ਬੰਗਾ ਦੇ ਪਿੰਡ ਜੰਡਿਆਲਾ ਵਿਖੇ ਸਬਜ਼ੀਆਂ 'ਤੇ ਉੱਚ ਪੱਧਰੀ ਖੋਜ ਲਈ 'ਸੈਂਟਰ ਆਫ਼ ਐਕਸੀਲੈਂਸ' ਸਥਾਪਿਤ ਕੀਤਾ ਜਾਵੇਗਾ

 ਕਿਸਾਨਾਂ ਨੂੰ ਨਵੀਆਂ ਤਕਨੀਕਾਂ ਬਾਰੇ ਸਿੱਖਿਅਤ ਕਰਨ ਅਤੇ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ' ਅਹਿਮ ਰੋਲ ਨਿਭਾਏਗਾ ਪ੍ਰੋਜੈਕਟ

ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਦੀ ਵਿਸ਼ੇਸ਼ ਪਹਿਲਦਕਮੀ ਨਾਲ ਮਨਜ਼ੂਰ ਹੋਇਆ 10 ਕਰੋੜ ਲਾਗਤ ਦਾ ਪ੍ਰੋਜੈਕਟ

 ਨਵਾਂਸ਼ਹਿਰ, 6 ਜਨਵਰੀ:- ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਬਜ਼ੀ ਉਤਪਾਦਕ ਕਿਸਾਨਾਂ ਲਈ ਪੰਜਾਬ ਸਰਕਾਰ ਵੱਲੋਂ ਬੰਗਾ ਬਲਾਕ ਦੇ ਪਿੰਡ ਜੰਡਿਆਲਾ ਵਿਖੇ ਸਬਜ਼ੀਆਂ ਸਬਜ਼ੀਆਂ 'ਤੇ ਉੱਚ ਪੱਧਰੀ ਖੋਜ ਲਈ 'ਸੈਂਟਰ ਆਫ਼ ਐਕਸੀਲੈਂਸ' ਸਥਾਪਿਤ ਕੀਤਾ ਜਾਵੇਗਾ   ਇਸ ਉੱਚ ਪੱਧਰੀ ਪ੍ਰੋਜੈਕਟ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਸਕੱਤਰ ਸ਼੍ਰੀ ਹੁਸਨ ਲਾਲ ਦੀ ਵਿਸ਼ੇਸ਼ ਪਹਿਲਕਦਮੀ 'ਤੇ ਮਨਜ਼ੂਰ ਹੋਇਆ ਇਹ ਅਤਿ-ਆਧੁਨਿਕ ਕੇਂਦਰ ਪਿੰਡ ਜੰਡਿਆਲਾ ਵਿੱਚ 3 ਏਕੜ ਰਕਬੇ ਵਿੱਚ ਬਣਾਇਆ ਜਾਵੇਗਾ ਉਨ੍ਹਾਂ ਕਿਹਾ ਕਿ ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਇਸ ਪ੍ਰਾਜੈਕਟ ਦੀ ਕਾਰਜਕਾਰੀ ਏਜੰਸੀ ਹੈ ਇਸ ਪ੍ਰੋਜੈਕਟ ਸੀ ਸਥਾਪਤੀ 'ਤੇ ਕਰੀਬ 10 ਕਰੋੜ ਰੁਪਏ ਦੀ ਲਾਗਤ ਆਵੇਗੀ।  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਵੱਖ-ਵੱਖ ਕਿਸਮਾਂ ਦੀਆਂ ਸਬਜ਼ੀਆਂ ਦੀ ਕਾਸ਼ਤ ਹੇਠ 13716 ਹੈਕਟੇਅਰ ਰਕਬਾ ਹੈ ਅਤੇ ਮਟਰ, ਆਲੂ, ਗੋਭੀ ਅਤੇ ਮਿਰਚ ਜ਼ਿਲ੍ਹੇ ਦੀਆਂ ਮੁੱਖ ਸਬਜ਼ੀਆਂ ਦੀਆਂ ਫ਼ਸਲਾਂ ਹਨ ਉਨ੍ਹਾਂ ਕਿਹਾ ਕਿ ਇਹ ਕੇਂਦਰ ਨਾ ਸਿਰਫ਼ ਕਿਸਾਨਾਂ ਨੂੰ ਸਬਜ਼ੀਆਂ ਦੀ ਖੇਤੀ ਸਬੰਧੀ ਨਵੀਨਤਮ ਤਕਨੀਕਾਂ ਬਾਰੇ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ ਸਗੋਂ ਜ਼ਿਲ੍ਹੇ ਵਿੱਚ ਫ਼ਸਲੀ ਵਿਭਿੰਨਤਾ ਨੂੰ ਵੀ ਉਤਸ਼ਾਹਿਤ ਕਰੇਗਾ।  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੇਂਦਰ ਵਿੱਚ ਕਿਸਾਨਾਂ ਨੂੰ ਪੌਲੀ ਹਾਊਸ ਅਤੇ ਖੇਤੀ ਦੇ ਹੋਰ ਤਰੀਕਿਆਂ ਦੀ ਜਾਣਕਾਰੀ ਅਤੇ ਗਿਆਨ ਤੋਂ ਇਲਾਵਾ ਉੱਚ ਪੱਧਰੀ ਸਬਜ਼ੀਆਂ ਤਿਆਰ ਕਰਨ ਅਤੇ ਪੈਦਾ ਕਰਨ ਲਈ ਮਾਹਿਰਾਂ ਵੱਲੋਂ ਸਿਖਲਾਈ ਦਿੱਤੀ ਜਾਵੇਗੀ।  ਸ਼੍ਰੀ ਸਾਰੰਗਲ ਨੇ ਕਿਹਾ ਕਿ ਇਸ ਤੋਂ ਇਲਾਵਾ, ਸਬਜ਼ੀ ਉਤਪਾਦਕਾਂ ਨੂੰ ਕੇਂਦਰ ਵਿਖੇ ਉੱਤਮ ਬੂਟੇ ਅਤੇ ਬੀਜ ਵੀ ਪ੍ਰਦਾਨ ਕੀਤੇ ਜਾਣਗੇ, ਅਤੇ ਕਿਹਾ ਕਿ ਪ੍ਰੋਜੈਕਟ ਦੀ ਜ਼ਮੀਨ ਦੀ ਸ਼ਨਾਖ਼ਤ ਸਬੰਧੀ ਰਸਮੀ ਕਾਰਵਾਈਆਂ ਪਹਿਲਾਂ ਹੀ ਪੂਰੀਆਂ ਕਰ ਲਈਆਂ ਗਈਆਂ ਹਨ।  ਉਨ੍ਹਾਂ ਕਿਹਾ ਕਿ ਇਹ ਕੇਂਦਰ ਹੋਰ ਕਿਸਾਨਾਂ ਨੂੰ ਕਣਕ-ਝੋਨੇ ਦੇ ਪਾਣੀ ਦੇ ਚੱਕਰ ਵਿੱਚੋਂ ਨਿਕਲਣ ਲਈ ਪ੍ਰੇਰਿਤ ਕਰਨ ਵਿੱਚ ਵੀ ਮਹੱਤਵਪੂਰਨ ਸਾਬਤ ਹੋਵੇਗਾ