ਰੇਤ ਦੀ ਵੱਧ ਕੀਮਤ ਦੀ ਸ਼ਿਕਾਇਤ ਦਰਜ ਕਰਨ ਲਈ ਟੋਲ ਫ੍ਰੀ ਨੰਬਰ 1800-180-2422 ਜਾਰੀ

ਸਰਕਾਰ ਵੱਲੋਂ ਰੇਤ ਖੱਡਾਂ ਤੋਂ ਤੈਅ ਰੇਤ ਦੀ ਕੀਮਤ 5.50 ਰੁਪਏ ਪ੍ਰਤੀ ਘਣ ਫੁੱਟ ਤੋਂ ਵਧੇਰੇ ਵਸੂਲੀ 'ਤੇ ਕੀਤੀ ਜਾਵੇ ਸ਼ਿਕਾਇਤ - ਡੀ ਸੀ ਵਿਸ਼ੇਸ਼ ਸਾਰੰਗਲ
ਨਵਾਂਸ਼ਹਿਰ, 7 ਜਨਵਰੀ :- ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਰੇਤੇ ਦੀਆਂ ਵੱਧ ਕੀਮਤਾਂ ਵਸੂਲਣ ਦੀਆਂ ਸ਼ਿਕਾਇਤਾਂ ਦਰਜ ਕਰਵਾਉਣ ਲਈ ਪੰਜਾਬ ਦੇ ਲੋਕਾਂ ਲਈ ਇੱਕ ਟੋਲ ਫ੍ਰੀ ਨੰਬਰ 1800-180-2422 ਜਾਰੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਪੰਜਾਬ ਰਾਜ ਰੇਤ ਅਤੇ ਬੱਜਰੀ ਮਾਈਨਿੰਗ ਨੀਤੀ, 2021 ਤਹਿਤ ਪਿਟ-ਹੈੱਡ ਤੋਂ ਰੇਤ 5.50 ਰੁਪਏ ਕਿਊਬਿਕ ਫੁੱਟ 'ਤੇ ਮੁਹੱਈਆ ਕਰਵਾਉਣ ਲਈ ਪਹਿਲਾਂ ਹੀ ਨੋਟੀਫਿਕੇਸ਼ਨ ਲਾਗੂ ਕੀਤਾ ਹੈ।    ਉਨ੍ਹਾਂ ਕਿਹਾ ਕਿ ਇਹ ਇੱਕ ਸਮਰਪਿਤ ਟੋਲ ਫ੍ਰੀ ਸ਼ਿਕਾਇਤ ਨੰਬਰ ਹੈ ਜੋ ਲੋਕਾਂ ਨੂੰ ਵੱਧ ਕੀਮਤ ਵਸੂਲੇ ਜਾਣ ਦੇ ਸਬੰਧ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਉਪਲਬਧ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹੇ 'ਚ ਕਿਸੇ ਵੀ ਰੇਤ ਖੱਡ  'ਤੇ 5.50 ਰੁਪਏ ਪ੍ਰਤੀ ਘਣ ਫੁੱਟ ਦੀ ਦਰ ਤੋਂ ਵਧੇਰੇ ਦੀ ਵਸੂਲੀ ਕੀਤੀ ਜਾਂਦੀ ਹੈ ਤਾਂ ਤੁਰੰਤ ਸ਼ਿਕਾਇਤ ਕੀਤੀ ਜਾਵੇ।    ਡਿਪਟੀ ਕਮਿਸ਼ਨਰ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਰੇਤੇ ਦੀਆਂ ਨਿਰਧਾਰਿਤ ਕੀਮਤਾਂ ਤੋਂ ਵੱਧ ਕੀਮਤ ਵਸੂਲਣ ਦੀ ਆਗਿਆ ਕਦਾਚਿੱਤ ਨਹੀਂ ਦਿੱਤੀ ਜਾ ਸਕਦੀ ਅਤੇ ਜੇਕਰ ਕੋਈ ਵੀ ਰੇਤਾ ਦੀ ਵੱਧ ਕੀਮਤ ਵਸੂਲਦਾ ਪਾਇਆ ਗਿਆ ਤਾਂ ਉਸ ਨਾਲ ਵੀ ਸਖ਼ਤੀ ਨਾਲ ਨਿਪਟਿਆ ਜਾਵੇਗਾ।