ਡੀ ਸੀ ਅਤੇ ਐਸ ਐਸ ਪੀ, ਆਰ ਓ ਦਫਤਰਾਂ ਵਿੱਚ ਪ੍ਰਕਿਰਿਆ ਦਾ ਨਿਰੀਖਣ ਕਰਨ ਪੁੱਜੇ


ਨਾਮਜ਼ਦਗੀ ਪ੍ਰਕਿਰਿਆ ਦੌਰਾਨ ਰਹਿਣਗੇ ਆਰ ਓ ਦਫਤਰਾਂ ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ

 ਨਵਾਂਸ਼ਹਿਰ, 25 ਜਨਵਰੀ :- ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਸੀਨੀਅਰ ਪੁਲਿਸ ਕਪਤਾਨ (ਐਸ ਐਸ ਪੀ) ਕੰਵਰਦੀਪ ਕੌਰ ਨੇ ਮੰਗਲਵਾਰ ਨੂੰ ਨਵਾਂਸ਼ਹਿਰ ਅਤੇ ਬੰਗਾ ਦੇ ਐਸ ਡੀ ਐਮਜ਼ ਕਮ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਨਾਮਜ਼ਦਗੀ ਲਈ ਕੀਤੇ ਪ੍ਰਬੰਧਕਾਂ ਦਾ ਨਿਰੀਖਣ ਕੀਤਾ।

      ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਨਾਮਜ਼ਦਗੀ ਕਮਰਿਆਂ ਦੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਹੈਲਪ ਡੈਸਕ, ਨਾਮਜ਼ਦਗੀ ਕਮਰੇ, 100 ਮੀਟਰ ਤੱਕ ਦੇ ਘੇਰੇ ਦੀ ਹੱਦਬੰਦੀ, ਸੀ ਸੀ ਟੀ ਵੀ ਨਿਗਰਾਨੀ, ਪਬਲਿਕ ਐਡਰੈਸ ਸਿਸਟਮ, ਡਿਜੀਟਲ ਕਲਾਕ, ਆਜ਼ਾਦ ਉਮੀਦਵਾਰਾਂ ਲਈ ਚੋਣ ਕਮਿਸ਼ਨ ਵੱਲੋਂ ਅਧਿਸੂਚਿਤ ਨਿਸ਼ਾਨਾਂ ਦੀਆਂ ਸੂਚੀਆਂ ਅਤੇ ਹੋਰ ਸਹੂਲਤਾਂ ਦੀ ਸਮੀਖਿਆ ਕੀਤੀ। 

 ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਐਸ.ਡੀ.ਐਮਜ਼ ਡਾ: ਬਲਜਿੰਦਰ ਸਿੰਘ ਢਿੱਲੋਂ, ਨਵਨੀਤ ਕੌਰ ਬੱਲ ਅਤੇ ਚੋਣ ਅਮਲੇ ਦੇ ਹੋਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਉਮੀਦਵਾਰਾਂ ਵੱਲੋਂ ਕੀਤੀ ਜਾਣ ਵਾਲੀ ਨਾਮਜ਼ਦਗੀ ਪ੍ਰਕਿਰਿਆ ਲਈ ਚੋਣ ਕਮਿਸ਼ਨ ਦੇ ਆਦੇਸ਼ਾਂ ਮੁਤਾਬਕ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ।

 ਉਨ੍ਹਾਂ ਕਿਹਾ ਕਿ ਉਮੀਦਵਾਰ ਸਮੇਤ ਸਿਰਫ਼ ਤਿੰਨ ਵਿਅਕਤੀਆਂ ਨੂੰ ਹੀ ਆਰ.ਓ. ਦੇ ਕਮਰੇ ਵਿੱਚ ਦਾਖ਼ਲ ਹੋਣ ਦਿੱਤਾ ਜਾਵੇਗਾ ਜਿੱਥੇ ਉਨ੍ਹਾਂ ਵੱਲੋਂ 1 ਫਰਵਰੀ ਤੱਕ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੂੰ ਆਰ.ਓ. ਦੇ ਕਮਰੇ ਅੰਦਰ ਮੋਬਾਈਲ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 26 ਜਨਵਰੀ ਅਤੇ 30 ਜਨਵਰੀ ਨੂੰ ਛੁੱਟੀਆਂ ਹੋਣ ਕਾਰਨ ਨਾਮਜ਼ਦਗੀਆਂ ਨਹੀਂ ਲਈਆਂ ਜਾਣਗੀਆਂ।

 ਉਨ੍ਹਾਂ ਵਿਧਾਨ ਸਭਾ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਚੋਣਾਂ ਨੂੰ ਅਮਨ-ਅਮਾਨ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।