ਜ਼ਿਲ੍ਹੇ ਦੇ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਮੁਹੱਈਆ ਕਰਵਾਈ ਜਾਵੇਗੀ ਸਹੂਲਤ, ਜ਼ਿਲ੍ਹੇ
'ਚ ਮੁਢਲੇ ਤੌਰ 'ਤੇ 18700 ਤੋਂ ਵਧੇਰੇ ਵੋਟਰਾਂ ਦੀ ਕੀਤੀ ਗਈ ਸ਼ਨਾਖ਼ਤ
ਨਵਾਂਸ਼ਹਿਰ, 18 ਜਨਵਰੀ : ਵਿਧਾਨ ਸਭਾ ਚੋਣਾਂ 2022 ਦੌਰਾਨ ਜ਼ਿਲ੍ਹੇ ਦੇ ਤਿੰਨਾਂ
ਹਲਕਿਆਂ ਬੰਗਾ, ਨਵਾਂਸ਼ਹਿਰ ਅਤੇ ਬਲਾਚੌਰ ਵਿਚਲੇ ਦਿਵਿਆਂਗ ਅਤੇ 80 ਸਾਲ ਤੋਂ ਉੱਪਰ ਉਮਰ
ਦੇ ਮਤਦਾਤਾਵਾਂ ਨੂੰ ਮਤਦਾਨ ਕੇਂਦਰਾਂ 'ਤੇ ਸਹੂਲਤ ਦੇਣ ਲਈ ਬੂਥ ਵਾਲੰਟੀਅਰ ਤਾਇਨਾਤ
ਕੀਤੇ ਜਾਣਗੇ ਜੋ ਕਿ ਉਨ੍ਹਾਂ ਨੂੰ ਬੂਥ 'ਤੇ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ
ਕਰਵਾਉਣਗੇ।
ਇਹ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਜਸਬੀਰ
ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪੋਲਿੰਗ ਸਟੇਸ਼ਨਾ 'ਤੇ ਇਹ
ਵਾਲੰਟੀਅਰ ਤਾਇਨਾਤ ਕੀਤੇ ਜਾਣਗੇ ਜੋ ਕਿ ਵੋਟਰ ਨਹੀਂ ਹੋਣਗੇ।
ਉਨ੍ਹਾਂ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਇਸ ਸਬੰਧੀ ਰਿਟਰਨਿੰਗ ਅਫ਼ਸਰਾਂ,
ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ, ਜ਼ਿਲ੍ਹਾ ਸਿਖਿਆ
ਅਫ਼ਸਰ (ਸੈਕੰਡਰੀ) ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ
ਅਧਿਕਾਰੀਆਂ ਨਾਲ ਮੀਟਿੰਗ ਕਰਕੇ, ਉਨ੍ਹਾਂ ਨੂੰ ਆਪੋ-ਆਪਣੇ ਵਿਧਾਨ ਸਭਾ ਹਲਕੇ 'ਚ
ਇਨ੍ਹਾਂ ਮਤਦਾਤਾਵਾਂ ਨੂੰ ਬੂਥ 'ਤੇ ਮੁਹੱਈਆ ਕਰਵਾਈ ਜਾਣ ਵਾਲੀਆਂ ਸੁਵਿਧਾਵਾਂ ਜਿਵੇਂ
ਵ੍ਹੀਲ ਚੇਅਰ ਆਦਿ ਦਾ ਹੁਣ ਤੋਂ ਪ੍ਰਬੰਧ ਕਰਨ ਲਈ ਆਖਿਆ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 13386 80 ਸਾਲ ਤੋਂ ਉੱਪਰ ਉਮਰ ਦੇ ਅਤੇ 5395
