ਸ਼ਹੀਦ ਭਗਤ ਸਿੰਘ ਨਗਰ ਨੇ ਕੋਵਿਡ-19 ਟੀਕਾਕਰਣ ਦੀ ਪਹਿਲੀ ਖੁਰਾਕ ’ਚ 83 ਫ਼ੀਸਦੀ ਅਤੇ ਦੂਸਰੀ ਖੁਰਾਕ ’ਚ 59 ਫ਼ੀਸਦੀ ਟੀਚਾ ਹਾਸਲ ਕੀਤਾ

ਸੂਬੇ 'ਚ ਸਭ ਤੋਂ ਘੱਟ ਪਾਜ਼ਿਟੀਵਿਟੀ ਮਾਮਲਿਆਂ ਨਾਲ ਪਹਿਲੇ ਅਤੇ ਪ੍ਰਤੀ ਦਿਨ ਦਰ 'ਚ ਦੂਸਰੇ ਨੰਬਰ 'ਤੇ
ਨਵਾਂਸ਼ਹਿਰ, 14 ਜਨਵਰੀ :- ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ 83 ਫ਼ੀਸਦੀ ਵਸੋਂ ਕੋਵਿਡ-19 ਟੀਕਾਕਰਣ ਦੀ ਪਹਿਲੀ ਖੁਰਾਕ ਲੈ ਚੁੱਕੀ ਹੈ ਜੋ ਕਿ ਸੂਬੇ ਦੀ ਔਸਤ ਤੋਂ ਕੇਵਲ ਇੱਕ ਫ਼ੀਸਦੀ ਘੱਟ ਹੈ। ਇਸੇ ਤਰ੍ਹਾਂ ਦੂਸਰੀ ਖੁਰਾਕ 'ਚ ਵੀ ਜ਼ਿਲ੍ਹਾ ਸੂਬੇ ਦੀ ਔਸਤ 49 ਫ਼ੀਸਦੀ ਦੇ ਮੁਕਾਬਲੇ 59 ਫ਼ੀਸਦੀ ਵਸੋਂ ਦਾ ਟੀਕਾਕਰਣ ਕਰਕੇ ਸੂਬੇ 'ਚੋਂ ਪੰਜਵੇਂ ਸਥਾਨ 'ਤੇ ਹੈ।
ਅੱਜ ਕੋਵਿਡ-19 'ਤੇ ਸਮੂਹ ਜ਼ਿਲ੍ਹਿਆਂ ਦੀ, ਪ੍ਰਮੁੱਖ ਸਕੱਤਰ (ਸਿਹਤ) ਰਾਜ ਕਮਲ ਚੌਧਰੀ ਵੱਲੋਂ ਕੀਤੀ ਗਈ ਸਮੀਖਿਆ ਮੀਟਿੰਗ ਤੋਂ ਬਾਅਦ, ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਜ਼ਿਲ੍ਹਾ ਕੋਵਿਡ-19 ਕੇਸਾਂ 'ਚ ਪ੍ਰਤੀ ਦਿਨ ਪਾਜ਼ਿਟੀਵਿਟੀ ਮਾਮਲਿਆਂ 'ਚ ਵੀ ਸਭ ਤੋਂ ਘੱਟ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਨੂੰ ਮੀਟਿੰਗ ਤੋਂ ਬਾਅਦ ਹਦਾਇਤ ਕੀਤੀ ਗਈ ਹੈ ਕਿ ਜ਼ਿਲ੍ਹੇ ਵਿੱਚ ਟੀਕਾਕਰਣ ਅਤੇ ਸੈਂਪਲਿੰਗ ਦੀ ਦਰ ਨੂੰ ਹੋਰ ਵਧਾਇਆ ਜਾਵੇ ਅਤੇ ਮੌਜੂਦਾ 6ਵੇਂ ਸਥਾਨ ਤੋਂ ਉੱਪਰ ਲਿਆਂਦਾ ਜਾਵੇ। ਡਿਪਟੀ ਕਮਿਸ਼ਨਰ ਅਨੁਸਾਰ ਸੂਬੇ 'ਚ ਇਸ ਵੇਲੇ ਰੋਜ਼ਾਨਾ ਪਾਜ਼ਿਟੀਵਿਟੀ ਰੇਟ ਔਸਤਨ 17 ਫ਼ੀਸਦੀ ਹੈ ਜਦਕਿ ਜ਼ਿਲ੍ਹੇ 'ਚ ਇਹ ਦਰ 3.9 ਫ਼ੀਸਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਆਪਸੀ ਤਾਲਮੇਲ ਨਾਲ ਜ਼ਿਲ੍ਹੇ 'ਚ ਕੋਵਿਡ-19 ਦੇ ਪਸਾਰ ਨੂੰ ਕਾਬੂ ਕਰਨ 'ਚ ਪੂਰੀ ਮਿਹਨਤ ਕਰ ਰਿਹਾ ਹੈ ਤਾਂ ਜੋ ਜ਼ਿਲ੍ਹੇ ਦੇ ਲੋਕਾਂ ਨੂੰ ਇਸ ਕੋਵਿਡ-19 ਦੇ ਨਵੇਂ ਵੇਰੀਐਂਟ ਓਮੀਕ੍ਰੋਨ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪ੍ਰਮੁੱਖ ਸਕੱਤਰ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ 'ਚ ਸਬੰਧਤ ਕੋਵਿਡ-19 ਸਬੰਧੀ ਸਮੂਹ ਅੰਕੜੇ ਕੋਵਾ ਪੋਰਟਲ 'ਤੇ ਰੋਜ਼ਾਨਾ ਅਪਡੇਟ ਕਰਨ ਲਈ ਮਿਲੇ ਆਦੇਸ਼ਾਂ ਤੋਂ ਬਾਅਦ, ਸਿਵਲ ਸਰਜਨ ਦਫ਼ਤਰ ਨੂੰ ਇਸ ਨੂੰ ਰੋਜ਼ਾਨਾ ਅਪਡੇਟ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਅਪਲੋਡ ਕੀਤੀ ਜਾਣ ਵਾਲੀ ਸੂਚਨਾ ਵਿੱਚ ਕੋਵਿਡ-19 ਟੈਸਟ ਕਰਨ ਵਾਲੀਆਂ ਲੈਬਾਰਟਰੀਆਂ, ਜ਼ਿਲ੍ਹੇ 'ਚੋਂ ਲਏ ਗਏ ਸੈਂਪਲ ਅਤੇ ਬਕਾਇਆ ਰਿਪੋਰਟਾਂ, ਹਸਪਤਾਲਾਂ 'ਚ ਬੈਡਾਂ ਦੀ ਸਥਿਤੀ, ਟੀਕਾਕਰਣ ਆਦਿ ਅੰਕੜੇ ਸ਼ਾਮਿਲ ਹਨ।  ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲ੍ਹੇ ਵਿੱਚ ਘਰਾਂ 'ਚ ਆਈਸੋਲੇਟ ਕੀਤੇ ਮਰੀਜ਼ਾਂ ਦੀ ਬਾਕਾਇਦਗੀ ਨਾਲ ਸਿਹਤ ਜਾਂਚ ਆਰ ਆਰ ਟੀ ਟੀਮਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਤਾਂ ਜੋ ਮਰੀਜ਼ ਦੀ ਰੋਜ਼ਾਨਾ ਸਿਹਤ ਬਾਰੇ ਅਪਡੇਟ ਮਿਲਦਾ ਰਹੇ ਅਤੇ ਜੇਕਰ ਲੋੜ ਪਵੇ ਤਾਂ ਉਸ ਨੂੰ ਹਸਪਤਾਲ ਭੇਜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਨੂੰ ਪਹਿਲਾਂ ਤੋਂ ਹੀ ਕੋਈ ਬਿਮਾਰੀ ਹੈ, ਉਨ੍ਹਾਂ ਦਾ ਖਾਸ ਧਿਆਨ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਕੋਵਿਡ-19 ਪੀੜਿਤ ਦੀ ਮੌਤ ਹੋਣ ਦੀ ਸੂਰਤ 'ਚ ਉਸ ਦੀ ਮੌਤ ਦੇ ਕਾਰਨਾਂ ਦੀ ਰਿਪੋਰਟ ਤਿਆਰ ਕਰਨ ਅਤੇ ਮੌਤ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਨ ਲਈ ਕਿਹਾ ਗਿਆ ਹੈ। ਇਸ ਮੌਕੇ ਸਿਵਲ ਸਰਜਨ ਡਾ. ਦਵਿੰਦਰ ਢਾਂਡਾ, ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਡਾ. ਬਲਵਿੰਦਰ ਕੁਮਾਰ ਜ਼ਿਲ੍ਹਾ ਟੀਕਾਕਰਣ ਅਫ਼ਸਰ, ਡਾ. ਜਗਦੀਪ ਸਿੰਘ ਜ਼ਿਲ੍ਹਾ ਮਹਾਂਮਾਰੀ ਰੋਕੂ ਅਫ਼ਸਰ ਅਤੇ ਹੋਰ ਸਿਹਤ ਅਧਿਕਾਰੀ ਮੌਜੂਦ ਸਨ।