਧੀ ਦੀ ਸਿਫਾਰਿਸ਼ ਵੀ ਨਿਰਦੇਸ਼ਕ ਖੋਜ ਵਲੋਂ ਕੀਤੀ ਗਈ। ਉਨ੍ਹਾਂ ਬੱਲੋਵਾਲ ਸੌਂਖੜੀ ਕੇਂਦਰ ਲਈ ਅਦਰਕ ਦੀ ਕਾਸ਼ਤ ਬਾਰੇ ਪੀ.ਏ.ਯੂ ਦੀ ਸਿਫਾਰਸ਼ ਸਾਂਝੀ ਕੀਤੀ। ਇਸ ਦੇ ਨਾਲ ਹੀ ਫਾਲ ਆਰਮੀ ਵਰਮ ਤੇ ਪੀਲੀ ਕੁੰਗੀ ਦੀ ਰੋਕਥਾਮ ਬਾਰੇ ਸਿਫਾਰਿਸ਼ਾਂ ਵੀ ਸਾਂਝੀਆਂ ਕੀਤੀਆਂ ਗਈਆਂ।
ਨਿਰਦੇਸ਼ਕ ਪਸਾਰ ਸਿੱਖਿਆ ਡਾ.ਅਸ਼ੋਕ ਕੁਮਾਰ ਨੇ ਸਵਾਗਤੀ ਸ਼ਬਦਾਂ 'ਚ ਕਿਹਾ ਕਿ ਪੀ.ਏ.ਯੂ ਦਾ ਮਕਸਦ ਹਰ ਹਾਲ ਨਵੀਂ ਖੇਤੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕਰਨਾ ਹੈ। ਉਨ੍ਹਾਂ ਕਿਹਾ ਕਿ ਦੋ ਸਾਲ ਦੇ ਵਕਫੇ ਤੋਂ ਬਾਅਦ ਕਿਸਾਨ ਮੇਲੇ ਲੱਗਣਾ ਬੜੀ ਸ਼ੁੱਭ ਗੱਲ ਹੈ। ਯੂਨੀਵਰਸਿਟੀ ਇਸ ਦੌਰਾਨ ਵਰਚੂਅਲ ਮੇਲੇ ਲਾ ਕੇ ਆਪਣੀਆਂ ਖੋਜਾਂ ਕਿਸਾਨਾਂ ਤਕ ਪਹੁੰਚਾਉਣ ਵਿਚ ਕਾਮਯਾਬ ਰਹੀ ਹੈ। ਉਨ੍ਹਾਂ ਨਵੇਂ ਵਾਈਸ ਚਾਂਸਲਰ ਦਾ ਤੁਆਰਫ਼ ਵੀ ਕਰਾਇਆ। ਉਨ੍ਹਾਂ ਦੱਸਿਆ ਕਿ ਖੇਤਰੀ ਖੋਜ ਕੇਂਦਰਾਂ ਅਤੇ ਕਿ੍ਰਸ਼ੀ ਵਿਗਿਆਨ ਕੇਂਦਰਾਂ ਤੋਂ ਵੱਖ ਵੱਖ ਤਰ੍ਹਾਂ ਦੀਆਂ ਸਿਖਲਾਈਆਂ ਲੈ ਕੇ ਕਿਸਾਨ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕਦੇ ਹਨ। ਡਾ. ਅਸ਼ੋਕ ਕੁਮਾਰ ਨੇ ਆਉਂਦੇ ਦਿਨੀਂ ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਲਈ ਵੀ ਕਿਸਾਨਾਂ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਖੇਤਬਾੜੀ ਦੀ ਜਾਣਕਾਰੀ ਲਈ ਖੇਤੀ ਸਾਹਿਤ ਨੂੰ ਅਪਣਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ।
ਅੰਤ ਵਿੱਚ ਧੰਨਵਾਦ ਦੇ ਸ਼ਬਦ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਦੇ ਨਿਰਦੇਸ਼ਕ ਡਾ ਮਨਮੋਹਨਜੀਤ ਸਿੰਘ ਨੇ ਕਹੇ। ਉਨ੍ਹਾਂ ਨੇ ਇਸ ਖੋਜ ਕੇਂਦਰ ਵਿਖੇ ਕਾਲਜ ਸਥਾਪਿਤ ਕਰਨ ਲਈ ਪੰਜਾਬ ਸਰਕਾਰ ਅਤੇ ਵਾਈਸ ਚਾਂਸਲਰ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਧੰਨਵਾਦ ਕੀਤਾ।