ਦਿਵਿਆਂਗ ਮਤਦਾਤਾਵਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਮਤਦਾਤਾਵਾਂ ਤੋਂ ਬੂਥ ਲੈਵਲ
ਅਫ਼ਸਰਾਂ ਵੱਲੋਂ ਘਰ-ਘਰ ਪਹੁੰਚ ਕਰਕੇ, ਉਨ੍ਹਾਂ ਵੱਲੋਂ ਵੋਟ ਬੂਥ 'ਤੇ ਆ ਕੇ ਪਾਉਣ ਜਾਂ
ਪੋਸਟਲ ਬੈਲੇਟ (ਫ਼ਾਰਮ-12 ਡੀ) ਰਾਹੀਂ ਪਾਉਣ ਬਾਰੇ ਪੁੱਛਿਆ ਜਾ ਰਿਹਾ ਹੈ। ਉਨ੍ਹਾਂ
ਦੱਸਿਆ ਕਿ ਪੋਸਟਲ ਬੈਲੇਟ ਰਾਹੀਂ ਮਤਦਾਨ ਦੀ ਸਹਿਤਮੀ ਦੇਣ ਵਾਲੇ ਮਤਦਾਤਾ ਨੂੰ ਬਾਅਦ
ਵਿੱਚ ਬੂਥ 'ਤੇ ਨਿੱਜੀ ਤੌਰ 'ਤੇ ਆ ਕੇ ਮਤਦਾਨ ਕਰਨ ਦੀ ਆਗਿਆ ਨਹੀਂ ਹੋਵੇਗੀ।
ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ 'ਚ ਮੌਜੂਦ ਸਾਰੇ ਅਧਿਕਾਰੀਆਂ ਨੂੰ ਬੇਹਤਰ ਆਪਸੀ
ਤਾਲਮੇਲ ਬਣਾ ਕੇ, ਦਿਵਿਆਂਗ ਅਤੇ 80 ਸਾਲ ਤੋਂ ਉੱਪਰ ਦੇ ਮਤਦਾਤਾਵਾਂ ਲਈ ਵਾਲੰਟੀਅਰਾਂ
ਦੀ ਸੂਚੀ ਬਣਾਉਣ ਅਤੇ ਉਨ੍ਹਾਂ ਨੂੰ ਬੂਥਾਂ 'ਤੇ ਲਾਉਣ ਦੀ ਪ੍ਰਕਿਰਿਆ ਤਿਆਰ ਕਰਨ ਲਈ
ਕਿਹਾ। ਉਨ੍ਹਾਂ ਕਿਹਾ ਕਿ ਵ੍ਹੀਲ ਚੇਅਰ ਦਾ ਪ੍ਰਬੰਧ ਵੀ ਹਰੇਕ ਬੂਥ 'ਤੇ ਕੀਤਾ ਜਾਵੇ
ਤਾਂ ਜੋ ਮੌਕੇ 'ਤੇ ਕਿਸੇ ਨੂੰ ਮੁਸ਼ਕਿਲ ਨਾ ਆਵੇ। ਉਨ੍ਹਾਂ ਨੇ ਨੇਤਰਹੀਣ ਮਤਦਾਤਾਵਾਂ ਲਈ
ਵੀ ਅਜਿਹੇ ਪ੍ਰਬੰਧ ਕਰਨ ਲਈ ਆਖਿਆ।
ਮੀਟਿੰਗ ਵਿੱਚ ਐਸ ਡੀ ਐਮ ਨਵਾਂਸ਼ਹਿਰ ਡਾ. ਬਲਜਿੰਦਰ ਸਿੰਘ ਢਿੱਲੋਂ, ਐਸ ਡੀ ਐਮ ਬੰਗਾ
ਨਵਨੀਤ ਕੌਰ ਬੱਲ, ਡੀ ਡੀ ਪੀ ਓ ਦਵਿੰਦਰ ਸ਼ਰਮਾ, ਡਿਪਟੀ ਡੀ ਈ ਓ ਅਮਰੀਕ ਸਿੰਘ ਅਤੇ ਹੋਰ
ਅਧਿਕਾਰੀ ਮੌਜੂਦ ਸਨ।
ਫ਼ੋਟੋ ਕੈਪਸ਼ਨ: ਵਧੀਕ ਜ਼ਿਲ੍ਹਾ ਚੋਣ ਅਫ਼ਸਰ ਜਸਬੀਰ ਸਿੰਘ ਦਿਵਿਆਂਗ ਅਤੇ 80 ਸਾਲ ਸਾਲ ਤੋਂ
ਉੱਪਰ ਦੇ ਮਤਦਾਤਾਵਾਂ ਨੂੰ ਬੂਥ ਪੱਧਰ 'ਤੇ ਸਹੂਲਤ ਦੇਣ ਲਈ ਵਾਲੰਟੀਅਰ ਲਾਉਣ ਬਾਰੇ
ਮੀਟਿੰਗ ਕਰਦੇ ਹੋਏ।