ਬਾਗ਼ਬਾਨੀ ਵਿਭਾਗ ਵੱਲੋਂ ਤਿਆਰ ਸਰਦੀ ਰੁੱਤ ਦੀ ਸਬਜ਼ੀ ਬੀਜ ਕਿੱਟ ਕੀਤੀ ਜਾਰੀ - ਕਿੱਟ ’ਚ 9 ਕਿਸਮ ਦੀਆਂ ਸਬਜ਼ੀਆਂ ਦੇ ਬੀਜ

ਸੰਤੁਲਿਤ ਖੁਰਾਕ ਲਈ ਘਰੇਲੂ ਬਗੀਚੀਆਂ ਦਾ ਵਿਸ਼ੇਸ਼ ਮਹੱਤਵ : ਡਿਪਟੀ ਕਮਿਸ਼ਨਰ
ਨਵਾਂਸ਼ਹਿਰ, 8 ਸਤੰਬਰ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਸੰਤੁਲਿਤ ਖੁਰਾਕ ਵਿੱਚ ਸਬਜ਼ੀਆਂ ਦੇ ਵਿਸ਼ੇਸ਼ ਮਹੱਤਵ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਪੌਸ਼ਟਿਕਤਾ ਅਤੇ ਘਰ ਦੀ ਲੋੜ ਅਨੁਸਾਰ ਘਰ ਵਿੱਚ ਹੀ ਘਰੇਲੂ ਬਗੀਚੀ ਤਹਿਤ ਸਬਜ਼ੀਆਂ ਦੀ ਦਵਾਈਆਂ ਰਹਿਤ ਕਾਸ਼ਤ ਕੀਤੀ ਜਾ ਸਕਦੀ। ਜਿਸ ਨਾਲ ਇੱਕ ਤਾਂ ਆਰਥਿਕ ਲਾਭ ਹੋਵੇਗਾ ਉੱਥੇ ਨਾਲ ਹੀ ਸ਼ੁੱਧ ਅਤੇ ਤਾਜ਼ੀ ਸਬਜ਼ੀ ਦਾ ਸੇਵਨ ਕਰਕੇ ਸਿਹਤ ਤੰਦਰੁਸਤ ਰੱਖੀ ਜਾ ਸਕਦੀ ਹੈ।
ਅੱਜ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਬਾਗ਼ਬਾਨੀ ਵਿਭਾਗ ਵੱਲੋਂ ਤਿਆਰ ਸਰਦ ਰੁੱਤ ਦੀ ਘਰੇਲੂ ਬਗੀਚੀ ਲਈ ਸਬਜ਼ੀ ਬੀਜ ਕਿੱਟ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਿੱਚ 9 ਕਿਸਮ ਦੀਆਂ ਸਬਜ਼ੀਆਂ ਸ਼ਾਮਿਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਮੂਲੀ, ਗਾਜਰ, ਸ਼ਲਗਮ, ਮਟਰ, ਪਾਲਕ, ਮੇਥੀ, ਧਨੀਆਂ, ਬਰੌਕਲੀ, ਚੀਨੀ ਸਰੋਂ ਜ਼ਿਕਰਯੋਗ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਸਤੰਬਰ-ਅਕਤੂਬਰ ਮਹੀਨੇ ਦੌਰਾਨ 2400 ਸਬਜ਼ੀ ਬੀਜ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਦੀ ਇਸ ਸਮੇਂ ਦੌਰਾਨ ਬਿਜਾਈ ਕੀਤੀ ਜਾ ਸਕਦੀ ਹੈ।  ਸਹਾਇਕ ਡਾਇਰੈਕਟਰ ਬਾਗਬਾਨੀ ਡਾ. ਰਾਜੇਸ਼ ਕੁਮਾਰ  ਨੇ ਦੱਸਿਆ ਕਿ ਨੈਸ਼ਨਲ ਇੰਸਟੀਚਿਊਟ ਆਫ ਨਿਊਟਰੀਸ਼ਨ ਹੈਦਰਾਬਾਦ ਅਨੁਸਾਰ ਸੰਤੁਲਿਤ ਖੁਰਾਕ ਵਿੱਚ ਹਰ ਵਿਅਕਤੀ ਨੂੰ ਪ੍ਰਤੀ ਦਿਨ 300 ਗ੍ਰਾਮ ਸਬਜ਼ੀਆਂ ਅਤੇ 100 ਗ੍ਰਾਮ ਫਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇੱਕ ਸਬਜ਼ੀ ਬੀਜ ਦੀ ਮਿੰਨੀ ਕਿੱਟ ਦੀ ਕੀਮਤ 80/- ਰੁਪਏ ਹੈ। ਇਹ ਸਬਜ਼ੀ ਬੀਜ ਮਿੰਨੀ ਕਿੱਟ ਬਾਗਬਾਨੀ ਵਿਭਾਗ ਦੇ ਮੁੱਖ ਦਫਤਰ ਜਾਂ ਬਲਾਕਾਂ ਦੇ ਦਫਤਰਾਂ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
ਫ਼ੋਟੋ ਕੈਪਸ਼ਨ: ਡਿਪਟੀ ਕਮਿਸ਼ਨਰ ਐਨ ਪੀ ਐਸ ਰੰਧਾਵਾ ਬਾਗ਼ਬਾਨੀ ਵਿਭਾਗ ਵੱਲੋਂ ਤਿਆਰ ਕੀਤੀ ਗਈ ਸਰਦੀ ਰੁੱਤ ਦੀ ਮਿਨੀ ਸਬਜ਼ੀ ਬੀਜ ਕਿੱਟ ਜਾਰੀ ਕਰਦੇ ਹੋਏ। ਉਨ੍ਹਾਂ ਦੇ ਨਾਲ ਸਹਾਇਕ ਡਾਇਰੈਕਟਰ ਬਾਗ਼ਬਾਨੀ ਰਾਜੇਸ਼ ਕੁਮਾਰ ਵੀ ਨਜ਼ਰ ਆ ਰਹੇ ਹਨ।