ਸਮੱਗਰ ਸਿੱਖਿਆ ਅਭਿਆਨ ਤਹਿਤ ਸ਼ਨਾਖ਼ਤ ਕੀਤੇ 31 ਦਿਵਿਆਂਗ ਵਿਦਿਆਰਥੀਆਂ ਨੂੰ ਸਹਾਇਕ ਸਮੱਗਰੀ ਦੀ ਵੰਡ

ਬਲਾਚੌਰ, 8 ਸਤੰਬਰ : ਸਮੱਗਰ ਸਿੱਖਿਆ ਅਭਿਆਨ, ਬਲਾਚੌਰ, ਆਈ. ਈ. ਡੀ. ਮੱਦ ਅਧੀਨ ਦਿਵਿਆਂਗ ਬੱਚਿਆਂ ਨੂੰ ਜ਼ਰੂਰੀ ਸਹਾਇਤਾ ਸਮੱਗਰੀ ਦੇਣ ਲਈ ਅੱਜ ਪਹਿਲਾ ਸਹਾਇਕ ਸਮੱਗਰੀ  ਵੰਡ ਕੈਂਪ ਬੀ.ਏ.ਵੀ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਵਿਖੇ ਲਗਾਇਆ ਗਿਆ, ਜਿਸ ਵਿੱਚ 31 ਵਿਦਿਆਰਥੀਆਂ ਨੂੰ ਸਹਾਇਕ ਸਮੱਗਰੀ ਦੀ ਵੰਡ ਕੀਤੀ ਗਈ। ਜ਼ਿਲ੍ਹਾ ਸਪੈਸ਼ਲ ਐਜੂਕੇਟਰ ਨਰਿੰਦਰ ਕੌਰ ਅਤੇ ਜ਼ਿਲ੍ਹਾ ਸਪੈਸ਼ਲ ਐਜੂਕੇਸ਼ਨ ਟੀਚਰ ਰਜਨੀ ਨੇ ਦੱਸਿਆ ਕਿ ਅਲਿਮਕੋ ਕਾਨਪੁਰ ਦੀ ਸਹਾਇਤਾ ਨਾਲ ਲਾਏ ਗਏ ਅਸੈਸਮੈਂਟ ਕੈਂਪ ਦੌਰਾਨ 31 ਦਿਵਿਆਂਗ ਬੱਚਿਆਂ ਦੀ ਸ਼ਨਾਖ਼ਤ ਕੀਤੀ ਗਈ ਸੀ। ਉਨ੍ਹਾਂ ਦਿਵਿਆਂਗ ਬੱਚਿਆਂ ਨੂੰ ਅੱਜ ਜ਼ਰੂਰੀ ਸਹਾਇਤਾ ਸਮੱਗਰੀ ਦੀ ਵੰਡ ਕੀਤੀ ਗਈ।
ਇਸ ਕੈਂਪ ਵਿੱਚ  19 ਐਮ ਐਸ ਆਈ ਈ ਡੀ ਕਿਟਸ, 2 ਸੀ ਪੀ ਚੇਅਰ, 1  ਰੋਲੇਟਰ ਅਤੇ 7 ਕੈਲੀਪਰਜ਼ ਦੀ ਵੰਡ ਕੀਤੀ ਗਈ। ਇਸ ਕੈਂਪ ਲਈ ਅਲਿਮਕੋ ਟੀਮ ਦੇ  ਮੈਡਮ ਕੁਸੁਮ (ਆਡੀਓ) ਅਤੇ ਸੁਸ਼ੀਲ ਪਾਲੀ (ਫੈਬਰੀਕੇਟਿੰਗ ਏਜੰਸੀ ) ਵਿਸ਼ੇਸ਼ ਤੌਰ 'ਤੇ  ਪਹੁੰਚੇ ਸਨ।  ਜ਼ਿਲਾ ਸਿੱਖਿਆ ਅਫ਼ਸਰ ਜਰਨੈਲ ਸਿੰਘ ਨੇ ਇਸ ਕੈਂਪ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸਮੂਹ ਵਿਸ਼ੇਸ਼ ਅਧਿਆਪਕਾਂ ਅਤੇ ਆਈ.ਈ.ਵਲੰਟੀਅਰਜ਼ ਦੀ ਪ੍ਰਸ਼ੰਸ਼ਾ ਕਰਦੇ ਹੋਏ ਉਨ੍ਹਾਂ ਨੂੰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਗੁਣਾਤਮਕ ਸਿੱਖਿਆ ਪ੍ਰਦਾਨ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਤੇ ਡਾ. ਰਵਿੰਦਰ ਕੁਮਾਰ, ਚੰਦਰੇਸ਼ ਸ਼ੌਰੀ, ਨਰੇਸ਼ ਕੁਮਾਰ ਚੰਦੇਲ, ਕੁਲਦੀਪ ਕੁਮਾਰ, ਰਾਕੇਸ਼ ਕੁਮਾਰ, ਅੰਜੂ, ਸਵੀਟੀ ਰਾਣੀ, ਰੂਹੀ, ਸੰਦੀਪ, ਜਯੋਤੀ, ਰਮਨ, ਕਮਲਜੀਤ ਕੌਰ, ਪਰਦੀਪ ਕੌਰ, ਮਨਦੀਪ ਕੌਰ, ਗਗਨਦੀਪ ਕੌਰ, ਰੇਨੂੰ ਭਨੋਟ ਆਦਿ ਹਾਜ਼ਰ ਸਨ।