ਉਮੀਦਵਾਰਾਂ ਦੇ ਚੋਣ ਖਰਚੇ ਉਤੇ ਅੱਖ ਰੱਖਣ ਲਈ ਮੀਡੀਆ ਸਰਟੀਫਿਕੇਸ਼ਨ ਤੇ ਮਾਨੀਟਰਿੰਗ ਕਮੇਟੀ ਗਠਿਤ

ਇਲੈਕਟ੍ਰੋਨਿਕ ਅਤੇ ਸੋਸ਼ਲ ਮੀਡੀਆ ਉਤੇ ਇਸ਼ਤਹਾਰ ਦੇਣ ਤੋਂ ਪਹਿਲਾਂ ਕਮੇਟੀ ਦੀ ਪ੍ਰਵਾਨਗੀ ਲੈਣੀ ਜ਼ਰੂਰੀ-ਜਿਲ੍ਹਾ ਚੋਣ ਅਧਿਕਾਰੀ
ਮੁੱਲ ਦੀ ਖਬਰ ਲਗਾਉਣ ਉਤੇ ਹੋਵੇਗੀ ਸਖਤ ਕਾਰਵਾਈ
ਅੰਮ੍ਰਿਤਸਰ,  11 ਜਨਵਰੀ :-ਜਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਦੀਆਂ ਹਦਾਇਤਾਂ ਉਤੇ ਜਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਨ ਵਾਲੇ ਉਮੀਦਵਾਰਾਂ ਵੱਲੋਂ ਮੀਡੀਆ ਉਤੇ ਕੀਤੇ ਜਾਣ ਵਾਲੇ ਖਰਚ ਉਤੇ ਨਿਗਾਹ ਰੱਖਣ ਲਈ ਜਿਲ੍ਹਾ ਪੱਧਰ ਤੇ ਮੀਡੀਆ ਸਰਟੀਫਿਕੇਸ਼ਨ ਤੇ ਮਾਨੀਟਰਿੰਗ ਕਮੇਟੀ ਕਾਇਮ ਕਰ ਦਿੱਤੀ ਗਈ ਹੈ, ਜਿਸਨੇ ਆਪਣਾ ਕੰਮ ਚੋਣ ਜਾਬਤੇ ਦੇ ਨਾਲ ਹੀ ਚਾਲੂ ਕਰ ਲਿਆ ਹੈ। ਅੱਜ ਕਮੇਟੀ ਦੇ ਚੇਅਰਮੈਨ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਐਮ ਸੀ ਐਮ ਸੀ ਕੇਂਦਰ ਦਾ ਦੌਰਾ ਕੀਤਾ ਅਤੇ ਉਥੇ ਕੀਤੇ ਜਾ ਰਹੇ ਕੰਮ ਦੀ ਪੜਤਾਲ ਕੀਤੀ। ਇਸ ਮੌਕੇ ਐਸ ਡੀ ਐਮ ਸ੍ਰੀ ਰਾਜੇਸ਼ ਸ਼ਰਮਾ ਵੀ ਉਨਾਂ ਦੇ ਨਾਲ ਸਨ। ਉਨਾਂ ਹਦਾਇਤ ਕੀਤੀ ਕਿ ਸਾਰੇ ਉਮੀਦਵਾਰਾਂ ਵੱਲੋਂ ਮੀਡੀਆ, ਜਿਸ ਵਿਚ ਅਖਬਾਰ, ਰੇਡੀਓ, ਟੀ ਵੀ, ਈ-ਪੇਪਰ ਅਤੇ ਸੋਸ਼ਲ ਮੀਡੀਆ ਆਦਿ ਸ਼ਾਮਿਲ ਹਨ, ਉਪਰ ਤਿੱਖੀ ਨਜ਼ਰ ਰੱਖੀ ਜਾਵੇ ਤੇ ਜੇਕਰ ਕਿਸੇ ਵੀ ਉਮੀਦਵਾਰ ਦਾ ਇਸ਼ਤਿਹਾਰ ਮਿਲਦਾ ਹੈ ਤਾਂ ਉਸ ਨੂੰ ਉਸਦੇ ਚੋਣ ਖਰਚੇ ਵਿਚ ਸ਼ਾਮਿਲ ਕਰਨ ਲਈ ਸਬੰਧਤ ਰਿਟਰਨਿੰਗ ਅਧਿਕਾਰੀ ਨੂੰ ਤੁਰੰਤ ਜਾਣਕਾਰੀ ਦਿੱਤੀ ਜਾਵੇ, ਤਾਂ ਜੋ ਇਹ ਖਰਚਾ ਉਸਦੇ ਚੋਣ ਖਰਚੇ ਵਿਚ ਸ਼ਾਮਿਲ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਇਲੈਕਟ੍ਰੋਨਿਕ ਮੀਡੀਆ ਜਿਸ ਵਿਚ ਈ-ਪੇਪਰ ਤੇ ਸੋਸ਼ਲ ਮੀਡੀਆ ਵੀ ਸ਼ਾਮਿਲ ਹਨ ਅਤੇ ਸੋਸ਼ਲ ਮੀਡੀਆ ਵਿਚ ਇਸ਼ਤਹਾਰ ਦੇਣ ਲਈ ਐਮ ਸੀ ਐਮ ਸੀ ਕੋਲੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ ਅਤੇ ਇਸ ਲਈ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 218 ਵਿਚ ਪਹੁੰਚ ਕੀਤੀ ਜਾਵੇ। ਕਮੇਟੀ ਇਸ ਦੀ ਜਿੱਥੇ ਸਕਰਪਿਟ ਵੇਖੇਗੀ, ਉਥੇ ਇਸ਼ਤਾਹਰ ਬਨਾਉਣ ਤੇ ਲਗਾਉਣ ਉਤੇ ਆਏ ਖਰਚੇ ਦੀ ਜਾਣਕਾਰੀ ਲੈ ਕੇ ਇਹ ਆਗਿਆ ਦੇਵੇਗੀ ਅਤੇ ਇਹ ਸਾਰਾ ਖਰਚ ਉਮੀਦਵਾਰ ਦੇ ਚੋਣ ਖਰਚੇ ਵਿਚ ਸ਼ਾਮਿਲ ਹੋਵੇਗਾ। ਉਨਾਂ ਕਿਹਾ ਕਿ ਇਸ ਖਰਚੇ ਦੀ ਸਾਰੀ ਅਦਾਇਗੀ ਚੈਕ ਨਾਲ ਕੀਤੀ ਜਾਣੀ ਜਰੂਰੀ ਹੈ। ਉਨਾਂ ਕਿਹਾ ਕਿ ਜੇਕਰ ਕੋਈ ਅਦਾਰਾ ਉਮੀਦਵਾਰ ਦੀ ਲਿਖਤੀ ਆਗਿਆ ਤੇ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾਂ ਇਸ਼ਤਹਾਰ ਲਗਾ ਦਿੰਦਾ ਹੈ ਤਾਂ ਉਸ ਵਿਰੁੱਧ 171ਐਚ ਇੰਡੀਅਨ ਪੀਨਲ ਕੋਡ ਤਹਿਤ ਕੇਸ ਦਰਜ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਚੋਣਾਂ ਤੋਂ ਦੋ ਦਿਨ ਪਹਿਲਾਂ ਪਿ੍ਰੰਟ ਮੀਡੀਆ ਵਿਚ ਲੱਗਣ ਵਾਲੇ ਇਸ਼ਤਹਾਰ ਵੀ ਉਕਤ ਕਮੇਟੀ ਤੋਂ ਪ੍ਰਵਾਨ ਕਰਵਾਉਣੇ ਜਰੂਰੀ ਹਨ। ਸ੍ਰੀ ਸ਼ਰਮਾ ਨੇ ਦੱਸਿਆ ਕਿ ਜੇਕਰ ਕੋਈ ਉਮੀਦਵਾਰ ਮੁੱਲ ਦੀ ਖਬਰ ਕਿਸੇ ਵੀ ਮੀਡੀਆ ਵਿਚ ਲਗਾਉਂਦਾ ਜਾਂ ਛਪਾਉਂਦਾ ਹੈ ਤਾਂ ਜਿੱਥੇ ਉਕਤ ਉਮੀਦਵਾਰ ਦੇ ਚੋਣ ਖਰਚੇ ਵਿਚ ਇਸ ਖਬਰ ਦਾ ਖਰਚਾ ਸ਼ਾਮਿਲ ਕੀਤਾ ਜਾਵੇਗਾ, ਉਥੇ ਚੋਣ ਕਮਿਸ਼ਨ ਦੀ ਵੈਬ-ਸਾਈਟ ਉਤੇ ਉਕਤ ਉਮੀਦਵਾਰ ਦਾ ਨਾਮ ਮੁੱਲ ਦੀਆਂ ਖਬਰਾਂ ਲਗਾਉਣ ਵਾਲੇ ਉਮੀਦਾਵਰਾਂ ਵਿਚ ਸ਼ਾਮਿਲ ਕਰਕੇ ਪ੍ਰਕਾਸ਼ਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਕਤ ਅਦਾਰੇ ਵਿਰੁੱਧ ਕਾਰਵਾਈ ਲਈ ਪ੍ਰੈਸ ਕੌਂਸਲ ਆਫ ਇੰਡੀਆ ਤੇ ਨੈਸ਼ਨਲ ਬਰਾਡਕਾਸਟਿੰਗ ਸਟੈਂਡਰ ਅਥਾਰਟੀ ਨੂੰ ਵੀ ਪੱਤਰ ਲਿਖਿਆ ਜਾਵੇਗਾ।
ਕੈਪਸ਼ਨ : ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ ਦੇ ਕੰਮ ਦੀ ਜਾਂਚ ਕਰਦੇ ਡਿਪਟੀ ਕਮਿਸ਼ਨਰ  ਸ. ਗੁਰਪ੍ਰੀਤ ਸਿੰਘ ਖਹਿਰਾ ਅਤੇ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਸ. ਸ਼ੇਰਜੰਗ ਸਿੰਘ ਹੁੰਦਲ।