ਚੋਣਾਂ ਤੋਂ ਪਹਿਲਾਂ ਜ਼ਿਲ੍ਹੇ ਦੇ ਸਾਰੇ ਵੋਟਰਾਂ ਦਾ ਲਾਜਮੀ ਟੀਕਾਕਰਨ ਲਈ ਯੋਜਨਾਬੰਦੀ


-ਕ੍ਰਿਸ਼ਨ ਕੁਮਾਰ ਨੇ ਵੱਡੀ ਗਿਣਤੀ ਪਿੰਡਾਂ 'ਚ 100 ਫੀਸਦੀ ਟੀਕਾਕਰਨ ਦੀ ਸ਼ਲਾਘਾ
ਪਟਿਆਲਾ, 29 ਜਨਵਰੀ: ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਪਟਿਆਲਾ ਜ਼ਿਲ੍ਹੇ ਦੇ ਹਰ ਇੱਕ ਵੋਟਰ ਦਾ ਕੋਵਿਡ ਤੋਂ ਬਚਾਅ ਲਈ ਲਾਜਮੀ ਟੀਕਾਕਰਨ ਕਰਨ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਉਂਤਬੰਦੀ ਕੀਤੀ ਗਈ। ਇਸ ਸਬੰਧੀਂ ਪਟਿਆਲਾ ਜ਼ਿਲ੍ਹੇ ਦੇ ਇੰਚਾਰਜ ਸਕੱਤਰ ਅਤੇ ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਕੋਵਿਡ ਟੀਕਾਕਰਨ ਪ੍ਰਕ੍ਰਿਆ ਦੀ ਸਮੀਖਿਆ ਕਰਨ ਲਈ ਇੱਕ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ-ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਸੰਦੀਪ ਹੰਸ ਅਗਵਾਈ ਹੇਠ ਏ.ਡੀ.ਸੀ. (ਵਿਕਾਸ) ਗੌਤਮ ਜੈਨ, ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ, ਸਮੂਹ ਰਿਟਰਨਿੰਗ ਅਧਿਕਾਰੀਆਂ ਸਮੇਤ ਸਿਵਲ ਸਰਜਨ ਡਾ. ਪ੍ਰਿੰਸ ਸੋਢੀ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨੂ ਗੋਇਲ ਅਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਦੌਰਾਨ ਸ੍ਰੀ ਕ੍ਰਿਸ਼ਨ ਕੁਮਾਰ ਨੇ ਜ਼ਿਲ੍ਹੇ ਦੀਆਂ ਸਬ ਡਵੀਜਨਾਂ 'ਚ ਕਰੋਨਾ ਵੈਕਸੀਨੇਸ਼ਨ ਦਾ ਜਾਇਜਾ ਲੈਂਦਿਆਂ ਜਿੱਥੇ ਬਹੁਤ ਸਾਰੇ ਪਿੰਡਾਂ ਦੀ ਵੱਸੋ ਦਾ 100 ਫੀਸਦੀ ਟੀਕਾਕਰਨ ਕੀਤੇ ਜਾਣ ਦੀ ਸ਼ਲਾਘਾ ਕੀਤੀ, ਉਥੇ ਹੀ ਕਈ ਥਾਵਾਂ 'ਤੇ ਢਿੱਲੀ ਕਾਰਗੁਜ਼ਾਰੀ ਦਾ ਸਖ਼ਤ ਨੋਟਿਸ ਵੀ ਲਿਆ। ਉਨ੍ਹਾਂ ਨੇ ਸਾਰੇ ਅਧਿਕਾਰੀਆਂ, ਐਸ.ਐਮ.ਓਜ ਅਤੇ ਹੋਰ ਸਬੰਧਤਾਂ ਨੂੰ ਹਦਾਇਤ ਕੀਤੀ ਕਿ ਸਾਰੇ ਯੋਗ ਨਾਗਰਿਕਾਂ ਅਤੇ ਖਾਸ ਕਰਕੇ ਸਮੂਹ ਵੋਟਰਾਂ ਦਾ ਮੁਕੰਮਲ ਟੀਕਾਕਰਨ ਕਰਕੇ ਚੋਣਾਂ ਦੌਰਾਨ ਕੋਵਿਡ ਮਹਾਂਮਾਰੀ ਤੋਂ ਸੁਰੱਖਿਅਤ ਮਾਹੌਲ ਸਿਰਜਣ 'ਚ ਕੋਈ ਢਿੱਲ ਮੱਠ ਨਾ ਵਰਤੀ ਜਾਵੇ।
