ਸ਼ਹੀਦ ਭਗਤ ਸਿੰਘ ਨਗਰ ਨੂੰ ਜਲ ਸੰਭਾਲ ਵਿੱਚ ਰਾਸ਼ਟਰੀ ਪੁਰਸਕਾਰ, ਉੱਤਰੀ ਜ਼ੋਨ ਵਿੱਚ ਸਰਵੋਤਮ ਦੂਜੇ ਜ਼ਿਲ੍ਹਾ ਬਣਿਆ

ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਲਈ ਪ੍ਰਸ਼ਾਸਨ ਕਰ ਰਿਹਾ ਹੈ ਅਣਥੱਕ ਉਪਰਾਲੇ-ਡੀ.ਸੀ.ਵਿਸ਼ੇਸ਼ ਸਾਰੰਗਲ
ਨਵਾਂਸ਼ਹਿਰ, 8 ਜਨਵਰੀ:- ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੇ ਆਪਣੀਆਂ ਪ੍ਰਾਪਤੀਆਂ ਵਿੱਚ ਇੱਕ ਹੋਰ ਗੌਰਵਸ਼ਾਲੀ ਅਧਿਆਇ ਜੋੜਦਿਆਂ ਸ਼ਨਿੱਚਰਵਾਰ ਨੂੰ ਜਲ ਸੰਭਾਲ ਵਿੱਚ ਵੱਕਾਰੀ ਰਾਸ਼ਟਰੀ ਪੁਰਸਕਾਰ ਪ੍ਰਾਪਤ ਕੀਤਾ। ਕੇਂਦਰੀ ਜਲਸ਼ਕਤੀ ਮੰਤਰਾਲੇ ਦੇ ਪੀਣ ਵਾਲੇ ਪਾਣੀ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਜ਼ਿਲ੍ਹੇ ਦੀ ਪਾਣੀ ਸੰਭਾਲ ਮੁਹਿੰਮ ਨੂੰ ਸਨਮਾਨ ਦਿੰਦਿਆਂ ਦੇਸ਼ ਦੇ ਉੱਤਰੀ ਜ਼ੋਨ ਵਿੱਚ ਦੂਜੇ ਸਰਵੋਤਮ ਜ਼ਿਲ੍ਹੇ ਵਜੋਂ ਚੁਣਿਆ ਗਿਆ। ਜਲਸ਼ਕਤੀ ਮੰਤਰਾਲੇ ਵੱਲੋਂ ਤੀਜੇ ਰਾਸ਼ਟਰੀ ਜਲ ਪੁਰਸਕਾਰ-2020 ਦੀ ਘੋਸ਼ਣਾ ਕੀਤੀ ਕਰਦੇ ਹੋਏ, ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਤੋਂ ਬਾਅਦ ਸ਼ਹੀਦ ਭਗਤ ਸਿੰਘ ਨਗਰ ਨੂੰ ਦੂਜਾ ਸਰਵੋਤਮ ਜ਼ਿਲ੍ਹਾ ਘੋਸ਼ਿਤ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹੇ ਨੂੰ ਮਿਲੇ ਇਸ ਮਾਣ ਲਈ ਵੱਖ-ਵੱਖ ਵਿਭਾਗਾਂ ਦੇ ਯੋਗਾਦਨ ਦੀ ਸ਼ਲਾਘਾ ਕਰਦਿਆਂ, ਇਸ ਨੂੰ ਇਤਿਹਾਸਕ ਦਿਨ ਕਰਾਰ ਦਿੰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਹੀ ਇਹ ਸਨਮਾਨ ਹਾਸਲ ਕਰਨ ਵਾਲਾ ਪੰਜਾਬ ਦਾ ਇਕਲੌਤਾ ਜ਼ਿਲ੍ਹਾ ਹੈ।
ਉਨ੍ਹਾਂ ਕਿਹਾ ਕਿ ਇਹ ਐਵਾਰਡ ਉਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਦਾ ਸਨਮਾਨ ਹੈ, ਜਿਨ੍ਹਾਂ ਨੇ ਜ਼ਮੀਨ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਅਤੇ ਪਾਣੀ ਦੀ ਸੰਭਾਲ ਲਈ ਜ਼ਿਲ੍ਹੇ ਵਿੱਚ ਲੋਕ ਲਹਿਰ ਚਲਾਉਣ ਲਈ ਜੋਸ਼ ਨਾਲ ਕੰਮ ਕੀਤਾ ਹੈ।
