ਰਾਜਨੀਤਕ ਪਾਰਟੀਆਂ 'ਤੇ ਇੰਨਡੋਰ ਮੀਟਿੰਗਾਂ ਹਾਲ 'ਚ ਇਕੱਠ 50 ਅਤੇ ਆਊਟਡੋਰ ਥਾਂਵਾਂ 'ਤੇ 100 ਤੋਂ ਵਧੇਰੇ ਕਰਨ 'ਤੇ ਪਾਬੰਦੀ
ਰਾਜਨੀਤਕ ਪਾਰਟੀਆਂ ਨੂੰ ਆਦਰਸ਼ ਚੋਣ ਜ਼ਾਬਤੇ ਅਤੇ ਕੋਵਿਡ ਸਾਵਧਾਨੀਆਂ ਤੇ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਆਦੇਸ਼
ਜ਼ਿਲ੍ਹਾ ਪ੍ਰਸ਼ਾਸਨ ਅਤੇ ਚੋਣ ਟੀਮਾਂ ਰਾਜਨੀਤਕ ਗਤੀਵਿਧੀਆਂ 'ਤੇ ਰੱਖਣਗੀਆਂ ਤਿੱਖੀ ਨਿਗਰਾਨੀ
ਨਵਾਂਸ਼ਹਿਰ, 16 ਜਨਵਰੀ- ਭਾਰਤੀ ਚੋਣ ਕਮਿਸ਼ਨ ਵੱਲੋਂ ਰਾਜਨੀਤਕ ਰੈਲੀਆਂ ਅਤੇ ਰੋਡ ਸ਼ੋਅ ਕਰਨ 'ਤੇ ਲਾਈਆਂ ਗਈਆਂ ਪਾਬੰਦੀਆਂ ਨੂੰ 22 ਜਨਵਰੀ ਤੱਕ ਵਧਾਉਣ ਅਤੇ ਕੋਵਿਡ-19 ਪ੍ਰੋਟੋਕਾਲ ਦੇ ਮੱਦੇਨਜ਼ਰ, ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ, ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹੇ ਜਾਰੀ 'ਚ ਇਨ੍ਹਾਂ ਪਾਬੰਦੀਆਂ 'ਚ ਵਾਧਾ ਕਰ ਦਿੱਤਾ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਚੋਣ ਕਮਿਸ਼ਨ ਦੀਆਂ ਤਾਜ਼ਾ ਹਦਾਇਤਾਂ ਮੁਤਾਬਕ ਜ਼ਿਲ੍ਹੇ 'ਚ ਰੋਡ ਸ਼ੋਅ, ਸਾਈਕਲ ਰੈਲੀ, ਮੋਟਰ ਸਾਈਕਲ ਰੈਲੀ ਜਾਂ ਵਹੀਕਲ ਰੈਲੀ ਕੱਢਣ 'ਤੇ ਪਾਬੰਦੀ ਬਰਕਰਾਰ ਰਹੇਗੀ।
ਉਨ੍ਹਾਂ ਕਿਹਾ ਕਿ ਰਾਜਨੀਤਕ ਪਾਰਟੀਆਂ ਜਾਂ ਉਮੀਦਵਾਰਾਂ (ਸਮੇਤ ਸੰਭਾਵੀ) ਜਾਂ ਕਿਸੇ ਹੋਰ ਗਰੁੱਪ ਵੱਲੋਂ ਕਿਸੇ ਵੀ ਤਰ੍ਹਾਂ ਦੀ ਜ਼ਮੀਨੀ ਸਿਆਸੀ ਰੈਲੀ ਕਰਨ 'ਤੇ ਮਨਾਹੀ ਕੀਤੀ ਗਈ ਹੈ। ਇਸੇ ਤਰ੍ਹਾਂ ਇੰਨਡੋਰ ਮੀਟਿੰਗਾਂ 50 ਅਤੇ ਆਊਟਡੋਰ ਮੀਟਿੰਗਾਂ 100 ਤੋਂ ਜ਼ਿਆਦਾ ਦੇ ਇਕੱਠ ਨਾਲ ਨਾ ਕਰਨ ਦੀ ਹਦਾਇਤ ਕੀਤੀ ਗਈ ਹੈ।
ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟ੍ਰੇਟ ਨੇ ਰਾਜਨੀਤਕ ਪਾਰਟੀਆਂ ਨੂੰ 8 ਜਨਵਰੀ 2022 ਨੂੰ ਚੋਣ ਕਮਿਸ਼ਨ ਵੱਲੋਂ ਜਾਰੀ ਕੋਵਿਡ ਦਿਸ਼ਾ ਨਿਰਦੇਸ਼ਾਂ ਅਤੇ ਆਦਰਸ਼ ਚੋਣ ਜ਼ਾਬਤੇ ਦੀ ਪੂਰਣ ਰੂਪ 'ਚ ਪਾਲਣਾ ਕਰਨ ਦੀ ਹਦਾਇਤ ਵੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਹਦਾਇਤਾਂ ਅਤੇ ਪਾਬੰਦੀਆਂ ਦੀ ਉੁਲੰਘਣਾ ਕਰਨ ਵਾਲੇ ਨਾਲ ਸਖ਼ਤੀ ਨਾਲ ਨਜਿੱਠੇਗਾ ਅਤੇ ਸਬੰਧਤ ਡਿਜ਼ਾਸਟਰ ਮੈਨੇਜਮੈਂਟ ਐਕਟ-2005 ਦੀ ਧਾਰਾ 51 ਤੋਂ 60 ਤਹਿਤ ਬਣਦੀ ਕਾਰਵਾਈ ਤੋਂ ਇਲਾਵਾ ਭਾਰਤੀ ਦੰਡ ਵਿਧਾਨ ਦੀ ਧਾਰਾ 188 ਤਹਿਤ ਦੰਡ ਦਾ ਭਾਗੀਦਾਰ ਵੀ ਹੋਵੇਗਾ।