ਪਟਿਆਲਾ: 8 ਜਨਵਰੀ : ਨਾਭਾ ਪਾਵਰ ਲਿਮਟਿਡ, ਜੋ ਕਿ 2x700 ਮੈਗਾਵਾਟ ਰਾਜਪੁਰਾ ਥਰਮਲ ਪਾਵਰ ਪਲਾਂਟ ਦਾ ਸੰਚਾਲਨ ਕਰਦੀ ਹੈ, ਨੇ ਨਾਰਦਰਨ ਕੋਲਫੀਲਡਜ਼ ਲਿਮਟਿਡ (ਐਨ.ਸੀ.ਐਲ.) ਤੋਂ ਕੋਲੇ ਦੀ ਸਪਲਾਈ ਲਈ ਸਮਝੌਤੇ 'ਤੇ ਹਸਤਾਖਰ ਕੀਤੇ ਹਨ ਜਿਸ ਨਾਲ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਨੂੰ ਵਿੱਤੀ ਲਾਭ ਹੋਵੇਗਾ। ਇਸ ਨਾਲ ਕੋਲੇ ਦੀ ਆਵਾਜਾਈ ਖਰਚਿਆਂ ਨੂੰ ਘਟਾ ਕੇ ਬਿਜਲੀ ਉਤਪਾਦਨ ਦੀ ਲਾਗਤ ਨੂੰ ਘਟਾਇਆ ਜਾਏਗਾ।
ਢੋਆ-ਢੁਆਈ ਦੀ ਲਾਗਤ ਪੰਜਾਬ ਰਾਜ ਵਿੱਚ ਕੁੱਲ ਕੋਲੇ ਦੀ ਲਾਗਤ ਦਾ ਲਗਭਗ 60% ਬਣਦੀ ਹੈ, ਕਿਉਂਕਿ ਕੋਲੇ ਦੀਆਂ ਖਾਣਾਂ 1000 ਕਿਲੋਮੀਟਰ ਤੋਂ ਵੱਧ ਦੂਰੀ ਤੇ ਸਥਿਤ ਹਨ।
ਮਈ 2018 ਵਿੱਚ, ਕੇਂਦਰੀ ਕੋਲਾ ਮੰਤਰਾਲੇ ਨੇ ਥਰਮਲ ਪਲਾਂਟਾਂ ਦੇ ਕੋਲਾ ਲਿੰਕੇਜ ਨੂੰ ਇੱਕ ਕੋਲਾ ਕੰਪਨੀ ਤੋਂ ਦੂਜੀ ਵਿੱਚ ਤਬਦੀਲ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ ਤਾਂ ਜੋ ਕੋਲੇ ਦੀ ਲਾਗਤ ਨੂੰ ਘੱਟ ਕੀਤਾ ਜਾ ਸਕੇ। ਕੇਂਦਰੀ ਬਿਜਲੀ ਅਥਾਰਟੀ (ਸੀ. ਈ. ਐ.) ਦੁਆਰਾ ਨਾਭਾ ਪਾਵਰ ਲਈ ਸਾਊਥ ਈਸਟਰਨ ਕੋਲ ਲਿਮਿਟਡ ਤੋਂ ਅਨ. ਸੀ. ਐਲ. ਨੂੰ ਸਲਾਨਾ 2.464 ਮਿਲੀਅਨ ਮੀਟਰਕ ਟਨ ਕੋਲੇ ਦੇ ਤਬਾਦਲੇ ਦੀ ਸਿਫ਼ਾਰਸ਼ ਕੀਤੀ ਗਈ ਸੀ।
ਨਾਭਾ ਪਾਵਰ ਦੇ ਚੇਅਰਮੈਨ, ਸ਼੍ਰੀ ਡੀ. ਕੇ. ਸੇਨ ਨੇ ਕਿਹਾ, "ਸਾਨੂੰ ਖੁਸ਼ੀ ਹੈ ਕਿ ਅਨ. ਸੀ. ਐਲ. ਨਾਲ ਕੋਲਾ ਲਿੰਕੇਜ ਦਾ ਤਬਾਦਲਾ ਪੀਐਸਪੀਸੀਐਲ ਦੇ ਸਹਿਯੋਗ ਨਾਲ ਸਫਲਤਾਪੂਰਵਕ ਪੂਰਾ ਹੋ ਗਿਆ ਹੈ ਜਿਸ ਦੇ ਸਪਲੀਮੈਂਟਰੀ ਪਾਵਰ ਪਰਚੇਜ਼ ਐਗਰੀਮੈਂਟ (ਪੀ.ਪੀ.ਏ) ਨੂੰ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀ.ਐਸ.ਈ.ਆਰ.ਸੀ) ਦੁਆਰਾ ਪ੍ਰਵਾਨਗੀ ਦੇ ਦਿੱਤੀ ਗਈ ਹੈ।"