ਸ੍ਰੀ ਸਾਰੰਗਲ ਨੇ ਕਿਹਾ ਕਿ ਜ਼ਿਲ੍ਹੇ ਨੇ ਨਦੀਆਂ ਨੂੰ ਮੁੜ ਸੁਰਜੀਤ ਕਰਨ, ਹੜ੍ਹਾਂ ਦੇ ਮੈਦਾਨਾਂ ਦੀ ਸੰਭਾਲ, ਡਰੇਨਾਂ ਦੀ ਸਫ਼ਾਈ, ਮਸਨੂਈ ਰੀਚਾਰਜ ਸਟਰਕਚਰ ਬਣਾਉਣ, ਮੌਜੂਦਾ ਰੀਚਾਰਜ ਪ੍ਰਣਾਲੀਆਂ, ਸਿਲਟ ਡਿਟੈਂਸ਼ਨ ਸਟਰਕਚਰ, ਖੇਤੀਬਾੜੀ ਲਈ ਪਾਈਪ ਲਾਈਨ ਪ੍ਰਣਾਲੀ ਅਪਣਾਉਣ, ਪਾਣੀ ਦੀ ਕੁਸ਼ਲ ਵਰਤੋਂ ਅਤੇ ਵੰਡ ਨੂੰ ਯਕੀਨੀ ਬਣਾਉਣ 'ਤੇ ਆਪਣਾ ਮੁੱਖ ਧਿਆਨ ਦਿੱਤਾ ਹੈ।  ਝੋਨੇ ਦੀ ਬਿਜਾਈ, ਸੂਖਮ ਸਿੰਚਾਈ ਪ੍ਰਣਾਲੀ, ਛੱਤਾਂ 'ਤੇ ਪਾਣੀ ਦੀ ਸੰਭਾਲ ਪ੍ਰਣਾਲੀ, ਸਕੂਲਾਂ ਵਿੱਚ ਸੋਕ ਪਿਟਸ ਬਣਾਉਣਾ, ਸ਼ਹਿਰ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ, ਪਿੰਡਾਂ ਵਿੱਚ ਸੀਚੇਵਾਲ ਮਾਡਲ, ਪੌਦੇ ਲਗਾਉਣ ਦੀ ਵਿਸ਼ਾਲ ਮੁਹਿੰਮ, ਜਾਗਰੂਕਤਾ ਲਈ ਪੰਚਾਇਤਾਂ, ਨਗਰ ਨਿਗਮਾਂ ਨਾਲ ਜਲ ਅੰਦੋਲਨ ਮੀਟਿੰਗਾਂ, ਸਕੂਲਾਂ ਵਿੱਚ ਮੁਕਾਬਲੇ ਅਤੇ ਹੋਰ ਤਰੀਕੇ ਆਦਿ ਅਪਣਾ ਕੇ ਅਤੇ ਇਸ ਦਿਸ਼ਾ ਵਿੱਚ ਸਮਾਜਿਕ ਅੰਦੋਲਨ ਚਲਾ ਕੇ ਮਹੱਤਵਪੂਰਨ ਨਤੀਜੇ ਯਕੀਨੀ ਬਣਾਏ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹੁਣ ਭਵਿੱਖ ਵਿੱਚ ਹੋਰ ਵੀ ਨਿਮਰਤਾ ਤੇ ਲਗਨ ਨਾਲ ਲੋਕਾਂ ਦੀ ਸੇਵਾ ਕਰਨ ਲਈ ਹੋਰ ਨਵੇਂ ਉਪਰਾਲੇ ਕਰੇਗਾ। ਉਨ੍ਹਾਂ ਕਿਹਾ ਕਿ ਇਹ ਐਵਾਰਡ ਲੋਕਾਂ ਨੂੰ ਇਸ ਗੰਭੀਰ ਜਨਤਕ ਮਹੱਤਤਾ ਵਾਲੇ ਮੁੱਦੇ ਬਾਰੇ ਹੋਰ ਜਾਗਰੂਕ ਕਰਨ ਵਿੱਚ ਵੀ ਸਹਾਈ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਣੀ ਦੀ ਬੱਚਤ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪੀਣ ਲਈ ਸ਼ੁੱਧ ਪਾਣੀ ਪ੍ਰਾਪਤ ਕਰ ਸਕਣ।