ਰਿਟਰਨਿੰਗ ਅਫ਼ਸਰਵ ਨਵਾਂਸ਼ਹਿਰ ਵੱਲੋਂ ਚੋਣ ਅਮਲ ’ਚ ਲਾਈਆਂ ਟੀਮਾਂ ਨਾਲ ਮੀਟਿੰਗ


ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ 'ਤੇ ਰੱਖੀ ਜਾਵੇ ਤਿੱਖੀ ਨਜ਼ਰ, ਸ਼ਿਕਾਇਤ ਲਈ ਹੈਲਪਲਾਈਨ ਨੰਬਰ 01823-292157 ਜਾਰੀ
ਨਵਾਂਸ਼ਹਿਰ, 9 ਜਨਵਰੀ :- ਐਸ ਡੀ ਐਮ ਨਵਾਂਸ਼ਹਿਰ-ਕਮ- ਰਿਟਰਨਿੰਗ ਅਫ਼ਸਰ 047-ਨਵਾਂਸ਼ਹਿਰ ਵਿਧਾਨ ਸਭਾ ਹਲਕਾ, ਡਾ. ਬਲਜਿੰਦਰ ਸਿੰਘ ਢਿੱਲੋਂ ਨੇ ਅੱਜ ਫ਼ਲਾਇੰਗ ਸਕੁਐਡ, ਸਟੈਟਿਕ ਸਰਵੇਲੈਂਸ ਸਕੁਐਡ, ਵੀਡਿਓ ਸਟੈਟਿਕ ਟੀਮ ਅਤੇ ਆਦਰਸ਼ ਚੋਣ ਜ਼ਾਬਤੇ ਨਾਲ ਸਬੰਧਤ ਟੀਮਾਂ ਅਤੇ ਸੈਕਟਰ ਸੁਪਰਵਾਈਜ਼ਰਾਂ ਨਾਲ ਮੀਟਿੰਗ ਕਰਕੇ, ਉਨ੍ਹਾਂ ਨੂੰ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਨੂੰ ਇੰਨ-ਬਿੰਨ ਲਾਗੂ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਨੇ ਨਵਾਂਸ਼ਹਿਰ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੱਲੋਂ ਵੋਟਾਂ ਪ੍ਰਤੀ ਕੋਈ ਡਰ, ਭੈਅ ਜਾਂ ਲਾਲਚ ਦਿੱਤਾ ਜਾਂਦਾ ਹੈ ਤਾਂ ਉਹ ਤੁਰੰਤ ਹਲਕਾ ਨਵਾਂਸ਼ਹਿਰ ਨਾਲ ਸਬੰਧਤ ਹੈਲਪ ਲਾਈਨ ਨੰਬਰ 1823-292157 'ਤੇ ਸ਼ਿਕਾਇਤ ਦਰਜ ਕਰਵਾਉਣ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਹੈਲਪਲਾਈਨ ਨੰਬਰ 1950 'ਤੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਆਮ ਜਨਤਾ ਆਪਣੇ ਐਂਡਰਾਇਡ ਫ਼ੋਨਾਂ 'ਤੇ ਸੀ ਵਿਜਿਲ ਐਪ ਡਾਊਨਲੋਡ ਕਰਕੇ, ਖੁਦ ਸ਼ਿਕਾਇਤ ਦਰਜ ਕਰ ਸਕਦੇ ਹਨ, ਜਿਸ 'ਤੇ 100 ਮਿੰਟ ਵਿੱਚ ਕਾਰਵਾਈ ਯਕੀਨੀ ਬਣਾਈ ਜਾਵੇਗੀ।
ਉਨ੍ਹਾਂ ਨੇ ਬੀ ਡੀ ਪੀ ਓਜ਼ ਨੂੰ ਦਿਹਾਤੀ ਖੇਤਰ ਅਤੇ ਈ ਓਜ਼ ਨੂੰ ਸ਼ਹਿਰੀ ਖੇਤਰਾਂ 'ਚ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਯਕੀਨੀ ਬਣਾਉਣ ਲਈ ਕਿਹਾ ਹੈ। ਉਨ੍ਹਾਂ ਨੇ ਖ਼ਾਸ ਤੌਰ 'ਤੇ ਹਦਾਇਤ ਕੀਤੀ ਕਿ ਕਿਸੇ ਵੀ ਸਰਕਾਰੀ ਸੰਸਥਾ, ਸਰਕਾਰੀ ਦਫ਼ਤਰ, ਸਰਕਾਰੀ ਅਦਾਰੇ, ਸਰਕਾਰੀ ਜਾਇਦਾਦ 'ਤੇ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਸਬੰਧਤ ਸਮੱਗਰੀ ਉਤਾਰੀ ਜਾਵੇ ਅਤੇ ਲੋਕਾਂ ਨੂੰ ਸੀ ਵਿਜਿਲ ਐਪ ਬਾਰੇ ਦੱਸਿਆ ਜਾਵੇ।