ਸਤਲੁਜ ਦਰਿਆ ਦੇ ਨਾਲ ਲੱਗਦੇ ਐਸ ਬੀ ਐਸ ਨਗਰ ਦੇ ਮੰਡ ਖੇਤਰ ਵਿੱਚ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ

ਪੂਰੀ ਬੈਲਟ ਨੂੰ ਕਵਰ ਕਰਨ ਲਈ ਅਗਲੇ ਪੰਜ ਦਿਨਾਂ ਤੱਕ ਜਾਰੀ ਰਹੈਗੀ ਕਾਰਵਾਈ, ਡਰੋਨ ਸਰਵੇਖਣ ਅਤੇ ਅਰਧ ਸੈਨਿਕ ਬਲ ਕਰ ਰਹੇ ਹਨ ਜ਼ਿਲ੍ਹਾ ਪੁਲਿਸ ਦੀ ਮੱਦਦ
ਨਵਾਂਸ਼ਹਿਰ, 18 ਜਨਵਰੀ: - ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਾੜੇ ਅਨਸਰਾਂ ਅਤੇ ਨਾਜਾਇਜ਼ ਸ਼ਰਾਬ 'ਤੇ ਨਕੇਲ ਕੱਸਣ ਲਈ ਐਸ.ਬੀ.ਐਸ.ਨਗਰ ਪੁਲਿਸ ਨੇ ਅੱਜ ਜ਼ਿਲ੍ਹੇ ਦੀ ਮੰਡ ਪੱਟੀ ਵਿੱਚ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ।
      ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਸ ਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਵੋਟਰਾਂ ਨੂੰ ਲੁਭਾਉਣ ਲਈ ਚੋਣਾਂ ਵਿੱਚ ਨਸ਼ਿਆਂ, ਪੈਸੇ ਅਤੇ ਸ਼ਰਾਬ ਦੀ ਦੂਰਵਰਤੋਂ ਨੂੰ ਰੋਕਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੰਤਰ-ਜ਼ਿਲ੍ਹਾ ਨਾਕਿਆਂ 'ਤੇ ਕੇਂਦਰੀ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਦੀ ਮੱਦਦ ਨਾਲ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਸੁਨੇਹਾ ਦੇਣ ਲਈ ਰਾਤ ਦੀ ਗਸ਼ਤ ਅਤੇ ਦਿਨ ਦਾ ਫਲੈਗ ਮਾਰਚ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
      ਉਨ੍ਹਾਂ ਕਿਹਾ ਕਿ ਅੱਜ ਸੀ ਏ ਪੀ ਐਫ (ਕੇਂਦਰੀ ਸੁਰੱਖਿਆ ਬਲ) ਦੀ ਮਦਦ ਨਾਲ ਜ਼ਿਲ੍ਹੇ ਵਿੱਚ ਸੁਲਤੁਜ ਦਰਿਆ ਦੇ ਨਾਲ ਲੱਗਦੀ ਮੰਡ ਪੱਟੀ ਵਿੱਚ ਇੱਕ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਆਪ੍ਰੇਸ਼ਨ ਦੌਰਾਨ ਥਾਣਾ ਬਲਾਚੌਰ ਸਦਰ ਦੇ ਅਧਿਕਾਰ ਖੇਤਰ ਤੋਂ ਸ਼ੁਰੂ ਹੋ ਕੇ ਧੁੱਸੀ ਬੰਨ੍ਹ ਦੇ ਨਾਲ-ਨਾਲ ਰਾਹੋਂ ਤੋਂ ਹੁੰਦੇ ਹੋਏ ਔੜ ਤੱਕ ਵਣਾਂ ਅਤੇ ਕੰਢੇ ਦੇ ਨਾਲ ਨਾਲ ਜਾਂਚ ਕਰਨ ਲਈ ਇੱਕ ਡਰੋਨ ਸਰਵੇਖਣ ਵੀ ਕੀਤਾ ਗਿਆ।  ਕੰਵਰਦੀਪ ਕੌਰ ਨੇ ਕਿਹਾ ਕਿ ਭਾਵੇਂ ਅੱਜ ਕੋਈ ਬਰਾਮਦਗੀ ਨਹੀਂ ਹੋਈ ਪਰ ਅਸੀਂ ਅਗਲੇ ਪੰਜ ਦਿਨਾਂ ਤੱਕ ਇਹ ਡਰੋਨ ਸਰਵੇਖਣ ਅਤੇ ਸਰਚ ਆਪਰੇਸ਼ਨ ਜਾਰੀ ਰੱਖਾਂਗੇ।
       ਉਨ੍ਹਾਂ ਕਿਹਾ ਕਿ ਇਸ ਤਲਾਸ਼ੀ ਮੁਹਿੰਮ ਵਿੱਚ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
       ਐਸ.ਐਸ.ਪੀ ਨੇ ਕਿਹਾ ਕਿ ਮਤਦਾਤਾਵਾਂ ਵਿੱਚ ਸੁਤੰਤਰ ਅਤੇ ਨਿਰਪੱਖ ਮਤਦਾਨ ਦੀ ਭਾਵਨਾ ਪੈਦਾ ਕਰਨ ਲਈ, ਖਾਸ ਤੌਰ 'ਤੇ ਨਾਜ਼ੁਕ, ਸੰਵੇਦਨਸ਼ੀਲ ਅਤੇ ਨਾਜ਼ੁਕ ਬੂਥ ਖੇਤਰਾਂ ਵਿੱਚ, ਜ਼ਿਲ੍ਹਾ ਪੁਲਿਸ ਦੇ ਜਵਾਨ ਲਗਾਤਾਰ ਗਸ਼ਤ ਕਰ ਰਹੇ ਹਨ।  ਇਸੇ ਤਰ੍ਹਾਂ ਗੈਰ-ਕਾਨੂੰਨੀ ਗਤੀਵਿਧੀਆਂ ਅਤੇ ਸ਼ੱਕੀ ਵਿਅਕਤੀਆਂ ਨੂੰ ਰੋਕਣ ਲਈ 32 ਅੰਤਰ-ਜ਼ਿਲ੍ਹਾ ਅਤੇ 25 ਸਿਟੀ ਸੀਲਿੰਗ ਨਾਕੇ ਵੀ ਲਗਾਏ ਗਏ ਹਨ।
       ਉਨ੍ਹਾਂ ਕਿਹਾ ਕਿ ਵੋਟਾਂ ਵਾਲੇ ਦਿਨ ਆਮ ਲੋਕਾਂ ਲਈ ਸ਼ਾਂਤਮਈ ਅਤੇ ਦੋਸਤਾਨਾ ਮਾਹੌਲ ਮੁੱਹਈਆ ਕਰਵਾ ਕੇ ਅਮਨ-ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣਾ ਸਾਡਾ ਮੁੱਖ ਫਰਜ਼ ਹੈ ਅਤੇ ਚੋਣਾਂ ਦੀ ਕਾਨੂੰਨੀ ਪ੍ਰਕਿਰਿਆ ਦੌਰਾਨ ਗੈਰ-ਕਾਨੂੰਨੀ ਗਤੀਵਿਧੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ, ਅਸੀਂ ਸੁਰੱਖਿਆ ਇੰਤਜ਼ਾਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਹੀਂ ਆਉਣ ਦੇਵਾਂਗੇ।

Virus-free. www.avast.com