ਸ੍ਰੀ ਕ੍ਰਿਸ਼ਨ ਕੁਮਾਰ ਨੇ ਕੋਵਿਡਾ ਵੈਕਸੀਨੇਸ਼ਨ ਸਬੰਧੀ ਜਨਤਕ ਥਾਵਾਂ ਲਈ ਬਣਾਏ ਨਿਯਮਾਂ ਦੀ ਪਾਲਣਾ ਦੀ ਮੋਨੀਟਰਿੰਗ ਕਰਨ ਦੀਆਂ ਵੀ ਹਦਾਇਤਾਂ ਕੀਤੀਆਂ।ਉਨ੍ਹਾਂ ਨੇ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਸਬੰਧੀ ਲੋਕਾਂ ਨੂੰ ਪ੍ਰੇਰਤ ਕਰਨ ਲਈ ਧਾਰਮਿਕ ਸਥਾਨਾਂ ਸਮੇਤ ਹੋਰਨਾਂ ਜਨਤਕ ਸਥਾਨਾਂ 'ਤੇ ਪ੍ਰਚਾਰ ਕਰਨ 'ਤੇ ਵੀ ਜੋਰ ਦਿੱਤਾ। ਉਨ੍ਹਾਂ ਨੇ ਸਮੂਹ ਐਸ.ਡੀ.ਐਮਜ ਅਤੇ ਰਿਟਰਨਿੰਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਬੀ.ਐਲ.ਓਜ ਸਮੇਤ ਹੋਰ ਕਰਮਚਾਰੀਆਂ ਰਾਹੀਂ ਟੀਕਾਕਰਨ ਤੋਂ ਵਾਂਝੇ ਰਹਿ ਗਏ ਲੋਕਾਂ ਨੂੰ ਵੈਕਸੀਨੇਸ਼ਨ ਲਗਵਾਉਣ ਲਈ ਉਚੇਚੇ ਯਤਨ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਮੀਟੰਗ 'ਚ ਮੌਜੂਦ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਰਿੰਦਰ ਕੌਰ ਅਤੇ ਡੀ.ਈ.ਓ. ਐਲੀਮੈਂਟਰੀ ਅਮਰਜੀਤ ਸਿੰਘ ਸਮੇਤ ਹੋਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਸਕੂਲਾਂ ਤੇ ਕਾਲਜਾਂ ਦੇ 15 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਦਾ ਟੀਕਾਕਰਨ ਦੇ ਨਾਲ-ਨਾਲ ਵਿਦਿਆਰਥੀਆਂ ਰਾਹੀਂ ਉਨ੍ਹਾਂ ਦੇ ਮਾਪਿਆਂ ਨੂੰ ਵੀ ਵੈਕਸੀਨੇਸ਼ਨ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇ।
ਮੀਟਿੰਗ 'ਚ ਡਿਪਟੀ ਕਮਿਸ਼ਨਰ ਸੰਦੀਪ ਹਾਂਸ ਨੇ ਜਿਲ੍ਹੇ ਦੇ ਸਮੂਹ ਐਸ.ਐਮ.ਓਜ਼. ਨੂੰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਸੇਵਾਵਾਂ ਤੇ ਸਹਿਯੋਗ ਲੈਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜਿਲ੍ਹੇ ਦੇ ਹਰੇਕ ਪਿੰਡ ਤੇ ਕਸਬੇ 'ਚ ਜਰੂਰ ਕਰੋਨਾ ਵੈਕਸੀਨੇਸ਼ਨ ਸਬੰਧੀ ਜਾਗਰੂਕਤਾ ਫੈਲਾਉਣ ਲਈ ਪ੍ਰਚਾਰ ਕੀਤਾ ਜਾਵੇ।ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਐਸ.ਐਮ.ਓਜ ਵੀ ਮੌਜੂਦ ਸਨ।