ਸ਼੍ਰੀ ਡੀ. ਕੇ. ਸੇਨ ਨੇ ਕਿਹਾ, "ਇਸ ਨਾਲ ਨਾਭਾ ਪਾਵਰ ਰਾਜ ਦਾ ਪਹਿਲਾ ਥਰਮਲ ਪਲਾਂਟ ਬਨ ਗਿਆ ਹੈ ਜੋ ਕੋਲੇ ਦੀ ਲਾਗਤ ਨੂੰ ਘਟਾ ਕੇ ਬਿਜਲੀ ਉਤਪਾਦਨ ਦੀ ਲਾਗਤ ਨੂੰ ਘਟਾਏਗਾ, ਜਿਸ ਦੇ ਨਤੀਜੇ ਵਜੋਂ ਪੀਐਸਪੀਸੀਐਲ ਅਤੇ ਪੰਜਾਬ ਦੇ ਲੋਕਾਂ ਨੂੰ ਵਿੱਤੀ ਲਾਭ ਹੋਵੇਗਾ। ਇਸ ਨਾਲ ਨਾਭਾ ਪਾਵਰ ਪੰਜਾਬ ਨੂੰ ਸਭ ਤੋਂ ਘੱਟ ਕੀਮਤ ਅਤੇ ਭਰੋਸੇਯੋਗ ਬਿਜਲੀ ਪ੍ਰਦਾਨ ਕਰਨ ਦੀ ਆਪਣੀ ਨਿਰੰਤਰ ਵਚਨਬੱਧਤਾ ਨੂੰ ਪੂਰਾ ਕਰਨ ਵਿੱਚ ਵੀ ਕਾਮਯਾਬ ਹੋਵੇਗਾ।"
ਨਾਭਾ ਪਾਵਰ ਦਾ ਰਾਜਪੁਰਾ ਪਲਾਂਟ ਦੇਸ਼ ਦੇ ਸਭ ਤੋਂ ਵੱਧ ਕੁਸ਼ਲ ਪਲਾਂਟਾਂ ਵਿੱਚੋਂ ਇੱਕ ਹੈ। ਨਾਭਾ ਪਾਵਰ ਲਿਮਟਿਡ ਨੂੰ ਗਰਮੀਆਂ ਦੇ ਸਿਖਰ ਦੇ ਮੌਸਮ ਦੌਰਾਨ ਪਲਾਂਟ ਲੋਡ ਫੈਕਟਰ (ਪੀ.ਐੱਲ.ਐੱਫ) ਦੇ ਆਧਾਰ 'ਤੇ ਦੇਸ਼ ਦੇ ਚੋਟੀ ਦੇ ਦਸ ਪਲਾਂਟਾਂ ਵਿੱਚ ਸਥਾਨ ਪ੍ਰਾਪਤ ਹੈ। ਪੂਰੇ ਝੋਨੇ ਦੇ ਸੀਜ਼ਨ ਦੌਰਾਨ, ਨਾਭਾ ਪਾਵਰ ਨੇ ਲਗਭਗ 100% ਉਪਲਬਧਤਾ ਦੇ ਨਾਲ ਬਿਜਲੀ ਪੈਦਾ ਕੀਤਾ ਹੈ।
ਨਾਭਾ ਪਾਵਰ ਨੂੰ ਲਗਾਤਾਰ ਤਿੰਨ ਸਾਲ 2019, 2020 ਅਤੇ 2021 ਲਈ ਆਈ.ਪੀ.ਪੀ.ਏ.ਆਈ. ਦੁਆਰਾ ਸਭ ਤੋਂ ਵੱਧ ਕੁਸ਼ਲ ਅਤੇ ਸਭ ਤੋਂ ਘੱਟ ਲਾਗਤ ਵਾਲੇ ਬਿਜਲੀ ਉਤਪਾਦਕ ਹੋਣ ਲਈ ਪੁਰਸਕ੍ਰਿਤ ਕੀਤਾ ਗਿਆ ਹੈ।
ਨਾਭਾ ਪਾਵਰ ਨੂੰ ਆਪਣੀਆਂ ਸੀ.ਐਸ.ਆਰ. ਪਹਿਲਕਦਮੀਆਂ ਦੇ ਤਹਿਤ ਕੀਤੇ ਗਏ ਬੇਮਿਸਾਲ ਸਮਾਜਿਕ ਕੰਮਾਂ ਲਈ ਗੋਲਡਨ ਪੀਕੌਕ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।