ਪੀ.ਏ.ਯੂ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਆਉਂਦੇ ਹਾੜ੍ਹੀ ਸੀਜ਼ਨ ਨਾਲ ਸੰਬੰਧਿਤ ਵਿਸ਼ਿਆਂ ਬਾਰੇ ਜਾਣਕਾਰੀ ਸੈਸ਼ਨ ਵਿਚ ਜਾਣਕਾਰੀ ਦਿੱਤੀ। ਕਿਸਾਨਾਂ ਦੇ ਸਵਾਲਾਂ ਦੇ ਢੁਕਵੇਂ ਜਵਾਬ ਵੀ ਦਿੱਤੇ ਗਏ। ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਰੌੜੀ, ਵਿਧਾਇਕਾ ਸ਼੍ਰੀਮਤੀ ਕਟਾਰੀਆ ਤੋਂ ਇਲਾਵਾ ਚੌਧਰੀ ਰਾਮ ਪ੍ਰਕਾਸ਼, ਮੁਹਿੰਦਰ ਸਿੰਘ ਦੋਸਾਂਝ, ਵਰਿੰਦਰ ਭੂੰਬਲਾ, ਸ. ਸੂਬਾ ਸਿੰਘ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਕੰਢੀ ਖੇਤਰ ਦੇ ਕਿਸਾਨਾਂ ਅਤੇ ਪੰਚਾਇਤਾਂ ਵੱਲੋਂ ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਡਾ ਅਸ਼ੋਕ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਕੇਂਦਰ ਦੇ ਵਿਦਿਆਰਥੀਆਂ ਨੇ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। ਵੱਡੀ ਪੱਧਰ ਤੇ ਸਵੈ ਸੇਵੀ ਸੰਸਥਾਵਾਂ, ਕਿਸਾਨ ਨਿਰਮਾਤਾ ਸੰਗਠਨਾਂ, ਨਿੱਜੀ ਕੰਪਨੀਆਂ ਤੋਂ ਇਲਾਵਾ ਪੀ ਏ ਯੂ ਦੇ ਵਿਭਾਗਾਂ ਨੇ ਆਪਣੀਆਂ ਸਟਾਲਾਂ ਲਗਾਈਆਂ ਸਨ, ਜਿਨ੍ਹਾਂ ਦਾ ਮੁੱਖ ਮਹਿਮਾਨ ਸ੍ਰੀ ਰੌੜੀ, ਵਿਧਾਇਕਾ ਸੰਤੋਸ਼ ਕਟਾਰੀਆ ਤੇ ਵੀ ਸੀ ਡਾ. ਸਤਬੀਰ ਸਿੰਘ ਗੋਸਲ ਵੱਲੋਂ ਦੌਰਾ ਕਰਕੇ ਜਾਇਜ਼ਾ ਵੀ ਲਿਆ ਗਿਆ।
ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ.ਤੇਜਿੰਦਰ ਸਿੰਘ ਰਿਆੜ ਅਤੇ ਡਾ. ਕੁਲਦੀਪ ਸਿੰਘ ਨੇ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਚੌਰ ਦੇ ਉਪ ਮੰਡਲ ਮੈਜਿਸਟਰੇਟ ਸ. ਸੂਬਾ ਸਿੰਘ, ਆਪ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਜਲਾਲਪੁਰ, ਪ੍ਰੇਮ ਚੰਦ ਭੀਮਾ ਅਤੇ ਇਲਾਕੇ ਦੇ ਹੋਰ ਪਤਵੰਤੇ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।